ਜਲੰਧਰ, 14 ਫ਼ਰਵਰੀ, 2022:ਜਲੰਧਰ ਵਿੱਚ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਗਠਜੋੜ ਦੀ ਰੈਲੀ ਨੂੰ ਸੰਬੋਧਨ ਕਰਨ ਪੁੱਜੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਪੁਰਾਣੇ ਮਿੱਤਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ’ਤੇ ਪਹਿਲੀ ਵਾਰ ਵੱਡਾ ਹਮਲਾ ਬੋਲਿਆ।

ਸ੍ਰੀ ਮੋਦੀ ਨੇ ਕਿਹਾ ਕਿ ‘ਅਸੀਂ ਜਦ ਅਕਾਲੀ ਦਲ ਦੇ ਨਾਲ ਸੀ ਤਾਂ ਉਹਨਾਂ ਨੂੰ ਵੱਡਾ ਭਰਾ ਮੰਨ ਕੇ ਹਮੇਸ਼ਾ ਅਸੀਂ ਛੋਟੀ ਭੂਮਿਕਾ ਨੂੰ ਸਵੀਕਾਰ ਕੀਤਾ। ਦਿਲ ਵਿੱਚ ਇਹੀ ਸੀ ਕਿ ਜਿਸ ਗੱਲ ਵਿੱਚ ਪੰਜਾਬ ਦਾ ਭਲਾ ਹੋਵੇਗਾ, ਉਹੀ ਕਰਾਂਗੇ।’

ਸ੍ਰੀ ਮੋਦੀ ਨੇ ਯਾਦ ਦਿਵਾਇਆ ਕਿ ਇਕ ਸਮਾਂ ਐਸੀ ਸੀ ਕਿ ਅਕਾਲੀ ਦਲ ਕੋਲ ਪੂਰਨ ਬਹੁਮਤ ਨਹੀਂ ਸੀ ਅਤੇ ਭਾਜਪਾ ਦੇ ਵਿਧਾਇਕਾਂ ਦੇ ਸਮਰਥਨ ਬਿਨਾਂ ਸਰਕਾਰ ਨਹੀਂ ਚੱਲ ਸਕਦੀ ਸੀ।

ਉਹਨਾਂ ਆਖ਼ਿਆ ਕਿ ਉਸ ਸਥਿਤੀ ਵਿੱਚ ਕੁਦਰਤੀ ਨਿਆਂ ਤਾਂ ਇਹ ਕਹਿੰਦਾ ਸੀ ਕਿ ਉਪ ਮੁੱਖ ਮੰਤਰੀ ਭਾਜਪਾ ਦਾ ਹੀ ਬਣਨਾ ਚਾਹੀਦਾ ਸੀ।

ਪ੍ਰਧਾਨ ਮੰਤਰੀ ਨੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਸਾਬਕਾ ਮੰਤਰੀ ਅਤੇ ਜਲੰਧਰ ਕੇਂਦਰੀ ਤੋਂ ਭਾਜਪਾ ਗਠਜੋੜ ਦੇ ਉਮੀਦਵਾਰ ਸ੍ਰੀ ਮਨੋਰੰਜਨ ਕਾਲੀਆ ਦਾ ਨਾਂਅ ਲੈ ਕੇ ਜ਼ਿਕਰ ਕਰਦਿਆਂ ਕਿਹਾ ਕਿ ‘ਮੇਰੇ ਸਾਥੀ ਮਨੋਰੰਜਨ ਕਾਲੀਆ ਡਿਪਟੀ ਸੀ.ਐਮ. ਬਣਨ ਦੇ ਹੱਕਦਾਰ ਸਨ ਪਰ ਉਸ ਵੇਲੇ ਵੀ ਸਾਡੇ ਨਾਲ ਅਨਿਆਂ ਹੋਇਆ ਸੀ ਅਤੇ ਬਾਦਲ ਸਾਹਿਬ ਨੇ ਆਪਣੇ ਬੇਟੇ ਨੂੰ ਹੀ ਡਿਪਟੀ ਸੀ.ਐਮ. ਬਣਾ ਦਿੱਤਾ ਸੀ।

ਸ੍ਰੀ ਮੋਦੀ ਨੇ ਆਖ਼ਿਆ ਕਿ ਇਸ ਸਭ ਦੇ ਬਾਵਜੂਦ ਵੀ ਅਤੇ ਸਾਡੇ ਕੋਲ ਜ਼ਿਆਦਾ ਐਮ.ਐਲ.ਏ. ਹੋਣਅਤੇ ਸਰਕਾਰ ਗਿਰਾ ਸਕਣ ਦੀ ਸਥਿਤੀ ਵਿੱਚ ਹੋਣ ਦੇ ਬਾਵਜੂਦ ਅਸੀਂ ਪੰਜਾਬ ਦੀ ਭਲਾਈ ਲਈ ਅਸੀਂ ਸਰਕਾਰ ਸੁੱਟਣ ਦਾ ਪਾਪ ਨਹੀਂ ਕੀਤਾ ਕਿਉਂਕ ਸਾਡੇ ਦਿਲ ਵਿੱਚ ਸਿਰਫ਼ ਤੇ ਸਿਰਫ਼ ਪੰਜਾਬ ਦਾ ਭਵਿੱਖ ਹੈ।’