ਬਿਆਸ, 16 ਫ਼ਰਵਰੀ, 2022:ਭਾਜਪਾ ਦੇ ਸੀਨੀਅਰ ਕੌਮੀ ਆਗੂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੋ ਬੁੱਧਵਾਰ ਨੂੰ ਪੰਜਾਬ ਦੌਰੇ ’ਤੇ ਸਨ, ਆਪਣੀ ਇਸ ਫ਼ੇਰੀ ਦੌਰਾਨ ਡੇਰਾ ਰਾਧਾ ਸੁਆਮੀ, ਬਿਆਸ ਵਿਖ਼ੇ ਪੁੱਜੇ ਜਿੱਥੇ ਉਨ੍ਹਾਂ ਨੇ ਰਾਧਾ ਸੁਆਮੀ ਸਤਿਸੰਗ ਦੇ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ।
ਇਸ ਸੰਬੰਧੀ ਜਾਣਕਾਰੀ ਤਸਵੀਰ ਸਹਿਤ ਸਾਂਝੀ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘ਅੱਜ ਰਾਧਾ ਸੁਆਮੀ ਸਤਿਸੰਗ ਬਿਆਸ ਵਿਖ਼ੇ ਡੇਰਾ ਮੁਖ਼ੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਭੇਂਟ ਕੀਤੀ। ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਲਗਾਤਾਰ ਦਹਾਕਿਆਂ ਤੋਂ ਸਮਾਜ ਵਿੱਚ ਅਧਿਆਤਮਿਕ ਚੇਤਨਾ ਜਗਾ ਕੇ ਮਨੁੱਖ਼ਤਾ ਅਤੇ ਸਮਾਜ ਸੇਵਾ ਦਾ ਜੋ ਕਾਰਜ ਕੀਤਾ ਜਾ ਰਿਹਾ ਹੈ, ਉਹ ਆਪਣੇ ਆਪ ਵਿੱਚ ਅਦਭੁਤ ਅਤੇ ਪ੍ਰੇਰਨਾਦਾਇਕ ਹੈ।’
ਸ੍ਰੀ ਅਮਿਤ ਸ਼ਾਹ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਫਿਰੋਜ਼ਪੁਰ ਪੁੱਜੇ ਸਨ। ਫਿਰੋਜ਼ਪੁਰ ਵਿਖ਼ੇ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਸ੍ਰੀ ਅਮਿਤ ਸ਼ਾਹ ਡੇਰਾ ਬਿਆਸ ਪੁੱਜੇ।
ਇੱਥੇ ਇਹ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਖ਼ੁਦ ਦਿੱਲੀ ਵਿਖ਼ੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।
ਸਿਆਸੀ ਹਲਕਿਆਂ ਵਿੱਚ ਇਨ੍ਹਾਂ ਮੁਲਾਕਾਤਾਂ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਵੇਖ਼ਿਆ ਜਾ ਰਿਹਾ ਹੈ। ਹਾਲਾਂਕਿ ਡੇਰਾ ਰਾਧਾ ਸੁਆਮੀ ਨੇ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਕਿਸੇ ਇਕ ਖ਼ਾਸ ਧਿਰ ਨੂੰ ਵੋਟਾਂ ਪਾਉਣ ਲਈ ਕਦੇ ਕੋਈ ਅਪੀਲ ਨਹੀਂ ਕੀਤੀ ਪਰ ਇਹ ਵੀ ਜ਼ਾਹਿਰ ਹੈ ਕਿ ਚੋਣਾਂ ਮੌਕੇ ਹੋਰਨਾਂ ਡੇਰਿਆਂ ਵਾਂਗ ਹਰ ਪਾਰਟੀ ਦੇ ਵੱਡੇ ਆਗੂ ਇਨ੍ਹਾਂ ਡੇਰਿਆਂ ਵਿੱਚ ਜ਼ਰੂਰ ਹਾਜ਼ਰੀ ਲਵਾਉਂਦੇ ਹਨ।