ਜ਼ਮਾਨਾ ਸਿੱਧਮ-ਸਿੱਧੀ ਲੜਾਈ ਦਾ ਨਾ ਹੋ ਕੇ, ਲਾਬਿੰਗ ਅਤੇ ਕੂਟਨੀਤੀ ਦਾ ਬਣ ਚੁੱਕਾ ਹੈ। ਅਸੀਂ ਕਿੰਨਾ ਚਿਰ ਹੋਰ ਬਾਹਰੀ ਤਾਕਤਾਂ ਸਿਰ ਦੋਸ਼ ਮੜ੍ਹ ਕੇ ਆਪ ਸੁਰਖ਼ਰੂ ਹੁੰਦੇ ਰਹਾਂਗੇ ਕਿ ਸਾਨੂੰ ਬਦਨਾਮ ਕਰ ਗਏ, ਸਾਨੂੰ ਵਰਤ ਗਏ, ਸਾਨੂੰ ਫ਼ਸਾ ਗਏ, ਸਾਨੂੰ ਮਾਰ ਗਏ? ਲੋੜ ਖ਼ੁਦ ਨੂੰ ਸਮੇਂ ਦੇ ਹਾਣ ਦੇ ਕਰਨ ਦੀ ਹੈ। ਹਰ ਵੇਲੇ ਲਾਬਿੰਗ ਨੂੰ ਹਥਿਆਰ ਬਣਾਓ ਅਤੇ ਸਮੇਂ ਸਮੇਂ ਕੂਟਨੀਤੀ ਵਰਤੋ।

ਦੁਸ਼ਮਣ ਨੇ ਤਾਂ ਆਪਣਾ ਹਰ ਹੀਲਾ ਵਰਤਣਾ ਤੁਹਾਨੂੰ ਬਦਨਾਮ ਕਰਨ, ਵਰਤਣ, ਫ਼ਸਾਉਣ ਅਤੇ ਮਾਰਨ ਦਾ, ਓਹਨੂੰ ਦੋਸ਼ ਨਹੀਂ ਦੇ ਸਕਦੇ ਪਰ ਤੁਸੀਂ ਇਨ੍ਹਾਂ ਵਾਰਾਂ ਨੂੰ ਕਿੱਦਾਂ ਝੱਲਣਾ ਅਤੇ ਜਵਾਬੀ ਵਾਰ ਕਿੱਦਾਂ ਕਰਨਾ, ਧਿਆਨ ਇਸ ਪਾਸੇ ਵੱਲ ਦੇਣ ਦੀ ਲੋੜ ਹੈ। ਦੁਸ਼ਮਣ ਹੁਣ ਲੁੱਕਿਆ ਛਿਪਿਆ ਨਹੀਂ ਰਿਹਾ, ਸਾਹਮਣੇ ਹੈ, ਓਹਨੂੰ ਪਛਾਣ ਤਾਂ ਚੁੱਕੇ ਹੋ, ਹੁਣ ਟਾਕਰਾ ਕਰਨ ਦਾ ਹੀਲਾ ਕਰੋ। ਦੁਸ਼ਮਣ ਤੋਂ ਰਹਿਮ ਦੀ ਆਸ ਨਾ ਰੱਖੋ।
ਮਿਸਲਾਂ ਸਮੇਂ ਵੀ ਸਿੱਖ ਆਪਸ ‘ਚ ਲੜਦੇ ਰਹਿੰਦੇ ਸਨ ਪਰ ਜਦ ਕੋਈ ਬਾਹਰੀ ਹਮਲਾ ਕਰਦਾ, ਸਾਰੇ ਇੱਕਠੇ ਹੋ ਜਾਂਦੇ ਸਨ। ਇੱਕ ਵਿਸ਼ਵਾਸ ਸੀ ਇੱਕ ਦੂਜੇ ‘ਤੇ, ਜੋ ਹੁਣ ਸਾਡੇ ‘ਚ ਹੈ ਨਹੀਂ।

ਜਿਹੜਾ ਵੀ ਆਪੋ ਆਪਣੇ ਤਰੀਕੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਕਰਦਾ, ਉਹਨੂੰ ਕਰੀ ਜਾਣ ਦਿਓ। ਜੇ ਓਹਦੇ ਨਾਲ ਨੀ ਤੁਰ ਸਕਦੇ, ਉਹਦਾ ਵਿਰੋਧ ਨਾ ਕਰੋ।
ਕੋਈ ਕਨੂੰਨੀ ਲੜਾਈ ਲੜ ਰਿਹਾ, ਕੋਈ ਖ਼ਾਲਸਈ ਰਵਾਇਤਾਂ ਮੁਤਾਬਕ ਚੱਲ ਰਿਹਾ, ਕੋਈ ਲਿਖ ਰਿਹਾ, ਕੋਈ ਬੋਲ ਰਿਹਾ, ਕੋਈ ਸਿਆਸਤ ਕਰਕੇ ਵਿੱਚ ਵੜ ਰਿਹਾ, ਕੋਈ ਵਲੰਟੀਅਰ ਕੰਮ ਕਰਕੇ ਅਕਸ ਬਣਾ ਰਿਹਾ, ਓਹਨੂੰ ਆਪਣਾ ਕਾਰਜ ਕਰੀ ਜਾਣ ਦਿਓ। ਓਹਦਾ ਵਿਰੋਧ ਨਾ ਕਰੋ, ਜੋ ਤੁਸੀਂ ਕਰ ਸਕਦੇ ਹੋ, ਉਹ ਤੁਸੀਂ ਕਰੀ ਜਾਓ।
ਮੁਕਾਬਲਾ ਇਹ ਹੋਵੇ ਕਿ ਤੂੰ ਆਹ ਚੰਗਾ ਕੀਤਾ ਤੇ ਮੈਂ ਆਹ ਚੰਗਾ ਕਰ ਰਿਹਾਂ। ਨਾ ਕਿ ਤੂੰ ਕੀ ਕਰਦਾਂ, ਤੂੰ ਕੀ ਕੀਤਾ! ਅਸੀਂ ਬਹੁਤ ਥੋੜ੍ਹੇ ਹਾਂ, ਆਪਸ ‘ਚ ਵੰਡ ਹੋ ਕੇ ਹੋਰ ਥੋੜ੍ਹੇ ਨਾ ਹੋ ਜਾਇਆ ਕਰੋ।

ਇਹ ਦੇਖਿਆ ਕਰੋ ਕਿ ਕੌਣ ਕਿੱਥੇ ਬੈਠਾ ਹੈ। ਪੰਜਾਬ ਜਾਂ ਭਾਰਤ ਬੈਠੇ ਤੋਂ ਇਹ ਆਸ ਨਾ ਰੱਖਿਆ ਕਰੋ ਕਿ ਉਹ ਬਾਹਰ ਬੈਠਿਆਂ ਜਿੰਨਾ ਖੁੱਲ੍ਹ ਕੇ ਬੋਲੇ। ਉਹਨੂੰ ਆਪਣਾ ਪਤਾ ਕਿ ਉਹ ਕਿੰਨਾ ਕੁ ਖੁੱਲ੍ਹ ਕੇ ਬੋਲ ਸਕਦਾ। ਜੋ ਤਲਵਾਰ ਓਹਦੇ ਸਿਰ ਲਟਕਦੀ ਹੈ, ਓਹ ਬਾਹਰਲਿਆਂ ਸਿਰ ਨਹੀਂ ਲਟਕਦੀ। ਓਹਨੇ ਓਥੇ ਆਪਣੇ ਬੱਚੇ ਪਾਲਣੇ ਹਨ, ਜੋ ਕਾਰੋਬਾਰ ਖੜਾ ਕੀਤਾ, ਉਹ ਦੇਖਣਾ/ਸਾਂਭਣਾ ਹੈ ਤੇ ਆਲੇ ਦੁਆਲੇ ਮੁਤਾਬਕ ਹੀ ਚੱਲ ਸਕਦਾ। ਉਹਦੇ ਤੋਂ ਬਹੁਤੀ ਆਸ ਨਾ ਰੱਖੋ। ਹਾਂ ਏਨਾ ਹੈ ਕਿ ਉਹ ਵੀ ਵਿਰੋਧ ਨਾ ਕਰੇ, ਜੇ ਕੋਈ ਕੁਝ ਕਰ ਰਿਹਾ, ਓਹਦਾ ਸਮਰਥਨ ਨੀ ਕਰ ਸਕਦਾ ਤਾਂ ਵਿਰੋਧ ਵੀ ਨਾ ਕਰੇ।
ਕੌਮੀ ਸੰਘਰਸ਼ਾਂ ਦੇ ਸਮਰਥਕ ਕਈ ਤਰਾਂ ਦੇ ਹੁੰਦੇ ਹਨ।

1. ਸਿੱਧਾ ਲੜਨ ਵਾਲੇ 2. ਲੜਦਿਆਂ ਦੀ ਮਾਇਕ ਅਤੇ ਕਾਨੂੰਨੀ ਮੱਦਦ ਕਰਨ ਵਾਲੇ 3. ਲੜਦਿਆਂ ਦੀ ਸ਼ਲਾਘਾ ਕਰਨ ਵਾਲੇ
4. ਲੜਦਿਆਂ ਦੀ ਲੜਾਈ ਬਾਰੇ ਉਸਾਰੂ ਲਿਖਣ/ਬੋਲਣ ਵਾਲੇ 5. ਤੇ ਲੜਦਿਆਂ ਦਾ ਵਿਰੋਧ ਨਾ ਕਰਕੇ ਚੁੱਪ ਰਹਿ ਕੇ ਸਹਿਮਤੀ ਦੇਣ ਵਾਲੇ

ਇਨ੍ਹਾਂ ‘ਚੋਂ ਤੁਸੀਂ ਕੁਝ ਵੀ ਬਣ ਸਕਦੇ ਹੋ..ਜ਼ਰੂਰੀ ਨਹੀਂ ਕਿ ਇਹ ਲੜਾਈ ਸਿੱਧਮ-ਸਿੱਧੀ ਹੋਵੇ। ਲੜਾਈ ਰਾਜਸੀ, ਲਾਬਿੰਗ ਦੀ ਅਤੇ ਕੂਟਨੀਤੀ ਦੀ ਵੀ ਹੋ ਸਕਦੀ ਹੈ।
ਧੱਕੋ ਨਾ, ਖਿੱਚੋ। ਜੋ ਦੂਰ ਜਾ ਰਿਹਾ, ਉਹਨੂੰ ਖਿੱਚੋ, ਜੋ ਲਾਗੇ ਹੈ, ਓਹਨੂੰ ਧੱਕੋ ਨਾ।
– ਗੁਰਪ੍ਰੀਤ ਸਿੰਘ ਸਹੋਤਾ