ਸਪੈਸ਼ਲ ਟਾਸਕ ਫੋਰਸ ਵਲੋਂ ਮਸ਼ਹੂਰ ਕਬੱਡੀ ਖਿਡਾਰੀ ਅਤੇ ਬਰਤਾਨਵੀ ਨਾਗਰਿਕ ਰਣਜੀਤ ਸਿੰਘ ਉਰਫ ਜੀਤਾ ਮੌੜ (ਕਾਲਾ ਸੰਘਿਆਂ), ਸਾਬਕਾ ਡੀਐਸਪੀ ਵਿਮਲ ਕਾਂਤ ਅਤੇ ਜਲੰਧਰ ਵਿਖੇ ਤਾਇਨਾਤ ਪੁਲਿਸ ਅਧਿਕਾਰੀ ਮੁਨੀਸ਼ ਕੁਮਾਰ ਨੂੰ ਡਰੱਗ ਤਸਕਰੀ ਦੇ ਮਾਮਲੇ ‘ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜੀਤੇ ਮੌੜ ਨੂੰ ਕਰਨਾਲ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੋਸ਼ ਲਾਏ ਗਏ ਹਨ ਕਿ ਇਹ ਡਰੱਗ ਤਸਕਰੀ ਦਾ ਪੈਸਾ ਰੀਅਲ ਅਸਟੇਟ ‘ਚ ਨਿਵੇਸ਼ ਕਰਦੇ ਸਨ ਅਤੇ ਜੀਤਾ ਮੌੜ ਪੁਲਿਸ ਸੁਰੱਖਿਆ ਅਧੀਨ ਹੁੰਦਿਆਂ ਹੋਇਆਂ ਇਹ ਧੰਦਾ ਕਰਦਾ ਸੀ। ਫੋਰਸ ਵਲੋਂ ਜੀਤੇ ਮੌੜ ਦੇ ਆਲੀਸ਼ਾਨ ਘਰ ‘ਤੇ ਮਾਰੇ ਗਏ ਛਾਪੇ ਦੌਰਾਨ ਕੁਝ ਵਿਦੇਸ਼ੀ ਗੱਡੀਆਂ, ਇੱਕ ਹਥਿਆਰ, ਕੁਝ ਨਸ਼ੀਲੇ ਪਦਾਰਥ ਅਤੇ ਨਕਦੀ ਫੜਨ ਦਾ ਦਾਅਵਾ ਵੀ ਕੀਤਾ ਗਿਆ ਹੈ।
ਸਪੈਸ਼ਲ ਟਾਸਕ ਫੋਰਸ ਵਲੋਂ ਇਸ ਮਾਮਲੇ ਦੇ ਤਾਰ ਅਮਰੀਕਾ ਨਿਵਾਸੀ ਗੁਰਜੰਟ ਸਿੰਘ ਅਤੇ ਕੈਨੇਡਾ ਵਾਸੀ ਸਾਬਕਾ ਕਬੱਡੀ ਖਿਡਾਰੀ ਦਵਿੰਦਰ ਸਿੰਘ ਜਵਾਹਰਾ ਨਾਲ ਵੀ ਜੋੜੇ ਗਏ ਹਨ। ਇਸ ਮਾਮਲੇ ‘ਚ ਜੀਤੇ ਮੌੜ ਦੀ ਪਤਨੀ ਰਜਿੰਦਰ ਕੌਰ ਭੁਪਿੰਦਰ ਸਿੰਘ, ਸਿਮਰਨਜੀਤ ਸਿੰਘ, ਰਣਦੀਪ ਸਿੰਘ, ਦਿਨੇਸ਼, ਥਾਣੇਦਾਰ ਜਗਦੀਸ਼ ਸਿੰਘ ਦੇ ਨਾਮ ਵੀ ਹਨ। ਧਾਰਾ 25, 27, 27A NDPS ਐਕਟ ਅਧੀਨ ਮੁਹਾਲੀ ‘ਚ ਇਹ ਕੇਸ ਦਰਜ ਕੀਤੇ ਗਏ ਹਨ।

ਇਸ ਸਬੰਧੀ ਜਦੋਂ ਵੈਨਕੂਵਰ ਵਾਸੀ ਦਵਿੰਦਰ ਸਿੰਘ ਜਵਾਹਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਉਹ ਅਤੇ ਜੀਤਾ ਇੱਕ ਦੂਜੇ ਨੂੰ ਜਾਣਦੇ ਹਨ, ਪੇਂਡੂ ਹਨ, ਪਰ ਉਸਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ। ਉਸਨੇ ਕਿਹਾ ਕਿ ਉਹ ਬੀਤੇ ‘ਚ ਗਲਤ ਕੰਮ ਕਰਦਾ ਰਿਹਾ, ਜਿਸਦੀ ਉਸਨੇ ਸਜ਼ਾ ਵੀ ਭੁਗਤੀ ਹੈ ਪਰ ਹੁਣ ਉਹ ਮਿਹਨਤ-ਮੁਸ਼ੱਕਤ ਕਰਕੇ ਆਪਣਾ ਪਰਿਵਾਰ ਪਾਲ਼ ਰਿਹਾ ਹੈ, ਉਸਨੂੰ ਇਸ ਮਾਮਲੇ ‘ਚ ਬੇਵਜ੍ਹਾ ਫਸਾਇਆ ਜਾ ਰਿਹਾ ਹੈ। ਉਸਨੇ ਬੇਨਤੀ ਕੀਤੀ ਹੈ ਕਿ ਸਹੀ ਰਾਹ ਪਏ ਬੰਦੇ ਨੂੰ ਮੀਡੀਆ ਬਦਨਾਮ ਨਾ ਕਰੇ।
ਕੀ ਇਸ ਕਾਰਵਾਈ ਨਾਲ ਪੰਜਾਬ ਚੋਣਾਂ ਦਾ ਵੀ ਕੋਈ ਸਬੰਧ ਹੈ? ਚਰਚਾ ਹੈ ਕਿ ਇਸ ਮਾਮਲੇ ਨਾਲ ਜੋੜ ਕੇ ਇਸ ਇਲਾਕੇ ਦੇ ਇੱਕ ਬਹੁਤ ਹੀ ਰਈਸ ਅਤੇ ਰਸੂਖਦਾਰ ਕਾਂਗਰਸੀ ਸਿਆਸਤਦਾਨ ਨੂੰ ਵੀ ਘੇਰਿਆ ਜਾ ਸਕਦਾ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

ਪੰਜਾਬ ਪੁਲਸ ਐੱਸ.ਟੀ.ਐੱਫ. ਵਿੰਗ ਨੇ ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਐੱਸ.ਟੀ.ਐੱਫ. ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਣਜੀਤ ਉਰਫ਼ ਜੀਤਾ ਮੌੜ ਨੂੰ ਗ੍ਰਿਫਤਾਰ ਕੀਤਾ ਹੈ। ਰਣਜੀਤ ਸਿੰਘ ਦੇ ਨਾਲ ਇਸ ਧੰਦੇ ‘ਚ ਜਲੰਧਰ ‘ਚ ਕਾਫੀ ਸਮੇਂ ਤੱਕ ਤਾਇਨਾਤ ਰਹੇ, ਪੰਜਾਬ ਪੁਲਸ ਦੇ ਰਿਟਾਇਰਡ ਡੀ.ਐੱਸ.ਪੀ. ਵਿਮਲਕਾਂਤ ਤੇ ਮਨੀਸ਼ ਨਾਂ ਦੇ ਥਾਣੇਦਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਜੀਤਾ ਮੌੜ ਨੂੰ ਕਰਨਾਲ ਤੋਂ ਕਾਬੂ ਕੀਤਾ ਗਿਆ ਹੈ। ਫਿਲਹਾਲ ਇਸ ਮਾਮਲੇ ‘ਚ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਜਾ ਰਿਹਾ ਹੈ। ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਐੱਸ.ਟੀ.ਐੱਫ.ਵੱਲੋਂ ਹਾਈ ਪ੍ਰੋਫਾਈਲ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਹਿਲੀ ਵਾਰ ਹੈ ਜਦੋਂ ਪੁਲਸ ਅਤੇ ਡਰੱਗ ਤਸਕਰਾਂ ‘ਚ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਲੋਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰਿਅਲ ਸਟੇਟ ਅਤੇ ਜ਼ਮੀਨ ਦੀ ਖਰੀਦੋ-ਫਰੋਖਤ ‘ਚ ਨਿਵੇਸ਼ ਕਰਦੇ ਰਹੇ ਹਨ।

ਰਣਜੀਤ ਉਰਫ਼ ਜੀਤਾ ਪੰਜਾਬ ਦੇ ਕਪੂਰਥਲਾ ਜ਼ਿਲ੍ਹਾ ‘ਚ ਆਲੀਸ਼ਾਨ ਬੰਗਲੇ ‘ਚ ਰਹਿੰਦਾ ਹੈ ਅਤੇ ਉਸ ਦੇ ਕੋਲ ਆਡੀ, ਬੀ.ਐੱਮ.ਡਬਲਯੂ. ਵਰਗੀਆਂ ਮਹਿੰਗੀਆਂ ਗੱਡੀਆਂ ਵੀ ਹਨ। ਪੁਲਸ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਜੀਤਾ ਮੌੜ ਪੁਲਸ ਸੁਰੱਖਿਆ ਦੇ ਦਰਮਿਆਨ ਡਰੱਗ ਸਪਲਾਈ ਕਰਦਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੀ ਸੁਰੱਖਿਆ ‘ਚ ਲਾਏ ਗਏ ਥਾਣੇਦਾਰ ਉਸ ਦੀ ਡਰੱਗ ਡੀਲ ਪੈਸਿਆਂ ਦਾ ਹਿਸਾਬ ਰੱਖਦੇ ਸਨ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਰਣਜੀਤ ਜੀਤਾ ਦੀ ਕੋਠੀ ‘ਚੋਂ ਮਿਲੀਆਂ ਆਲੀਸ਼ਾਨ ਗੱਡੀਆਂ ਐੱਸ.ਟੀ.ਐੱਫ. ਨੇ ਜ਼ਬਤ ਕਰ ਲਈਆਂ ਹਨ। ਰਣਜੀਤ ਦੇ ਘਰੋਂ ਇਕ ਹਥਿਆਰ, ਨਸ਼ੀਲਾ ਪਦਾਰਥ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਸੂਤਰਾਂ ਮੁਤਾਬਕ ਰਣਜੀਤ ਦੇ ਸੰਪਰਕ ‘ਚ ਅਮਰੀਕਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਅਤੇ ਕੈਨੇਡਾ ਦਾ ਕਬੱਡੀ ਖਿਡਾਰੀ ਦਵਿੰਦਰ ਸਿੰਘ ਵੀ ਹਨ।

ਪੰਜਾਬ ਐੱਸ.ਟੀ.ਐੱਫ. ਨੇ ਜੀਤਾ ਮੌੜ ਵਿਰੁੱਧ ਬੁੱਧਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ। ਸੂਤਰਾਂ ਮੁਤਾਬਕ ਜੀਤਾ ਮੌੜ ਵਿਦੇਸ਼ ਭੱਜਣ ਦੀ ਤਿਆਰੀ ‘ਚ ਸਨ ਜਿਥੇ ਐੱਸ.ਟੀ.ਐੱਫ. ਨੇ ਉਸ ਨੂੰ ਕਾਬੂ ਕਰ ਲਿਆ। ਸੂਤਰਾਂ ਮੁਤਾਬਕ ਥਾਣੇਦਾਰ ਮਨੀਸ਼ ਕੋਲੋਂ ਪੁਲਸ ਨੂੰ 3 ਲੱਖ ਰੁਪਏ ਅਤੇ ਲੈਪਟਾਪ ਬਰਾਮਦ ਹੋਇਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਹੁਣ ਤੱਕ 12 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਡੀ.ਐੱਸ.ਪੀ. ਵਿਮਲਕਾਂਤ ਨੇ ਡਿਊਟੀ ਦੌਰਾਨ ਨਸ਼ੇ (ਡਰੱਗ) ਵਿਰੁੱਧ ਇਕ ਮੁਹਿੰਮ ਵੀ ਸ਼ੁਰੂ ਕੀਤੀ ਸੀ ਜਿਸ ਦੇ ਚੱਲਦੇ ਡੀ.ਐੱਸ.ਪੀ. ਨੂੰ ਡਰੱਗ ਕੰਟਰੋਲ ਲਈ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ ਪਰ ਅਜੇ ਡੀ.ਐੱਸ.ਪੀ. ਹੀ ਅੰਤਰਰਾਸ਼ਟਰੀ ਨਸ਼ਾ ਤਸਕਰੀ ‘ਚ ਫੜਿਆ ਗਿਆ ਹੈ।