ਦੀਪ ਸਿੱਧੂ ਨੇ ਬੇਸ਼ੱਕ ਆਪਣਾ ਕੈਰੀਅਰ ਇੱਕ ਫ਼ਿਲਮੀ ਅਦਾਕਾਰ ਵਜੋਂ ਸ਼ੁਰੂ ਕੀਤਾ ਸੀ ਅਤੇ ਪੜ੍ਹਾਈ ‘ਚ ਉਸਨੇ ਵਕਾਲਤ ਕੀਤੀ ਹੋਈ ਸੀ। ਪੰਜਾਬੀ ਫ਼ਿਲਮ ਜਗਤ ‘ਚ ਉਸਦੀ ਪਛਾਣ ‘ਜ਼ੋਰਾ ਦਸ ਨੰਬਰੀਆ’ ਫ਼ਿਲਮ ਤੋਂ ਬਣੀ ਸੀ। ਮੁੰਬਈ ਰਹਿੰਦਿਆਂ ਉਸਦੀ ਦਿਓਲ ਪਰਿਵਾਰ ਨਾਲ ਬਹੁਤ ਨੇੜਤਾ ਬਣ ਗਈ। ਜਿਸ ਕਰਕੇ ਉਸ ਨੇ ਸੰਨੀ ਦਿਓਲ ਲਈ ਗੁਰਦਾਸਪੁਰ ਲੋਕ ਸਭਾ ਚੋਣ ‘ਚ ਪ੍ਰਚਾਰ ਵੀ ਕੀਤਾ। ਉਸ ਦਾ ਫ਼ਿਲਮਕਾਰ ਅਮਰਦੀਪ ਸਿੰਘ ਗਿੱਲ ਨਾਲ ਬਹੁਤ ਪਿਆਰ ਸੀ।

ਸਾਲ 2020 ‘ਚ ਜਦੋਂ ਕੋਰੋਨਾਵਾਇਰਸ ਦੀ ਮਾਰ ਕਾਰਨ ਭਾਰਤ ‘ਚ ਲਾਕਡਾਊਨ ਲੱਗ ਗਿਆ ਤਾਂ ਇਸ ਸਮੇਂ ਦੌਰਾਨ ਦੀਪ ਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ। ਉਸਨੇ ਖ਼ਾਸਕਰ ਸਿੱਖ ਇਤਿਹਾਸ ਨੂੰ ਡੂੰਘਾਈ ‘ਚ ਪੜ੍ਹਿਆ। ਇਹਨਾਂ ਦਿਨਾਂ ‘ਚ ਹੀ ਉਹ ਫੇਸਬੁੱਕ ਉੱਤੇ ਲਾਈਵ ਵੀ ਕਰਨ ਲੱਗ ਗਿਆ। ਜਿਸ ‘ਚ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦਾ। ਉਹ ਲਾਕਡਾਊਨ ਦੇ ਸਮੇਂ ਨੂੰ ਆਪਣਾ ਕਿਰਦਾਰ ਘੜਨ ਲਈ ਵਰਤ ਰਿਹਾ ਸੀ। ਵਿਹਲੇ ਸਮੇਂ ਦੀ ਇਸ ਤੋਂ ਵਧੀਆ ਵਰਤੋਂ ਭਲਾ ਕੀ ਹੋ ਸਕਦੀ ਹੈ।

ਸਾਲ 2020 ‘ਚ ਹੀ ਸਤੰਬਰ ਦੇ ਮਹੀਨੇ ਕਿਸਾਨੀ ਬਿੱਲਾਂ ਦਾ ਮਸਲਾ ਖੜਾ ਹੋ ਗਿਆ ਅਤੇ ਪੰਜਾਬ ‘ਚ ਕਿਸਾਨ ਜਥੇਬੰਦੀਆਂ ਨੇ ਰੇਲ ਆਵਾਜਾਈ ਜਾਮ ਕਰ ਦਿੱਤੀ। ਧਰਨੇ-ਮੁਜ਼ਾਹਰੇ ਹੋਣ ਲੱਗੇ। ਜਦੋਂ ਮਸਲਾ ਵੱਡੇ ਪੱਧਰ ‘ਤੇ ਉੱਠ ਗਿਆ ਤਾਂ ਦੀਪ ਸਿੱਧੂ ਨੇ ਸ਼ੰਭੂ ਬਾਰਡਰ ‘ਤੇ ਮੋਰਚਾ ਲਾ ਦਿੱਤਾ। ਇਸ ਮੋਰਚੇ ਦੌਰਾਨ ਉੱਥੇ ਕਈ ਨਾਮਵਰ ਸਿਆਸਤਦਾਨ ਅਤੇ ਕਲਾਕਾਰ ਵੀ ਪਹੁੰਚਣੇ ਸ਼ੁਰੂ ਹੋ ਗਏ।
26 ਨਵੰਬਰ 2020 ਦੇ ਜਦੋਂ ਕਿਸਾਨ ਦਿੱਲੀ ਨੂੰ ਚੱਲ ਪਏ ਤਾਂ ਦੀਪ ਸਿੱਧੂ ਵੀ ਨਾਲ ਸੀ। ਉਸਦੀ ਇੱਕ ਕਮਾਂਡੋ ਨਾਲ ਅੰਗਰੇਜ਼ੀ ‘ਚ ਕੀਤੀ ਗੱਲ-ਬਾਤ ਬਹੁਤ ਵਾਇਰਲ ਹੋ ਗਈ। ਬੱਸ ਇਹੀ ਉਹ ਦਿਨ ਸੀ ਜਦੋਂ ਦੀਪ ਵੱਡੇ ਪੱਧਰ ‘ਤੇ ਦੇਸ਼ ਦੀਆਂ ਨਜ਼ਰਾਂ ‘ਚ ਆ ਗਿਆ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਬਰਖਾ ਦੱਤ ਨੇ ਉਸਦੀ ਇੰਟਰਵਿਊ ਕੀਤੀ। ਇੰਰਰਵਿਊ ਦੌਰਾਨ ਬਰਖਾ ਨੇ ਉਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸੰਬੰਧੀ ਸਵਾਲ ਕਰ ਲਿਆ ਅਤੇ ਦੀਪ ਨੇ ਬੇਬਾਕੀ ਨਾਲ ਸੰਤਾਂ ਦੇ ਕਿਰਦਾਰ ਨੂੰ ਸਹੀ ਠਹਿਰਾਇਆ ਜਿਸ ਤੋਂ ਬਰਖਾ ਹੈਰਾਨ ਰਹਿ ਗਈ। ਜਿੱਥੇ ਵੱਡੇ-ਵੱਡੇ ਸਿਆਸਤਦਾਨ ਨੈਸ਼ਨਲ ਮੀਡੀਆ ਅੱਗੇ ਸੰਤਾਂ ਨੂੰ ਅੱਤਵਾਦੀ ਆਖ ਆਉਂਦੇ ਹਨ ਉੱਥੇ ਦੀਪ ਅੜ ਗਿਆ।

ਕਿਸਾਨ ਮੋਰਚਾ ਚੱਲਦਾ ਗਿਆ ਅਤੇ ਦੀਪ ਲਗਾਤਾਰ ਉੱਥੇ ਮੌਜੂਦ ਰਿਹਾ। 26 ਜਨਵਰੀ ਦਾ ਦਿਨ ਕਿਸਾਨੀ ਸੰਘਰਸ਼ ਲਈ ਅਤੇ ਖ਼ਾਸਕਰ ਦੀਪ ਲਈ ਅਹਿਮ ਮੋੜ ਲੈ ਆਇਆ। ਦੀਪ ‘ਤੇ ਇਹ ਇਲਜ਼ਾਮ ਲੱਗ ਗਿਆ ਕਿ ਉਹ ਹਜ਼ਾਰਾਂ ਕਿਸਾਨਾਂ ਨੂੰ ਲਾਲ ਕਿਲੇ ‘ਤੇ ਲੈ ਗਿਆ। ਉਹ ਰੂਪੋਸ਼ ਹੋ ਗਿਆ ਅਤੇ ਲੋਕ ਉਸ ਨੂੰ ਬਦਨਾਮ ਕਰਦੇ ਰਹੇ ਕਿ ਉਸਨੇ ਭਾਜਪਾ ਦੇ ਇਸ਼ਾਰੇ ‘ਤੇ ਕਿਸਾਨੀ ਸੰਘਰਸ਼ ਤਾਰਪੀਡੋ ਕਰ ਦਿੱਤਾ ਹੈ। ਉਸ ਦੀਆਂ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤਸਵੀਰਾਂ ਨੂੰ ਹਥਿਆਰ ਵੱਜੋਂ ਵਰਤਿਆ ਗਿਆ।

ਦੀਪ ਦਾ ਝੁਕਾਅ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲ ਹੋ ਗਿਆ। ਉਹ ਬਰਗਾੜੀ ਵੀ ਪਹੁੰਚਿਆ। ਉਸ ਨੇ ਇੱਕ ਜਗ੍ਹਾ ਇਹ ਵੀ ਕਹਿ ਦਿੱਤਾ ਕਿ ਮੇਰੀ ਮਾਨ ਸਾਬ੍ਹ ਪ੍ਰਤੀ ਸਮਝ ਪਹਿਲਾਂ ਕੁਝ ਹੋਰ ਤਰਾਂ ਦੀ ਸੀ। ਪਰ ਹੌਲੀ-ਹੌਲੀ ਸਮਝ ਲੱਗੀ ਕਿ ਇਸ ਬੰਦੇ ਦਾ ਇੱਡਾ ਵੱਡਾ ਸੰਘਰਸ਼ ਹੈ। ਉਸਨੇ ਕਈ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ‘ਚ ਗਹਿਗੱਡਵਾਂ ਪ੍ਰਚਾਰ ਕੀਤਾ। ਉਹ ਦੋ ਕੁ ਦਿਨਾਂ ਲਈ ਬੰਬੇ ਗਿਆ ਸੀ ਜਿੱਥੇ ਉਸਨੇ ਆਪਣੀ ਦੋਸਤ ਨਾਲ ਸਮਾਂ ਬਿਤਾਇਆ। ਹੁਣ ਉਹ ਦੁਬਾਰਾ ਫੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪ੍ਰਚਾਰ ਲਈ ਅਮਰਗੜ੍ਹ ਆ ਰਿਹਾ ਸੀ। ਉਸ ਦੀ ਇੱਛਾ ਸੀ ਕਿ ਬਾਕੀ ਦੇ ਦਿਨ ਵੀ ਸਰਦਾਰ ਮਾਨ ਦੇ ਹੱਕ ‘ਚ ਪ੍ਰਚਾਰ ਕੀਤਾ ਜਾਵੇ।

ਸੰਦੀਪ ਸਿੰਘ ਸਿੱਧੂ ਦਾ ਜਾਣਾ ਇੰਝ ਹੈ ਜਿਵੇਂ ਕੋਈ ਚੜ੍ਹਦਾ ਸੂਰਜ ਛਿਪ ਗਿਆ। ਉਸ ਦੀਆਂ ਤਕਰੀਰਾਂ ਤੋਂ ਪਤਾ ਲੱਗਦਾ ਸੀ ਕਿ ਉਸ ਨੂੰ ਸਿੱਖੀ ਦੇ ਨਿਆਰੇਪਣ ਦੀ, ਕੌਮੀਅਤ ਦੀ ਕਿੰਨੀ ਡੂੰਘੀ ਸਮਝ ਆ ਗਈ ਸੀ। ਉਹ ਹਮੇਸ਼ਾ ਦੋ ਸ਼ਬਦ ਜ਼ਰੂਰ ਵਰਤਦਾ ਸੀ। ਪਹਿਲਾ ਸੀ ‘ਹੋਂਦ ਦੀ ਲੜਾਈ’ ਅਤੇ ਦੂਜਾ ਸੀ ‘ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ’। ਅੱਜ ਦੀਪ ਨੂੰ ਆਪਣਾ ਸਕਾ ਦੱਸਣ ਉਹ ਵੀ ਬਹੁੜ ਪਏ ਹਨ ਜਿਹਨਾਂ ਔਖੇ ਸਮੇਂ ‘ਚ ਉਸਦੇ ਹੱਕ ‘ਚ ਇੱਕ ਪੋਸਟ ਵੀ ਨਹੀਂ ਪਾਈ। ਦੀਪ ਆਪਣੀ ਜ਼ਿੰਦਗੀ ਸਫਲ ਕਰਕੇ ਗਿਆ ਹੈ। ਕਿਉਂਕਿ ਉਸਨੇ ਪਤਾ ਨਹੀਂ ਕਿੰਨੇ ਕੁ ਨੌਜਵਾਨਾਂ ਨੂੰ ਕੌਮੀਅਤ ਦਾ ਅਹਿਸਾਸ ਕਰਵਾਇਆ।
ਅਖੀਰ ‘ਚ ਹੁਣ ਲੋੜ ਇਹ ਹੈ ਸੰਦੀਪ ਸਿੰਘ ਸਿੱਧੂ ਲਈ ਇੱਕ ਵੱਡਾ ਸਮਾਗਮ ਕਰਵਾਇਆ ਜਾਵੇ। ਜਿੱਥੇ ਉਸ ਦੀ ਸੋਚ ਨਾਲ ਜੁੜਨ ਵਾਲੇ ਹਜ਼ਾਰਾਂ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਜਾਵੇ। ਅਗਵਾਈ ਦੀ ਜ਼ੁੰਮੇਵਾਰੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਿਰ ਆਣ ਪਈ ਹੈ। ਕਿਉਂਕਿ ਦੀਪ ਪਹਿਲਾਂ ਕਈ ਦਿਨ ਉਹਨਾਂ ਲਈ ਪ੍ਰਚਾਰ ਕਰਦਾ ਰਿਹਾ ਅਤੇ ਫਿਰ ਹੁਣ ਦੁਬਾਰਾ ਉਹਨਾਂ ਦੇ ਹਲਕੇ ਅਮਰਗੜ੍ਹ ਪਹੁੰਚ ਰਿਹਾ ਸੀ।
#PacificPunjab