ਕੋਟਕਪੂਰਾ 9 ਫਰਵਰੀ 2022 – ਵਿਧਾਨ ਸਭਾ ਚੋਣਾਂ 2022 ਨੇੜੇ ਆਉਣ ਦੇ ਨਾਲ-ਨਾਲ ਸਿਆਸੀ ਪਾਰਟੀਆਂ ਵਿੱਚ ਕੰਮ ਕਰਨ ਵਾਲੇ ਕਈ ਲੀਡਰ ਸਿਆਸੀ ਨਾਰਾਜ਼ਗੀਆਂ ਕਾਰਨ ਪਾਰਟੀਆਂ ਨੂੰ ਬਦਲਦੇ ਨਜ਼ਰ ਆ ਰਹੇ ਹਨ। ਅੱਜ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹਾਈ ਵੋਲਟੇਜ ਦਾ ਝੱਟਕਾ ਲੱਗਿਆ ਜਦੋਂ ਪਿੰਡ ਸੰਧਵਾਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦੇ ਬੇਹੱਦ ਕਰੀਬੀ ਰਿਸ਼ਤੇਦਾਰ ਅਤੇ ਸਪੋਰਟਰ ਜਗਪਾਲ ਸਿੰਘ ਖੀਵਾ ਨੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਕੋਟਕਪੂਰਾ ਤੋਂ ਸ਼੍ਰੋਮਣੀ ਅਕਾਲੀ ਦਲ – ਬਸਪਾ ਦੇ ਉਮੀਦਵਾਰ ਮਨਤਾਰ ਸਿੰਘ ਬਰਾੜ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਉਨ੍ਹਾਂ ਨੇ ਅਪਣੇ ਘਰ ਉਪਰ ਲੱਗਿਆ ਆਪ ਦਾ ਝੰਡਾ ਉਤਾਰ ਕੇ ਸੁੱਟ ਦਿੱਤਾ ਅਤੇ ਅਕਾਲੀ ਦਲ ਦੇ ਝੰਡੇ ਲਗਾ ਲਏ। ਜਿਸਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਜਾਰੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹਨ, ਪਰ ਆਪ ਵਲੋਂ ਸਿਆਸੀ ਗਤੀਵਿਧੀਆਂ ਦੌਰਾਨ ਉਨ੍ਹਾਂ ਨੂੰ ਅਣਗੌਲਿਆਂ ਗਿਆ ਜਿਸ ਕਾਰਨ ਉਹ ਅਕਾਲੀ ਦਲ ਅਤੇ ਬਸਪਾ ਗਠਜੋੜ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਮਨਤਾਰ ਬਰਾੜ ਦੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਸਮੇਤ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਦੀ ਸਮੁੱਚੀ ਟੀਮ ਵਲੋਂ ਜੀ ਆਇਆਂ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਹਰ ਰੋਜ ਹੀ ਲੋਕ ਵੱਖ ਵੱਖ ਪਾਰਟੀਆਂ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਕੋਟਕਪੂਰਾ ਸ਼ਹਿਰ ਅਤੇ ਪਿੰਡ-ਪਿੰਡ ਵਿੱਚ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ – ਬਸਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।