ਭਾਜਪਾ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿਚ ਪ੍ਰਚਾਰ ਕਰਨ ਤੋਂ ਰੋਕਿਆ ਜਾਵੇ ਕਿਉਂਕਿ ਉਹ ਆਪਣੀਆਂ ਟਿੱਪਣੀਆਂ ਨਾਲ ਨਫ਼ਰਤ ਪੈਦਾ ਕਰ ਕੇ ਸਮਾਜ ਵਿਚ ਵੰਡੀਆਂ ਪਾ ਰਹੇ ਹਨ। ਭਾਜਪਾ ਨੇ ਸਿੱਧੂ ਤੇ ਕਾਂਗਰਸ ਖ਼ਿਲਾਫ਼ ਅਪਰਾਧਕ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਗਰੀਬੀ ਨੂੰ ਸਮਝਦੇ ਹਨ ਅਤੇ ਚੰਨੀ ਅਰਬਪਤੀਆਂ ਦੀ ਨਹੀਂ, ਗਰੀਬਾਂ, ਕਿਸਾਨਾਂ, ਛੋਟੇ ਅਤੇ ਮੱਧ ਵਰਗੀ ਕਾਰੋਬਾਰੀਆਂ ਦੀ ਸਰਕਾਰੀ ਦੀ ਅਗਵਾਈ ਕਰਨਗੇ।

ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਆਪਣੇ ਭਾਸ਼ਣਾਂ ਵਿਚ ਬੇਰੁਜ਼ਗਾਰੀ ਅਤੇ ਕਾਲੇ ਧਨ ਦੇ ਮੁੱਦੇ ’ਤੇ ਗੱਲ ਨਹੀਂ ਕਰਦੇ ਹਨ। ਰਾਹੁਲ ਗਾਂਧੀ ਨੇ ਨੋਟਬੰਦੀ ਅਤੇ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਨੂੰ ਲੈ ਕੇ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਦੋਸ਼ ਲਗਾਇਆ ਕਿ ਇਸ ਨਾਲ ਸਿਰਫ਼ ਦੋ-ਤਿੰਨ ਅਰਬਪਤੀਆ ਨੂੰ ਹੀ ਫਾਇਦਾ ਹੋਇਆ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸੀ ਆਗੂ ਨੇ ਕਿਹਾ, ‘‘ਉਹ ਪੰਜਾਬ ਨੂੰ ਨਹੀਂ ਸਮਝਦੇ ਅਤੇ ਨਾ ਹੀ ਸੂਬੇ ਦਾ ਖਿਆਲ ਰੱਖ ਸਕਦੇ ਹਨ।’’ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਕਿਸਾਨ ਸਮਰਥਕ ਹੈ, ਇਸ ਵਾਸਤੇ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ।

ਜਲੰਧਰ ਵਿਖ਼ੇ ਸ੍ਰੀ ਰਾਹੁਲ ਗਾਂਧੀ ਦੀ ਰੈਲੀ ਵਿੱਚ ਮੁੱਖ ਮੰਤਰੀ ਚਿਹਰਾ ਚੁਣਨ ਦੇ ਸਾਰੇ ਅਧਿਕਾਰ ਸ੍ਰੀ ਰਾਹੁਲ ਗਾਂਧੀ ਨੂੰ ਦੇਣ ਦਾ ਐਲਾਨ ਕਰਨ ਵਾਲੇ ਸ: ਨਵਜੋਤ ਸਿੰਘ ਸਿੱਧੂ ਨੂੰ ਹੁਣ ਸ੍ਰੀ ਰਾਹੁਲ ਗਾਂਧੀ ਵੱਲੋਂ ਸੁਣਾਇਆ ਫ਼ੈਸਲਾ ਮਨਜ਼ੂਰ ਨਹੀਂ ਜਾਪ ਰਿਹਾ। ਉਹ ਸ: ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਗੱਲ ਨੂੰ ਪਚਾ ਨਹੀਂ ਪਾ ਰਹੇ ਅਤੇ ਹੋਰ ਤਾਂ ਹੋਰ ਇਸ ਸੰਬੰਧ ਵਿੱਚ ਆਪਣੀ ਨਾਰਾਜ਼ਗੀ ਨੂੰ ਲੁਕਾਉਣ ਦੀ ਥਾਂ ਧੜੱਲੇ ਨਾਲ ਉਜਾਗਰ ਕਰ ਰਹੇ ਹਨ।

ਭਾਵੇਂ ਸ: ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਦੋ-ਚਾਰ ਦਿਨ ਬਾਅਦ ਤੋਂ ਹੀ ਸ: ਸਿੱਧੂ ਲਗਾਤਾਰ ਸ: ਚੰਨੀ ਦੀ ਅਗਵਾਈ ਵਾਲੀ ਸਰਕਾਰ ’ਤੇ ਨਿਸ਼ਾਨੇ ਕੱਸਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ ਸਣੇ ਕਈ ਫ਼ੈਸਲੇ ਅੜ ਕੇ ਕਰਵਾਏ, ਪਰ ਹੁਣ ਸ: ਚੰਨੀ ਨੂੰ ਹੀ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਸ: ਸਿੱਧੂ ਖਫ਼ਾ ਨਜ਼ਰ ਆ ਰਹੇ ਹਨ ਅਤੇ ਐਤਵਾਰ ਨੂੰ ਚੋਣ ਪ੍ਰਚਾਰ ਲਈ ਪਹਿਲੀ ਵਾਰ ਪੰਜਾਬ ਪੁੱਜੀ ਕਾਂਗਰਸ ਦੀ ਸੀਨੀਅਰ ਨੇਤਾ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੀ ਹਾਜ਼ਰੀ ਵਿੱਚ ਹੀ ਉਨ੍ਹਾਂ ਨੇ ਆਪਣੀ ਇਸ ਨਾਰਾਜ਼ਗੀ ਦਾ ਪ੍ਰਗਟਾਵਾ ਇਕ ਵਾਰ ਫ਼ਿਰ ਕਰ ਦਿੱਤਾ।

ਧੂਰੀ ਹਲਕੇ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਦਲਵੀਰ ਸਿੰਘ ਗੋਲਡੀ ਦੇ ਹਲਕੇ ਵਿੱਚ ਇਕ ਚੋਣ ਜਲਸੇ ਵਿੱਚ ਪੁੱਜੀ ਸ੍ਰੀਮਤੀ ਪ੍ਰਿਅੰਕਾ ਗਾਂਧੀ ਦੀ ਸ਼ਮੂਲੀਅਤ ਵਾਲੀ ਰੈਲੀ ਨੂੰ ਸ੍ਰੀਮਤੀ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਨੇ ਸੰਬੋਧਨ ਕੀਤਾ।

ਸਥਿਤੀ ਉਸ ਵੇਲੇ ਅਣਸੁਖ਼ਾਵੀਂ ਬਣ ਗਈ ਜਦ ਮੰਚ ਸੰਚਾਲਨ ਕਰ ਰਹੀ ਸ੍ਰੀ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਘੂੜਾ ਵੱਲੋਂ ‘ਬੱਬਰ ਸ਼ੇਰ’ ਆਦਿ ਕਈ ਵਿਸ਼ੇਸ਼ਣ ਲਗਾ ਕੇ ਸ: ਸਿੱਧੂ ਨੂੰ ਮੰਚ ’ਤੋਂ ਸੰਬੋਧਨ ਕਰਨ ਲਈ ਸੱਦਾ ਦਿੱਤਾ ਤਾਂ ਸਟੇਜ ’ਤੇ ਹਾਜ਼ਰ ਸ: ਨਵਜੋਤ ਸਿੰਘ ਸਿੱਧੂ ਨੇ ਮੰਚ ਤੋਂ ਸੰਬੋਧਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ਼ਾਰਾ ਕੀਤਾ ਕਿ ਸ: ਚੰਨੀ ਨੂੰ ਹੀ ਬੁਲਵਾ ਲਿਆ ਜਾਵੇ। ਇਸ ਤੋਂ ਬਾਅਦ ਸਥਿਤੀ ਨੂੰ ਸੰਭਾਲਦਿਆਂ ਮੰਚ ਤੋਂ ਸ:ਚੰਨੀ ਨੂੰ ਬੋਲਣ ਦਾ ਸੱਦਾ ਦਿੱਤਾ ਗਿਆ।

ਕਾਂਗਰਸ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਸ: ਸਿੱਧੂ ਇਸ ਰੈਲੀ ਵਿੱਚ ਨਾ ਜਾ ਕੇ ਵੀ ਗੁੱਸੇ ਦਾ ਇਜ਼ਹਾਰ ਕਰ ਸਕਦੇ ਸੀ ਪਰ ਉਨ੍ਹਾਂ ਨੇ ਸ੍ਰੀਮਤੀ ਪਿਅੰਕਾ ਗਾਂਧੀ ਦੀ ਰੈਲੀ ਵਿੱਚ ਉਨ੍ਹਾਂ ਦੇ ਮੰਚ ’ਤੇ ਮੌਜੂਦ ਹੁੰਦਿਆਂ ਇੰਜ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਕੇ ਜੋ ‘ਸੀਨ ਕ੍ਰੀਏਟ’ ਕੀਤਾ ਉਸਨੇ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਉਲਟੀ ਸੱਟ ਮਾਰੀ ਹੈ।

ਜ਼ਿਕਰਯੋਗ ਹੈ ਕਿ ਸ: ਚੰਨੀ ਦੇ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਸ: ਸਿੱਧੂ ਨੇ ਸਪਸ਼ਟ ਕਿਹਾ ਸੀ ਕਿ ਫ਼ਿਰ ਚੋਣ ਪ੍ਰਚਾਰ ਵੀ ਉਹੀ ਚਲਾਵੇਗਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ, 60 ਵਿਧਾਇਕ ਵੀ ਉਹੀ ਜਿਤਾ ਕੇ ਲਿਆਵੇਗਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ। ਆਪਣੀ ਇਸੇ ਗੱਲ ’ਤੇ ਫੁੱਲ ਚੜ੍ਹਾਉਂਦਿਆਂ ਸ: ਸਿੱਧੂ ਨੇ ਸ:ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਆਪਣੇ ਆਪ ਨੂੰ ਸੂਬੇ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਤੋਂ ਇਕਦਮ ਵੱਖ ਕਰ ਲਿਆ ਹੈ।

ਉਂਜ ਵੀ ਹੁਣ ਸ: ਸਿੱਧੂ ਦੇ ਹਲਕੇ ਅੰਮ੍ਰਿਤਸਰ ਪੂਰਬੀ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ: ਮਜੀਠੀਆ ਦੇ ਆ ਨਿੱਤਰਣ ਕਾਰਨ ਸ: ਸਿੱਧੂ ਨੂੰ ਆਪਣੇ ਹੀ ਹਲਕੇ ਵਿੱਚ ਵੱਧ ਸਮਾਂ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।