ਦੀਪ ਦੇ ਹੀ ਸ਼ਾਇਦ ਇਕ ਫਿਲਮ ਦੇ ਬੋਲ ਨੇ,” ਮੈਂ ਜਾਂ ਤਾਂ ਅਦਬ ਕਰਨਾ ਸਿੱਖਿਆ ਤੇ ਜਾਂ ਹਿੱਕ ਵਿੱਚ ਵੱਜਣਾ… ਪਰ ਮੇਰੇ ਤੋਂ ਕਿਸੇ ਦੀ ਕਿਰਦਾਰਕੁਸ਼ੀ ਨਹੀਂ ਹੁੰਦੀ।”ਪਰ ਦੀਪ ਦੇ ਜਿਉਂਦਿਆਂ ਜੀ ਵਿਰੋਧੀਆਂ ਅਤੇ ਕੁੱਝ ਉਹ ਜਿੰਨਾਂ ਨੂੰ ਆਪਣਾ ਸਮਝਦਾ ਸੀ, ਨੇ ਕਿਰਦਾਰਕੁਸ਼ੀ ਕਰਨ ਵਿੱਚ ਕੋਈ ਕਸਰ ਨਾ ਛੱਡੀ। ਉਹ ਆਪ ਤਾਂ ਚਿਖਾ ਦੀ ਅਗਨੀ ਪ੍ਰੀਖਿਆ ਵਿੱਚ ਕੁੰਦਨ ਹੋ ਨਿਬੜਿਆ ਪਰ ਉਸ ਦੀ ਕਿਰਦਾਰਕੁਸ਼ੀ ਕਰਨ ਵਾਲੇ ਜਦੋਂ ਵੀ ਸ਼ੀਸ਼ੇ ਮੂਹਰੇ ਖੜਨਗੇ, ਸ਼ਰਮਸਾਰ ਹੋਣਗੇ ਅਤੇ ਸਾਰੀ ਉਮਰ ਇਸ ਪਛਤਾਵੇ ਦੀ ਅਗਨ ਵਿੱਚ ਸੜਨਗੇ।ਮਗਰਮੱਛ ਦੇ ਹੰਝੂ ਕੇਰਨ ਵਾਲੇ ਦੋ ਮੂੰਹੇ ਸੱਪਾਂ ਲਈ ਤਾਂ ਇਕ ਅਦੀਬ ਦਾ ਕਥਨ ਹੈ,
ਕੀ ਮੇਰੇ ਕਤਲ ਕੇ ਬਾਅਦ,ਉਸ ਨੇ ਜ਼ਫ਼ਾ ਸੇ ਤੌਬਾ,ਹਾਏ ਉਸ ਜ਼ੂਦ ਪਸ਼ੇਮਾਂ ਕਾ ਪਸ਼ੇਮਾਂ ਹੋਨਾ।
ਦੀਪ ਸਿੱਧੂ ਦੇ ਚਲਾਣੇ ‘ਤੇ ਪੰਥ-ਪ੍ਰਸਤਾਂ ਦੇ ਮਨ ਬਹੁਤ ਦੁਖੀ ਹਨ। ਦੁੱਖ ਵੱਡਾ ਸੀ, ਵੈਰਾਗ ਆਉਣਾ ਵੀ ਜ਼ਰੂਰੀ ਸੀ। ਪਰ ਇਹ ਨਾ ਹੋਵੇ ਕਿ ਸੋਚ-ਸੋਚ ਮਨ ਮਾਨਸਿਕ ਤਣਾਅ ‘ਚ ਚਲਾ ਜਾਵੇ। ਇਸ ਲਈ ਚੜ੍ਹਦੀ ਕਲਾ ਲਿਆਉਣੀ ਜ਼ਰੂਰੀ ਹੈ….. ਤੇ ਚੜ੍ਹਦੀ ਕਲਾ ਲਿਆਉਣ ਲਈ ਦਸਮ ਪਾਸ਼ਾਹ ਵਲੋਂ ਔਰੰਗਜ਼ੇਬ ਨੂੰ ਲਿਖੀ ‘ਫਤਿਹ ਦੀ ਚਿੱਠੀ’ ਜ਼ਫਰਨਾਮਾ ਪੜ੍ਹਨੀ ਬਹੁਤ ਜ਼ਰੂਰੀ ਹੈ। ਮਨ ਵੀ ਚੜ੍ਹਦੀ ਕਲਾ ‘ਚ ਹੋ ਜਾਵੇਗਾ ਅਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆਂ ਜ਼ਫਰਨਾਮੇ ਦਾ ਅਰਥਾਂ ਸਹਿਤ ਉਚਾਰਣ ਵੀ ਹੋ ਜਾਵੇਗਾ, ਜੋ ਸਦਾ ਮਨ ਨੂੰ ਟਿਕਾਅ ਦੇਵੇਗਾ।
ਇੱਕ ਬੇਨਤੀ ਹੋਰ, ਦੀਪ ਦਾ ਇਹ ਖਾਸਾ ਸੀ ਕਿ ਉਹ ਆਪਣੀ ਬੁੱਧੀ ਨੂੰ ਤਰਕ ਦੀ ਸਾਣ ‘ਤੇ ਤੇਜ ਕਰਕੇ ਰੱਖਦਾ ਸੀ, ਇਹੀ ਕਾਰਨ ਸੀ ਕਿ ਦੁਸ਼ਮਣ ਦੀ ਹਰ ਚਾਲ, ਹਰ ਬਿਰਤਾਂਤ, ਹਰ ਸ਼ਾਤਰ ਸਵਾਲ ਨੂੰ ਉਹ ਇਤਿਹਾਸਕ ਹਵਾਲਾ ਦੇ ਕੇ ਪੁੱਠਾ ਕਰ ਦਿੰਦਾ ਸੀ। ਦੀਪ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਸ ਵਾਂਗ ਵੱਧ ਤੋਂ ਵੱਧ ਆਪਣਾ ਇਤਿਹਾਸ ਪੜ੍ਹੀਏ। ਜਵਾਬ ਦੇਣ ਅਤੇ ਜੂਝਣ ਦਾ ਮਾਦਾ ਖੁਦ ਬ ਖੁਦ ਪੈਦਾ ਹੋ ਜਾਣਾ। ਉਸਨੂੰ ਜਿਨ੍ਹਾਂ ਜ਼ਲੀਲ ਕੀਤਾ, ਬਦਨਾਮ ਕੀਤਾ, ਉਸ ਬਾਰੇ ਭੰਡੀ ਪ੍ਰਚਾਰ ਕੀਤਾ, ਉਹ ਉਨ੍ਹਾਂ ਖਿਲਾਫ ਵੀ ਕਦੇ ਨੀ ਬੋਲਿਆ, ਅਸੀਂ ਵੀ ਹੁਣ ਉਹੀ ਰਾਹ ਅਪਣਾਈਏ, ਉਸਦੀਆਂ ਕਹੀਆਂ ਗੱਲਾਂ ਸਾਂਝੀਆਂ ਕਰੀਏ, ਉਸਦੀ ਹਾਲੇ ਵੀ ਨੁਕਤਾਚੀਨੀ ਕਰੀ ਜਾਣ ਵਾਲਿਆਂ ਨਾਲ ਬਹਿਸ ਕੇ ਸਮਾਂ ਨਾ ਗਵਾਈਏ।