ਭਾਰਤੀ ਜਨਤਾ ਪਾਰਟੀ ਦੀਆਂ ਗਠਜੋੜ ਵਲੋਂ ਅੱਜ ਪਟਿਆਲਾ ਵਿਖੇ ਚੋਣ ਪ੍ਰਚਾਰ ਨੂੰ ਹੁੰਗਾਰਾ ਦੇਣ ਲਈ ਵੱਡੀ ਲੀਡਰਸ਼ਿਪ ਪਹੁੰਚੀ।

ਇਸ ਮੌਕੇ ਭਾਜਪਾ ਗਠਜੋੜ ਦੇ ਹਿੱਸੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਨਿਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੈਨੂੰ ਪਟਿਆਲਾ ਸ਼ਹਿਰ ‘ਤੇ ਮਾਣ ਹੈ। ਇਥੋਂ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਮੇਸ਼ਾ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਜਿਤਾਇਆ ਹੈ ਤੇ ਹੁਣ ਵੀ ਜਿਤਾਉਣਗੇ।

ਢੀਂਡਸਾ ਨੇ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਸ਼ਾਹ ਵਲੋਂ ਬਹੁਤ ਮਾਣ ਸਤਿਕਾਰ ਦਿੱਤਾ ਗਿਆ ਸੀ। ਉਨ੍ਹਾਂ ਨਾਲ ਪੰਜਾਬ ਦੇ ਕਈ ਗੰਭੀਰ ਮਸਲਿਆਂ ਅਤੇ ਸਿੱਖਾਂ ਦੇ ਮਸਲਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਭਾਜਪਾ ਗਠਜੋੜ ਨੇ ਆਪਣੇ ਮੈਨੀਫੈਸਟੋ ਵਿੱਚ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਵੀ ਸ਼ਾਮਲ ਕੀਤੀਆਂ ਹਨ।

ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਮਾੜੇ ਹਨ, ਸੂਬੇ ਦੀ ਮਾਲੀ ਹਾਲਤ ਮਾੜੀ ਹੈ। ਪੰਜਾਬ ਦੇ ਸਿਰ ‘ਤੇ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ ਅਤੇ ਖੇਤੀਬਾੜੀ ਖੇਤਰ ‘ਚ ਵੀ ਸੁਧਾਰਾਂ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਹਾਲਾਂਕਿ ਕਿਸਾਨਾਂ ਦੀ ਮੰਗਾਂ ‘ਤੇ ਕੇਂਦਰ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਪਰ ਸਾਨੂੰ ਯਕੀਨ ਹੈ ਕਿ ਭਾਜਪਾ ਵਲੋਂ ਕਿਸਾਨ ਪੱਖੀ ਯੋਜਨਾਵਾਂ ਦਿੱਤੀਆਂ ਜਾਣਗੀਆਂ।

ਪੰਜਾਬ ‘ਚ ਸਿੱਖਿਆ ਤੇ ਸਿਹਤ ਸੁਵਿਧਾਵਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣਿਆ ਇਹ ਗਠਜੋੜ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕਰੇਗਾ। ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮੈਂ ਅਮਿਤ ਸ਼ਾਹ ਦਾ ਧਨਵਾਦ ਕਰਦਾ ਹਾਂ।