ਲੁਧਿਆਣਾ, 15 ਫਰਵਰੀ -ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ (ਕੇ.ਐਮ.ਪੀ.ਐਲ.) ਹਾਈਵੇਅ ’ਤੇ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀਪ ਸਿੱਧੂ ਆਪਣੇ ਸਾਥੀਆਂ ਨਾਲ ਦਿੱਲੀ ਤੋਂ ਵਾਪਸ ਪੰਜਾਬ ਵੱਲ ਰਹੇ ਸਨ ।
ਕਿਸਾਨੀ ਸੰਘਰਸ਼ ਦੇ ਆਰੰਭ ਵਿੱਚ ਹੀ ਬਾਲੀਵੁੱਡ ਨੂੰ ਛੱਡ ਪੰਜਾਬ ਆਏ ਸੰਦੀਪ ਸਿੰਘ (ਦੀਪ ਸਿੱਧੂ) ਦਾ ਨਾਮ ਹਰ ਜ਼ੁਬਾਨ ਉੱਪਰ ਆ ਗਿਆ ਸੀ। ਪੇਸ਼ੇ ਤੋਂ ਵਕੀਲ ਅਤੇ ਵਧੀਆ ਸਿੱਖਿਆ ਅਦਾਰਿਆਂ ਵਿੱਚੋਂ ਤਾਲੀਮ ਯਾਫ਼ਤਾ ਹੋਣ ਕਰਕੇ ਉਸ ਦਾ ਗੱਲ ਕਹਿਣ ਦਾ ਢੰਗ, ਪੇਸ਼ਕਾਰੀ ਅਤੇ ਮੁਹਾਵਰਾ ਹਰੇਕ ਨੂੰ ਮੋਹਣ ਵਾਲਾ ਸੀ। ਆਰੰਭ ਦੇ ਵਿੱਚ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜੋ ਕਿਸੇ ਨਾ ਕਿਸੇ ਖੇਤਰ ਵਿੱਚ ਪਹਿਲਾਂ ਵੀ ਸਰਗਰਮ ਸਨ ਉਸ ਨਾਲ ਜੁੜੇ ਅਤੇ ਉਸ ਦਾ ਕਾਫ਼ਲਾ ਵੱਡਾ ਹੁੰਦਾ ਗਿਆ। ਬਹੁਤੇ ਸਰਗਰਮ ਨੌਜਵਾਨ ਉਸ ਨਾਲ ਇਸ ਆਸ ਨਾਲ ਜੁੜੇ ਕਿ ਉਹ ਸਾਡਾ ਪਿਛਲੱਗ ਬਣੇਗਾ ਪਰ ਉਹ ਅਜਿਹਾ ਲੰਬੀ ਦੋੜ ਦਾ ਘੋੜਾ ਸੀ ਜਿਸ ਨੂੰ ਸਵਾਰੀ ਲਈ ਨਹੀਂ ਸ਼ਿੰਗਾਰਿਆ ਜਾ ਸਕਦਾ ਸੀ ਬੱਸ ਜਾਂ ਨਾਲ ਤੁਰਿਆ ਜਾ ਸਕਦਾ ਸੀ ਅਤੇ ਜਾਂ ਪਿੱਛੇ। ਹੌਲੀ ਹੌਲੀ ਉਸ ਦੀ ਸਵਾਰੀ ਬਣਾਉਣ ਵਾਲੇ ਸਵਾਰਥੀ ਲੋਕ ਉਸ ਦਾ ਸਾਥ ਛੱਡਦੇ ਗਏ। ਉਸ ਦੀ ਹਾਜ਼ਰ-ਜਵਾਬੀ ਅਤੇ ਗੱਲਬਾਤ ਦੀ ਕਲਾ ਤੋਂ ਹਰ ਕੋਈ ਮੁਤਾਸਰ ਹੋ ਜਾਂਦਾ । ਪੱਤਰਕਾਰਾਂ ਦੇ ਹਰ ਸਵਾਲ ਦਾ ਜਵਾਬ ਜਿਸ ਤਰ੍ਹਾਂ ਸਹਿਜ ਅਤੇ ਬੇਬਾਕੀ ਨਾਲ ਉਹ ਦਿੰਦਾਂ ਹੈ ਉਸ ਨਾਲ ਪ੍ਰੈਸ ਮਿਲਣੀ ਵਿੱਚ ਬੈਠੇ ਬਾਕੀ ਲੋਕ ਆਪਣੇ ਆਪ ਨੂੰ ਬੌਣਾ ਮਹਿਸੂਸ ਕਰਦੇ ।