ਅਦਾਕਾਰ ਤੇ ਕਿਸਾਨ ਅੰਦੋਲਨ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦਾ ਅੰਤਿਮ ਸਸਕਾਰ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਨਮ ਅੱਖਾਂ ਨਾਲ ਪਰਿਵਾਰ ਵਲੋਂ ਅੰਤਿਮ ਵਿਦਾਈ ਦਿੱਤੀ ਗਈ।

ਤੁਸੀਂ ਓਹਦੀ ਲਾਸ਼ ਮਗਰ ਤੁਰੇ ਜਾਂਦੇ ਇਕੱਠ ਨੂੰ ਵੇਖੋ। ਲੋਕਾਂ ਦੀਆਂ ਅੱਖਾਂ ਚ ਛਾਇਆ ਵੈਰਾਗ ਤੇ ਬੋਲਾਂ ਦਾ ਜਲਾਲ ਸਪੱਸ਼ਟ ਕਰਦਾ ਕਿ ਤੁਹਾਡੀ ਈਰਖਾ, ਸਾੜਾ ਤੇ ਬੌਧਿਕ ਕਰੂਪਤਾ ਕਦੋਂ ਦੀ ਹਾਰ ਚੁੱਕੀ ਹੈ, ਪਰ ਉਹ ਜਿੱਤ ਕੇ ਗਿਆ।
ਅਲਵਿਦਾ ਦੀਪ ਬਾਈ…
~ਪਰਮਿੰਦਰ ਸਿੰਘ ਸ਼ੌਂਕੀ

ਇਹ ਭੇੜ ਸਿਰਫ ਸਕਾਰਪੀਓ ਤੇ ਟਰੱਕ ਦਾ ਨਹੀਂ ਸੀ, ਕਿਉਂਕਿ ਕੁਝ ਹਾਦਸੇ ਸਿਰਫ ਬੰਦਿਆਂ ਨਾਲ ਨਹੀਂ ਵਾਪਰਦੇ, ਇਹ ਟੱਕਰ ਤਾਂ ਪੰਜਾਬ ਦੀ ਸਮੂਹਿਕ ਚੇਤਨਾ ਨੂੰ ਧੁਰ ਅੰਦਰ ਤੀਕ ਝੰਜੋੜ ਗਈ ਹੈ।
ਗੱਲਾਂ ਕਰਦਾ ਕਰਦਾ ਅਕਸਰ ਉਹ ਸਾਨੂੰ ਅਠਾਰਵੀਂ ਸਦੀ ਵਾਲੀ ਦ੍ਰਿੜਤਾ ਚੇਤੇ ਕਰਵਾ ਦਿੰਦਾ ਸੀ, ਜਦ ਉਹ ਕਹਿੰਦਾ ਸੀ ਕਿ ‘ਸ਼ਹੀਦ ਸਿੰਘ ਸਾਡੇ ਨਾਲ ਹਨ, ਮਹਾਰਾਜ ਸਾਡੇ ਅੰਗ ਸੰਗ ਨੇ…’ ਉਸ ਦੇ ਜਿਹੜੇ ਬੋਲ ਸਾਨੂੰ ਚੜ੍ਹਦੀ ਕਲਾ ਦਾ ਅਹਿਸਾਸ ਕਰਵਾ ਰਹੇ ਸਨ, ਉਹੀ ਬੋਲ ਕਿਸੇ ਦੀਆਂ ਨੀਂਦਾਂ ਵੀ ਉਡਾ ਰਹੇ ਸਨ।

ਓਹਦੇ ਵਾਕਾਂ ਵਿਚੋਂ ਦ੍ਰਿੜਤਾ, ਵਿਸਵਾਸ਼, ਸਮਰਪਨ ਝਲਕਦਾ ਹੁੰਦਾ ਸੀ। ਉਸ ਨੇ ਕਦੇ ਨਿੱਜ ਦੀ ਤਾਂ ਗੱਲ ਹੀ ਨਹੀਂ ਕੀਤੀ, ਸਦਾ ਪੰਥ ਨੂੰ ਪ੍ਰਥਮ ਰੱਖਿਆ। ਵਖਤ ਦੀ ਭੱਠੀ ਵਿਚ ਤਪ ਕੇ ਉਸ ਦਾ ਸਿਦਕ ਸਗੋਂ ਹੋਰ ਪਕੇਰਾ ਹੋ ਰਿਹਾ ਸੀ।

ਉਸ ਨੇ ਅਠਾਰਵੀਂ ਸਦੀ ਵਾਲੇ ਸਿਦਕਾਂ ਦਾ ਰਾਹ ਟੋਲ ਲਿਆ ਸੀ ਤੇ ਨੌਜਵਾਨਾਂ ਨੂੰ ਨਾਲ ਲੈ ਕੇ ਉਸ ਰਾਹ ‘ਤੇ ਤੁਰ ਪਿਆ ਸੀ। ਉਸ ਦਾ ਇਸ ਤਰ੍ਹਾਂ ਤੁਰ ਜਾਣਾ ਏਵੇਂ ਹੈ, ਜਿਵੇਂ ਮੀਰ ਮੰਨੂ ਦੀ ਕੈਦ ਵਿਚ ਕਿਸੇ ਮੁਗਲ ਸਿਪਾਹੀ ਨੇ ਬਾਲ ਦੀ ਦੇਹ ਦੇ ਟੁਕੜਿਆਂ ਦਾ ਹਾਰ ਸਿਦਕੀ ਸਿੱਖ ਮਾਂ ਦੇ ਗਲ ਪਾ ਦਿੱਤਾ ਹੋਏ। ਇਹ ਅਸਿਹ ਤਾਂ ਹੈ, ਪਰ ਸਿਦਕੀ ਮਾਂ ਸਦਾ ‘ਧੰਨ ਗੁਰੂ ਨਾਨਕ’ ਹੀ ਕਹੇਗੀ।

ਤੇਰੀ ਯਾਦ ਲੰਬੇ ਸਮੇਂ ਤੀਕ ਸਾਡੇ ਦਿਲਾਂ ਅੰਦਰ ਤੇਰੇ ਹੱਸਦੇ ਚਿਹਰੇ ਨੂੰ ਜਿਊਂਦਾ ਰੱਖੇਗੀ, ਬਾਈ…
ਗੁਰੂ ਰਾਖਾ।
ਜਗਦੀਪ ਸਿੰਘ