ਨਵੀਂ ਦਿੱਲੀ, 6 ਫ਼ਰਵਰੀ, 2022:ਐਨਫ਼ੋਰਸਮੈਂਟ ਡਾਇਰਟੋਰੇਟ ਦੀ ਛਾਪੇਮਾਰੀ ਤੋਂ ਬਾਅਦ ਬੀਤੇ ਦਿਨੀਂ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਨੇ ਮੰਨਿਆ ਹੈ ਕਿ ਉਸ ਦੇ ਵੱਖ-ਵੱਖ ਟਿਕਾਣਿਆਂ ਤੋਂ ਬਰਾਮਦ ਕੀਤੀ ਗਈ 10 ਕਰੋੜ ਰੁਪਏ ਦੀ ਰਕਮ ਉਸ ਦੀ ਹੈ।

ਇਹ ਦਾਅਵਾ ਇਕ ਖ਼ਬਰ ਏਜੰਸੀ ਨੂੰ ਪ੍ਰਾਪਤ ਹੋਏ ਈ.ਡੀ. ਦੇ ਇਕ ਦਸਤਾਵੇਜ਼ ਦੇ ਆਧਾਰ ’ਤੇ ਕੀਤਾ ਗਿਆ ਹੈ।

ਇਸ ਦਸਤਾਵੇਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਨੀ ਨੇ ਇਹ ਮੰਨਿਆ ਹੈ ਕਿ ਇਸ ਰਕਮ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੋਂ ਹੋਈ ਆਮਦਨ ਅਤੇ ਅਧਿਕਾਰੀਆਂ ਦੀਆਂ ਟਰਾਂਸਫ਼ਰਾਂ ਲਈ ਲਈਆਂ ਗਈਆਂ ਰਕਮਾਂ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਈ.ਡੀ.ਨੇ ਬੀਤੇ ਦਿਨੀਂ ਹਨੀ ਨੂੰ ਆਪਣੇ ਜਲੰਧਰ ਦਫ਼ਤਰ ਵਿਖ਼ੇ ਲਗਪਗ 7-8 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 8 ਫ਼ਰਵਰੀ ਤਕ ਦੇ ਪੁਲਿਸ ਰਿਮਾਂਡ ’ਤੇ ਹੈ।

ਜ਼ਿਕਰਯਗ ਹੈ ਕਿ ਮੁੱਖ ਮੰਤਰੀ ਸ: ਚੰਨੀ ਨੇ ਹਨੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਕਿਹਾ ਸੀ ਕਿ ‘ਕਾਨੂੰਨ ਆਪਣਾ ਕੰਮ ਕਰੇ ਮੈਨੂੰ ਕੋਈ ਇਤਰਾਜ਼ ਨਹੀਂ ਹੈ’ ਪਰ ਕਾਂਗਰਸ ਪਾਰਟੀ ਦੇ ਕਈ ਆਗੂ ਪਹਿਲਾਂ ਛਾਪੇਮਾਰੀ ਦੀ ਟਾਈਮਿੰਗ ਅਤੇ ਹੁਣ ਗ੍ਰਿਫ਼ਤਾਰੀ ਦੀ ਟਾਈਮਿੰਗ ’ਤੇ ਸਵਾਲ ਉਠਾਉਂਦੇ ਆ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਈ.ਡੀ. ਦੀ ਵਰਤੋਂ ਕਰਕੇ ਕੇਂਦਰ ਸਰਕਾਰ ਅਤੇ ਭਾਜਪਾ ਕਾਂਗਰਸ ਨੂੰ ਚੋਣਾਂ ਦੌਰਾਨ ਸੱਟ ਮਾਰਣ ਦੇ ਆਹਰ ਵਿੱਚ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਐਤਵਾਰ ਨੂੰ ਸ੍ਰੀ ਰਾਹੁਲ ਗਾਂਧੀ ਵੱਲੋਂ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ 24 ਘੰਟੇ ਤੋਂ ਘੱਟ ਸਮਾਂ ਪਹਿਲਾਂ ਹੀ ਇਹ ਸਾਰਾ ਵੇਰਵਾ ਸਾਹਮਣੇ ਆਇਆ ਹੈ

ਇਸ ਦਸਤਾਵੇਜ਼ ਵਿੱਚ ਇਹ ਗੱਲ ਪਹਿਲੀ ਵਾਰ ਆ ਰਹੀ ਹੈ ਕਿ ਹਨੀ ਦੇ ਲੁਧਿਆਣਾ ਸਥਿਤ ਘਰ ਤੋਂ 4.09 ਕਰੋੜ ਰੁਪਏ, ਉਸਦੇ ਹੋਮਲੈਂਡ ਹਾਈਟਸ, ਮੋਹਾਲੀ ਸਥਿਤ ਘਰ ਤੋਂ 3.89 ਕਰੋੜ ਰੁਪਏ ਅਤੇ ਉਸਦੇ ਸਾਥੀ ਸੰਦੀਪ ਕੁਮਾਰ ਤੋਂ ਬਰਾਮਦ ਕੀਤੇ 1.99 ਕਰੋੜ ਰੁਪਏ ਦਰਅਸਲ ਉਸਦੇ ਹਨ।

ਏਜੰਸੀ ਨੇ ਸੂਤਰਾਂ ਦੇ ਆਧਾਰ ’ਤੇ ਕਿਹਾ ਹੈ ਕਿ ਹਨੀ ਮੁੱਖ ਮੰਤਰੀ ਦਾ ਨਜ਼ਦੀਕੀ ਰਿਸ਼ਤੇਦਾਰ ਹੋਣ ਦਾ ਲਾਭ ਲੈ ਕੇ ਇਸ ਤਰ੍ਹਾਂ ਪੈਸੇ ਕਮਾ ਰਿਹਾ ਸੀ।

ਜ਼ਿਕਰਯੋਗ ਹੈ ਕਿ ਹਨੀ, ਜੋ ਇਸ ਵੇਲੇ ਈ.ਡੀ.ਦੀ ਹਿਰਾਸਤ ਵਿੱਚ ਹੈ, ਦੇ ਪਰਿਵਾਰ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਉਸਨੂੂੰ ਇਕ ਘੰਟਾ ਰੋਜ਼ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ।

ਯਾਦ ਰਹੇ ਕਿ 18 ਜਨਵਰੀ ਨੂੰ ਈ.ਡੀ.ਨੇ ਪੰਜਾਬ ਵਿੱਚ 10 ਥਾਂਵਾਂ ’ਤੇ ਛਾਪੇਮਾਰੀ ਕੀਤੀ ਸੀ ਜਿਹੜੀ ਦੋ ਦਿਨ ਚੱਲੀ ਸੀ। ਇਸ ਦੌਰਾਨ ਈ.ਡੀ.ਨੇ ਦਾਅਵਾ ਕੀਤਾ ਸੀ ਕਿ 10 ਕਰੋੜ ਰੁਪਏ ਦੀ ਨਕਦੀ, 21 ਲੱਖ ਦਾ ਸੋਨਾ, 12 ਲੱਖ ਰੁਪਏ ਦੀ ਇਕ ਘੜੀ ਅਤੇ 56 ਲੱਖ ਰੁਪਏ ਦੇ ਲੈਣ ਦੇਣ ਸੰਬੰਧੀ ਸਬੂਤ ਮਿਲੇ ਹਨ।


ਈ.ਡੀ. ਵੱਲੋਂ ਇਹ ਕਾਰਵਾਈ 7 ਮਾਰਚ, 2018 ਨੂੰ ਦਰਜ ਕੀਤੀ ਗਈ ਇਕ ਐਫ.ਆਈ.ਆਰ. ਦੇ ਆਧਾਰ ’ਤੇ ਕੀਤੀ ਗਈ ਸੀ ਹਾਲਾਂਕਿ ਇਸ ਵਿੱਚ ਭੁਪਿੰਦਰ ਸਿੰਘ ਹਨੀ ਦਾ ਨਾਂਅ ਸ਼ਾਮਲ ਨਹੀਂ ਸੀ। ਇਸ ਵਿੱਚ ਕੁਦਰਤਦੀਪ ਸਿੰਘ ਦਾ ਨਾਂਅ ਸ਼ਾਮਲ ਸੀ ਪਰ ਉਸਨੂੰ ਵੀ ਪੁਲਿਸ ਵੱਲੋਂ ਕਲੀਨ ਚਿੱਟ ਮਿਲ ਚੁੱਕੀ ਸੀ।

ਕਾਂਗਰਸ ਦਾ ਕਹਿਣਾ ਹੈ ਕਿ ਈ.ਡੀ.ਨੇ ਸ:ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ 2018 ਵਾਲੀ ਉਕਤ ਐਫ.ਆਈ.ਆਰ. ਦੇ ਮਾਮਲੇ ਨੂੰ ਹੀ ਅੱਗੇ ਤੋਰਦਿਆਂ ਨਵੰਬਰ, 2021 ਵਿੱਚ ਦਰਜ ਕੀਤੇ ਨਵੇਂ ਮਾਮਲੇ ਤਹਿਤ ਇਹ ਕਾਰਵਾਈ ਕੀਤੀ ਹੈ।