ਪਵਿੱਤਰ ਰੂਹਾਂ ਦੀ ਕਮਾਈ ❤️ਅੱਜ ਫਿਰ ਦੀਪ ਬਾਈ ਦੇ ਅੰਗੀਠੇ ਤੇ ਜਾਣ ਦਾ ਸਮਾਂ ਮਿਲਿਆ ਤਾਂ ਉੱਥੇ ਹਾਜ਼ਰ ਨੌਜਵਾਨਾਂ ਨੇ ਦੱਸਿਆ ਕਿ ਬਹੁਤ ਲੋਕ ਅੱਜ ਵੀ ਆ ਰਹੇ ਹਨ ਤੇ ਉਹ ਦੀਪ ਦੇ ਅੰਗੀਠੇ ਦੀ ਰਾਖ ਘਰਾਂ ਨੂੰ ਲਿਜਾਈ ਜਾ ਰਹੇ ਸਨ। ਇਸ ਲਈ ਹੁਣ ਰੱਸੀਆਂ ਲਗਾਕੇ ਪਹਿਰਾ ਦਿੱਤਾ ਜਾ ਰਿਹਾ ਤਾਂ ਕਿ ਕੱਲ੍ਹ ਨੂੰ ਚੁਗਣ ਲਈ ਅਸਤ ਬਚੇ ਰਹਿਣ।ਉਹਨਾਂ ਦੇ ਦੱਸਣ ਮੁਤਾਬਿਕ ਕੱਲ੍ਹ ਸਸਕਾਰ ਤੋਂ ਬਾਦ ਮਾਝੇ ਏਰੀਏ ਦੇ ਸਿੰਘ ਜੋ ਮੋਟਰ ਸਾਈਕਲਾਂ ਉੱਪਰ ਹੀ ਆਏ ਹੋਏ ਸਨ ਉਹ ਸਾਰੀ ਰਾਤ ਅੰਗੀਠੇ ਕੋਲ ਬੈਠਕੇ ਸਵੇਰ ਤੱਕ ਪਾਠ ਕਰਦੇ ਰਹੇ। ਇਹ ਉਸ ਪਵਿੱਤਰ ਰੂਹ ਦੀ ਕਮਾਈ ਹੈ।
#ਮਹਿਕਮਾ_ਪੰਜਾਬੀ

ਕਿਸਾਨ ਮੋਰਚਾ ਅਸਲ ਵਿੱਚ ਦੀਪ ਸਿੱਧੂ ਦਾ ਮੋਰਚਾ ਸੀ, ਜੋ ਸਟੇਟ ਦੇ ਦਲਾਲ ਯੂਨੀਅਨ ਆਗੂਆਂ ਨੇ ਹਾਈਜੈਕ ਕਰ ਲਿਆ ਸੀ। ਦਿੱਲੀ ਸਭ ਤੋੰ ਪਹਿਲਾ ਦੀਪ ਸਿੱਧੂ ਪਹੁੰਚਿਆ, ਪਰ ਸਟੇਜ ‘ਤੇ ਸਰਕਾਰ ਨੇ ਆਪਣੇ ਬੰਦੇ ਬਿਠਾ ਦਿੱਤੇ। ਉਨਾਂ ਨੇ ਦੀਪ ਨੂੰ ਇਕ ਦਿਨ ਵੀ ਇਕ ਲਫਜ਼ ਨਹੀੰ ਬੋਲਣ ਦਿੱਤਾ। ਪਰ ਦੀਪ ਸਿੱਧੂ ਦੀਆਂ ਤਕਰੀਰਾਂ ਕਿਸੇ ਸਟੇਜ ਦੀਆਂ ਮੁਥਾਜ ਨਹੀੰ ਸੀ। ਉਹ ਸਦੀਆਂ ਤੱਕ ਗੂੰਜਦੀਆਂ ਰਹਿਣਗੀਆਂ। ਉਸ ਦੀਆਂ ਤਸਵੀਰਾਂ ਵਿਕਣਗੀਆਂ। ਰਾਜੇਵਾਲ, ਚੜੂਨੀ, ਉਗਰਾਹਾਂ, ਕਾਮਰੇਡ ਰਜਿੰਦਰ ਸਭ ਬੇਹੀ ਅਖਬਾਰ ਵਾਂਗ ਰੱਦੀ ਵਾਲੀ ਟੋਕਰੀ ‘ਚ ਸੁੱਟ ਦਿੱਤੇ ਗਏ ਨੇ, ਆਪਣੇ ਹਲਕੇ ਕਿਰਦਾਰਾਂ ਕਰਕੇ ਲੋਕ ਚੇਤਿਆ ਦਾ ਹਿੱਸਾ ਨਹੀੰ ਬਣਨਗੇ।ਦੀਪ ਦੀ ਸਖਸ਼ੀਅਤ ਦਾ ਜਾਦੂ ਸ਼ੰਭੂ ਮੋਰਚੇ ਦੀ ਸ਼ੁਰੂਆਤ ਵੇਲੇ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਤੋੰ ਵੱਧ ਅਸਰਦਾਰ ਸੀ। ਇਹ ਸਾਡੀ ਉਸ ਸਮੇਂ ਦੀ ਲਿਖੀ ਪੋਸਟ ਦੁਬਾਰਾ ਸਾਂਝੀ ਕਰ ਰਹੇ ਹਾਂ।
#ਮਹਿਕਮਾ_ਪੰਜਾਬੀ

ਚੜ੍ਹਦੀ ਕਲਾ ਦੀ ਬਾਤ ਪਾਉਂਦੇ ਦੀਪ ਸਿੱਧੂ ਲਈ

ਅਸੀਂ ਦਰਿਆਵਾਂ ਦੀ ਬੁੱਕਲ ਵਿੱਚ ਜੰਮੇ ਪਲੇ ਹਾਂ। ਉਹ ਦਰਿਆ ਜਿਥੇ ਜਗਤ ਗੁਰ ਬਾਬੇ ਰਾਵੀ ਦੇ ਪਾਣੀਆਂ ਵਿੱਚ ਅੰਮ੍ਰਿਤ ਵੇਲੇ ਇਸ਼ਨਾਨੇ ਸੋਧੇ, ਭਾਈ ਲਹਿਣਾ ਜੀ ਹੁਕਮ ਵਿੱਚ ਆਗਿਆਕਾਰ ਬਣ ਏਸੇ ਦਰਿਆ ਕੰਢੇ ਪ੍ਰਵਾਨ ਚੜ੍ਹੇ, ਅੰਗ ਬਣੇ। ਬਜ਼ੁਰਗੀ ਵਿੱਚ ਬਾਬਾ ਅਮਰਦਾਸ ਜੀ ਨੇ ਬਿਆਸਾ ਦੇ ਪਾਣੀਆਂ ਦੀ ਗਾਗਰ ਬਾਰਾਂ ਸਾਲ ਢੋਈ ਤੇ ਇਸ ਸੇਵਾ ਵਿਚੋਂ ਅਗੰਮੀ ਜੋਤ ਦੇ ਅਧਿਕਾਰੀ ਬਣੇ। ਏਸੇ ਬਿਆਸਾ ਦੇ ਕੰਢੇ ਸਿੱਖੀ ਦਾ ਧੁਰਾ ਗੋਇੰਦਵਾਲ ਅਨਾਥ ਭਾਈ ਜੇਠੇ ਨੂੰ ਦੁਨੀਆਂ ਦਾ ਪਾਲਣਹਾਰ ਬਣਾ ਗਿਆ। ਪੰਜਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਵੀ ਦੇ ਪਾਣੀਆਂ ਵਿੱਚ ਸ਼ਹੀਦੀ ਬਖਸ਼ ਇਹਨਾਂ ਦੇ ਬਾਗੀ ਸੁਭਾਅ ਨੂੰ ਹਲੂਣਿਆ।ਇਹਨਾਂ ਦਰਿਆਵਾਂ ਦੀ ਮਸਤ ਸ਼ਾਂਤ ਜਿਹੀ ਤੋਰ ਨੇ ਇਸ ਹਲੂਣੇ ਨਾਲ ਹਕੂਮਤਾਂ ਦੇ ਮੂੰਹ ਭੰਨ ਸੁੱਟੇ। ਨੌਵੀਂ ਜੋਤ ਤੀਕਰ ਇਹ ਦਰਿਆ ਮਹਾਰਾਜ ਜੀ ਦੇ ਹਜੂਰ ਵਿਚਰਦੇ ਰਹੇ।

ਧਾੜਵੀਆਂ ਅੱਗੇ ਵਿਛ ਵਿਛ ਜਾਂਦੇ ਗੰਗਾ ਜਮਨਾ ਦੇ ਪਾਣੀਆਂ ਨੂੰ ਛੱਡ ਮਰਦ ਅਗੰਮੜੇ ਨੇ ਸਤਲੁਜ ਦੇ ਕੰਢੇ ਨੂੰ ਆਣ ਭਾਗ ਲਾਏ।ਸਤਲੁਜ ਖੰਡੇ ਦੀ ਪਾਹੁਲ ਵਾਸਤੇ ਜਲ ਲੈ ਕੇ ਹਾਜਰ ਹੋਇਆ।ਸਤਲੁਜ ਦੇ ਸੁਭਾਗੇ ਪਾਣੀਆਂ ਨੇ ਪਿਆਰੇ ਸਨਮੁੱਖ ਸਿਰਾਂ ਦੀ ਭੇਟ ਚੜ੍ਹਦੀ ਤੱਕੀ ।

ਰਣਜੀਤ ਨਗਾਰੇ ਦੀਆਂ ਚੋਟਾਂ , ਅਜੀਤ ਜੁਝਾਰ ਦੇ ਘੋੜਿਆਂ ਦੀਆਂ ਟਾਪਾਂ, ਜ਼ੋਰਾਵਰ ਫਤਹਿ ਸਿੰਘ ਅਤੇ ਕਲਗੀਆਂ ਵਾਲੜੇ ਦੇ ਚਰਨ ਕਮਲਾਂ ਦੀ ਆਹਟ ਦੀ ਸਾਖੀ ਜਦੋਂ ਸਤਲੁਜ ਨੇ ਬਿਆਸਾ ਤੇ ਰਾਵੀ ਨੂੰ ਸੁਣਾਈ ਤਾਂ ਇਹਨਾਂ ਪਾਣੀਆਂ ਵਿੱਚ ਚੜ੍ਹਦੀ ਕਲਾ ਦਾ ਅਜਿਹਾ ਹੜ੍ਹ ਆਇਆ ਜਿਸਨੇ ਜ਼ੁਲਮ ਦੀ ਇੱਟ ਨਾਲ ਇੱਟ ਖੜਕਾ ਦਿੱਤੀ। ਇਹ ਖਬਰਾਂ ਜਦੋਂ ਜਿਹਲਮ ਤੇ ਝਨਾਂ ਦੇ ਗਰਾਈਂ ਕੋਲ ਗੋਦਾਵਰੀ ਕੰਢੇ ਪਹੁੰਚੀਆਂ ਤਾਂ ਉਹ ‘ਬੰਦਾ’ ਬਣ ਗੁਰੂ ਪਾਤਸ਼ਾਹ ਦੀ ਬੰਦਗੀ ਵਿੱਚ ਤਾਬਿਆਦਾਰ ਹੋ ਤੀਰਾਂ ਦੀ ਬਖਸ਼ਿਸ਼ ਲੈ ਪੰਜਾਬੇ ਮੁੜਿਆ ਤੇ ਗੁਰੂ ਪਾਤਸ਼ਾਹ ਦੇ ਨਾਮ ਦਾ ਸਿੱਕਾ ਚਲਾਇਆ ਤਾਂ ਪੰਜਾਬ ਦੇ ਪਾਣੀ ਬਲਿਹਾਰੇ ਗਏ।
ਪਾਤਸ਼ਾਹ ਨੇ ਇਹਨਾਂ ਪਾਣੀਆਂ ਨੂੰ ਐਸੀ ਪਾਨ ਚਾੜ੍ਹੀ ਕਿ ਦੇਸ ਪੰਜਾਬ ਬੰਦ ਬੰਦ ਕਟਵਾ , ਚਰਖੜੀਆਂ ਤੇ ਚੜ੍ਹਦਾ, ਖੋਪਰ ਲੁਹਾਉਂਦਾ ਸੀਸ ਤਲੀ ਤੇ ਧਰ ਜਬਰ ਜੁਲਮ ਖਿਲਾਫ ਹਮੇਸ਼ਾ ਮੂਹਰੇ ਹੋ ਕੇ ਲੜਦਾ ਰਿਹਾ ਪਰ ਕਦੇ ਵੀ ਮਾਯੂਸ ਨਹੀਂ ਹੋਇਆ, ਢਹਿੰਦੀ ਕਲਾ ਵੱਲ ਨਹੀਂ ਗਿਆ।

ਪੰਜਾਬ ਦੇ ਪਾਣੀਆਂ ਦੇ ਜਾਇਆਂ ਨੇ ਪੰਜਾਬ ਵਾਂਗ ਟੋਟੇ ਤਾਂ ਕਰਵਾ ਲਏ ਪਰ ਕਦੇ ਹਿੰਮਤ ਨਹੀਂ ਹਾਰੀ। ਤੀਰ ਵਾਲੇ ਬਾਬੇ , ਜਿੰਦੇ ਸੁੱਖੇ, ਬੇਅੰਤ ਸਤਵੰਤ , ਤੂਫ਼ਾਨ, ਮਾਨੋਚਾਹਲ, ਭਾਈ ਖਾਲੜੇ ਇਹ ਦਰਿਆਵਾਂ ਦੀ ਬੁੱਕਲ ਵਿੱਚ ਪਲੇ ਤੇ ਪ੍ਰਵਾਨ ਚੜ੍ਹੇ। ਅਨੇਕਾਂ ਭਾਈ ਭੁੱਲਰ, ਹਵਾਰੇ , ਰਾਜੋਆਣੇ, ਤਾਰੇ ਆਉਂਦੇ ਰਹਿਣਗੇ ਤੇ ਡਟੇ ਰਹਿਣਗੇ।

ਦੀਪ ਸਿੱਧੂ ਏਸੇ ਚੜ੍ਹਦੀ ਕਲਾ ਦੀ ਬਾਤ ਪਾਉਂਦਾ ਸੀ। ਦਰਿਆਵਾਂ ਦੇ ਜਾਇਆਂ ਦਾ ਸੁਭਾਅ ਵੀ ਦਰਿਆਵਾਂ ਵਰਗਾ ਹੁੰਦੈ। ਉਹਨੂੰ ਵੇਖ ਕੇ ਲੱਗਦਾ ਸੀ ਕਿ ਅਸੀਂ ਅੱਜ ਵੀ ਦਰਿਆਵਾਂ ਦੇ ਹਾਣੀ ਆਂ। ਕਿਉਂਕਿ ਸਾਨੂੰ ਪਤੈ ਖ਼ਾਲਸਾ ਖ਼ੁਦ ਖੁਦਾ ਜਦੋਂ ਆਈ ਤੇ ਆਵੇ ਤਾਂ ਅਟਕ ਵੀ ਨਹੀਂ ਅਟਕਾ ਸਕਦੇ ਬੱਸ ਪਾਤਸ਼ਾਹ ਦੀ ਨਜ਼ਰ ਸਵੱਲੀ ਚਾਹੀਦੀ। ਜੇ ਕੋਈ ਮਰਜੀ ਨਾਲ ਖਾਲ ਤਰਦਾ ਫਿਰੇ ਤਾਂ ਗੱਲ ਵੱਖਰੀ।ਮੈਂ ਸੁਣਿਐ ਸੂਰਜ ਦੀਆਂ ਕਿਰਨਾਂ ਨਾਲ ਪਾਣੀ ਭਾਫ਼ ਬਣ ਉੱਡਕੇ ਬੱਦਲ ਬਣਦੇ. ਦੀਪ ਬੱਦਲ ਬਣ ਉੱਡ ਗਿਐ। ਪਰ ਯਕੀਨਨ ਉਹ ਹਿਰਦਿਆਂ ਵਿੱਚ ਵਰ੍ਹਦਾ ਰਹੇਗਾ।

ਉਹ ਜਿੱਥੇ ਵਰ੍ਹੇਗਾ ਚੜ੍ਹਦੀ ਕਲਾ ਦੀ ਬਾਤ ਹੀ ਪਾਏਗਾ। ਆਖ਼ਰ ਉਹ ਪੰਜਾਬ ਦੇ ਪਾਣੀਆਂ ਦਾ ਪੁੱਤ ਜੁ ਸੀ…..
ਦਇਆ ਸਿੰਘ ਸੰਧੂ