ਦੀਪ ਜਗਦਾ ਰਹੇਗਾ..!
ਚਰਨਜੀਤ ਸਿੰਘ
ਭਾਈ ਸੰਦੀਪ ਸਿੰਘ (ਦੀਪ ਸਿੱਧੂ) ਨਾਲ ਨਿੱਜੀ ਵਾਹ ਸੀ। ਸਾਖੀ ਇਹ ਆ ਕਿ ਉਹਦੀਆਂ ਸਤਿਗੁਰੂ ਨੇ ਭੁੱਖਾਂ ਮੇਟ ਦਿੱਤੀਆਂ ਸੀ। ਉਸ ਨੂੰ ਦੁਨਿਆਵੀ ਵਾਹ ਵਾਹ, ਬੱਲੇ ਬੱਲੇ, ਅਹੁਦੇ, ਰੁਤਬੇ, ਪੈਸੇ ਧੇਲੇ, ਪਛਾਣ ਦੀ ਉਕੀ ਤਾਂਘ ਨਹੀੰ ਸੀ। ਉਹਦੀ ਸੁਰਤ ਨੂੰ ਮਾਹਰਾਜ ਨੇ ਰੌਸ਼ਨ ਕਰ ਦਿੱਤਾ ਸੀ। ਜਿਹੜੀਆਂ ਪਦਾਰਥਾਂ ਤੇ ਰੁਤਬਿਆਂ ਦੀਆਂ ਬੇੜੀਆਂ ਸਾਡੇ ਪੈਰੀੰ ਨੇ, ਉਹ ਉਹਦੀਆਂ ਸਤਿਗੁਰਾਂ ਨੇ ਕੱਟ ਦਿੱਤੀਆਂ ਸਨ। ਉਹ ਹਰ ਨਵੇੰ ਦਿਨ ਬੰਧਨ ਮੁਕਤ ਹੋ ਰਿਹਾ ਸੀ। ਉਹ ਮੈਲ਼ ਤੋੰ ਮੁਕਤੀ ਦੇ ਰਾਹ ਸੀ। ਤਾਂ ਹੀ ਸ਼ਾਇਦ ਉਸ ਦੀ ਗੱਲ ‘ਚ ਅਸਰ ਸੀ।
ਅਸੀੰ ਘੰਟਿਆਂ ਬੱਧੀ ਗੱਲਾਂ ਕੀਤੀਆਂ ਪਰ ਕਦੇ ਉਸ ਦੇ ਵਿਰੋਧੀ ਦੀ ਗੱਲ ਆਉਣੀੰ ਤਾਂ ਉਹਨੇ ਕਹਿਣਾ “ਬਾਈ ਜੀ ਛੱਡੋ ਪਰੇ”।
ਵਿਦਵਾਨ ਹੋਣਾ ਔਖਾ ਨਹੀੰ, ਬੁਲਾਰਾ ਹੋਣਾ ਤੇ ਗੱਲ ਈ ਕੀ ਆ। ਕਲਾਕਾਰ ਤੇ ਕੋਈ ਬੌਣਾ ਜਿਹਾ ਬੰਦਾ ਵੀ ਬਣ ਜਾਂਦਾ। ਦੀਪ ਇਹਨਾਂ ਪਛਾਣਾ ਤੋੰ ਪਰੇ ਸੀ। ਉਹ ਜੋ ਵੱਡੀ ਤੋੰ ਵੱਡੀ ਭੀੜ ਪਈ ‘ਤੇ ਡੋਲਦਾ ਨਹੀੰ ਸੀ।
ਜੇਲ੍ਹ ਚੋੰ ਮੁੜਿਆ ਤਾਂ ਬਹੁਤ ਕੁਝ ਗਵਾ ਚੁੱਕਾ ਸੀ, ਦੁਨੀਆਂ ਦੁਸ਼ਮਣ ਸੀ, ਜਾਨੋੰ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ, ਘਟੀਆ ਇਲਜ਼ਾਮਬਾਜ਼ੀ ਦੇ ਡੰਕੇ ਵੱਜ ਰਹੇ ਸੀ। ਭਾਰਤ ਦਾ ਸਾਰਾ ਮੀਡੀਆ, ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਖੱਬੇਪੱਖੀ, ਹਿੰਦੂਤਵੀਆਂ, ਕਿਸਾਨਾਂ ਤੇ ਪੰਥ ਦੇ ਧੜਿਆ ਨੇ ਉਸ ਨੂੰ ਇਕ ਮਤ ਹੋ ਦੁਸ਼ਮਣ ਐਲਾਨਿਆ ਹੋਇਆ ਸੀ।
ਉਹ ਕਿੰਨੇ ਸਹਿਜ ਨਾਲ ਵਾਪਸ ਮੁੜਿਆ। ਬੰਬੇ ਜਾ ਕੇ ਕਮਰੇ ‘ਚ ਬੰਦ ਨਹੀੰ ਹੋਇਆ। ਮਾਹਰਾਜ ਨੇ ਉਸ ਦੀ ਵਿਰੋਧਤਾ ਕਰਨ ਵਾਲੇ ਹਰ ਬੰਦੇ ਦਾ ਛੇ ਮਹੀਨਿਆਂ ‘ਚ ਮੂੰਹ ਕਾਲਾ ਕੀਤਾ। ਕਲਮੂੰਹਿਆ ਦੀ ਸ਼ਰਮਿੰਦੀ ਕਤਾਰ ਲਗਾਤਾਰ ਵੱਧ ਰਹੀ ਹੈ। ਦੀਪ ਸਿੰਘ ਤਾਂ ਗਦਾਰ ਸਾਬਤ ਨਾ ਹੋ ਸਕਿਆ, ਪਰ ਓਹਨੂੰ ਗਦਾਰ ਕਹਿਣ ਵਾਲਾ ਹਰ ਸ਼ਖ਼ਸ ਨੰਗਾ ਹੋ ਗਿਆ, ਇਹ ਕਲਾ ਵਰਤੀ।
ਸ਼ਹੀਦ ਸਿੰਘਾਂ ਦਾ ਪਹਿਰਾ ਕੋਈ ਅਤਿਕਥਨੀ ਨਹੀੰ ਸੀ। ਉਹ ਸ਼ਹੀਦਾਂ ਦਾ ਸਿਰ ਤੇ ਰੱਖਿਆ ਹੱਥ ਸੀ ਜਿੰਨੇ ਮਾਇਆ ਨਗਰੀ ਦੇ ਵਾਸੀ ਨੂੰ ਮਾਇਆ ਤੋੰ ਨਿਰਲੇਪ ਕਰ ਦਿੱਤਾ।
ਉਹ ਨਿਵੇਕਲਾ ਸੀ, ਗਾਇਕਾਂ ਦੇ ਝੁੰਡ ਨਾਲ ਨਹੀੰ ਚੱਲ ਸਕਦਾ ਸੀ। ਸ਼ੰਭੂ ਜਾ ਬੈਠਾ, ਕਾਫਲਾ ਬਣ ਗਿਆ। ਦਿੱਲੀ ਨੂੰ ਚੜੇ ਤਾਂ ਉਹ ਪੰਜਾਬ ਦੀ ਜਵਾਨੀ ਦਾ ਮੁਖੜਾ ਸੀ। ਸਾਰਾ ਪੰਜਾਬ ਬਾਹਰ ਫੈਸਲਾ ਉਡੀਕ ਰਿਹਾ ਹੁੰਦਾ ਤੇ ਕਿਸਾਨ ਆਗੂ ਸਰਕਾਰੀ ਬੁਰਕੀ ਦੀ ਝਾਕ ‘ਚ ਮੀਟਿੰਗ ਹਾਲ ‘ਚ ਬਹਿ ਕੇ ਮੁੜ ਆਉਂਦੇ, ਤਾਂ ਦੀਪ ਸਿੰਘ ਕਹਿੰਦਾ, “ਆਵਦੀਂਆਂ ਪੋਣਿਆਂ ‘ਚ ਬੰਨ੍ਹ ਕੇ ਲਿਜਾਇਆ ਕਰੋ, ਬਰਾਬਰ ਦੇ ਹੋ ਕੇ ਗੱਲ ਕਰੋ, ਕਿਸਾਨ ਕਿਸੇ ਤੋੰ ਰੋਟੀ ਦੀ ਆਸ ਕਿਉੰ ਕਰੇ?”
ਪਹਿਲਾਂ ਤੇ ਕਿਸਾਨ ਆਗੂ ਵੱਢ ਖਾਣ ਪਏ, ਫਿਰ ਦੀਪ ਦਾ ਕਿਹਾ ਮੰਨਣਾ ਪਿਆ।
ਉਹ ਦਿਲ ਨਾਲ ਸੋਚਦਾ ਸੀ, ਦਿਲ ਨਾਲ ਬੋਲਦਾ ਸੀ। ਜਿੱਦਣ ਭਾਈ ਹਵਾਰਾ ਦੇ ਸਬੰਧ ‘ਚ ਰਾਜਪਾਲ ਕੋਲ ਗਏ, ਓਦਣ ਉਹ ਬੰਬੇ ਤੋੰ ਸਿੱਧਾ ਆਇਆ। ਉਸ ਤਕਰੀਰ ਵਿਚ ਵੀ ਉਹਨੇ ਕੋਈ ਆਪਣੀ ਵਾਹ ਵਾਹ ਨਹੀੰ ਕੀਤੀ, ਸਗੋੰ ਗੁਲਾਮੀ ਨੂੰ ਚਿਤਾਰਿਆ ਕਿ ਕਿਵੇੰ ਰਾਜਪਾਲ ਮੈਮੋਰੰਡਮ ਦੇਣ ਗਏ ਬਜੁਰਗਾਂ ਨੂੰ ਜਲੀਲ ਕਰਦੇ।
ਗੱਲਾਂ ਤਾਂ ਉਹਦੀਆਂ ਬਹੁਤ ਚੇਤੇ ਨੇ, ਪਰ ਇਕ ਸਭ ਨਾਲ ਸਾਂਝੀ ਕਰਦਾਂ, ਕਿ ਉਹ ਕਹਿੰਦਾ ਸੀ “ਤੁਸੀ ਗੁਲਾਮੀ ਖਿਲਾਫ ਨਾ ਬੋਲੋ, ਨਾ ਲੜੋ, ਪਰ ਮਹਿਸੂਸ ਕਰਨ ਲੱਗ ਜਾਉ ਕਿ ਅਸੀੰ ਗੁਲਾਮ ਆ”।
ਬਾਕੀ ਗੱਲਾਂ ਬਾਅਦ ‘ਚ ਕਰਾਂਗੇ। ਪਰ ਸ੍ਰ: ਕਰਮ ਸਿੰਘ ਹਿਸਟੋਰੀਅਨ ਸਾਬ ਜਦੋੰ ਜਵਾਨ ਉਮਰ ‘ਚ ਚੱਲ ਵੱਸੇ ਤਾਂ ਭਾਈ ਵੀਰ ਸਿੰਘ ਨੇ ਵੰਗਾਰ ਪਾਈ, ਕਿ ਜੇ ਸੈਂਕੜੇ ਨੌਜਵਾਨ ਤਾਹ ਉਮਰ ਵੀ ਕੰਮ ਕਰਨ ਤਾਂ ਕਰਮ ਸਿੰਘ ਦਾ ਘਾਟਾ ਪੂਰਾ ਨਹੀਂ ਕਰ ਸਕਦੇ, ਸਾਨੂੰ ਹਜਾਰਾਂ ਚਾਹੀਦੇ ਨੇ। ਸੈਂਕੜੇ ਨੌਜਵਾਨ ਉੱਠੇ ਤੇ ਖੋਜ ਨੂੰ ਆਪਣਾ ਜੀਵਨ ਪੰਧ ਚੁਣਿਆ।
ਸੰਤ ਕਰਤਾਰ ਸਿੰਘ ਜੀ ਜਦੋੰ ਕਾਰ ਹਾਦਸੇ ‘ਚ ਦੇਹ ਦਾ ਉਹਲਾ ਕਰ ਗਏ ਤਾਂ ਪੰਥ ‘ਚ ਏਦਾਂ ਈ ਹਾਅ ਹਾਅਕਾਰ ਹੋਈ। ਫੇਰ ਸਤਿਗੁਰੂ ਦੀ ਉਟ ਨਾਲ ਸੰਤ ਜਰਨੈਲ ਸਿੰਘ ਉੱਠੇ।
ਮੇਰੀ ਨਿੱਕੇ ਵੱਡੇ ਭਰਾਵਾਂ ਨੂੰ ਬੇਨਤੀ ਆ ਕਿ ਦੀਪ ਸਿੰਘ ਦਾ ਘਾਟਾ ਪੂਰ ਨਹੀਂ ਹੋ ਸਕਦਾ। ਸੈਕੜੇ ਨਹੀੰ ਹਜਾਰਾਂ ਬੰਦੇ ਤਹੱਈਆ ਕਰਨ ਕਿ ਉਸ ਦੀ ਗੱਲ ਓਸੇ ਹੀ ਜ਼ਜਬੇ, ਨਿਰਛਲਤਾ, ਸਾਫਗੋਈ ਤੇ ਪ੍ਰੇਮ ਨਾਲ ਅੱਗੇ ਤੋਰਨੀ ਹੈ, ਤਾਂ ਦੀਪ ਸਿੰਘ ਨੂੰ ਅਕੀਦਤ ਭੇਟ ਕਰਨ ਦਾ ਕੋਈ ਫਾਇਦਾ। ਇਹ ਕਿਸੇ ਫਿਲਮ ਦਾ ਭਾਵੁਕ ਅੰਤ ਨਹੀੰ ਕਿ ਘੜੀ ਰੋ ਲਿਆ ਤੇ ਰਵਿਊ ਕਰ ਲਿਆ। ਆਪਣੀਆਂ ਜਿੰਦਗੀਆਂ ਦਾ ਕੁਝ ਹਿੱਸਾ ਸਿਰਫ ਬਾਈ ਦੇ ਨਿਸ਼ਾਨੇ ਲਈ ਰਾਖਵਾ ਕਰਨਾ ਹੋਊ। ਮਾਹਰਾਜ ਤੁਹਾਡੇ ਅੰਗ ਸੰਗ ਨੇ।
ਦੀਪ ਜਗਦਾ ਰਹੇਗਾ..!