2021-ਰੈਜ਼ੀਡੈਂਟ ਵੀਜ਼ਾ: ਪੱਕੇ ਹੋਣ ਦਾ ਦੂਜਾ ਗੇੜ..ਨਿਊਜ਼ੀਲੈਂਡ ’ਚ ਪੱਕੇ ਹੋਣ ਲਈ ਅੱਜ ਦਾਖਲ ਕੀਤੀਆਂ ਵੀਜ਼ਾ ਅਰਜ਼ੀਆਂ ਨੇ ਤੋੜੇ ਸਾਰੇ ਰਿਕਾਰਡ..-6 ਘੰਟਿਆਂ ’ਚ 8220 ਅਰਜ਼ੀਆਂ ਦਾਖਲ ਤੇ 8588 ਲਾਈਨ ’ਚ

-ਹਰਜਿੰਦਰ ਸਿੰਘ ਬਸਿਆਲਾ- ਔਕਲੈਂਡ 1 ਮਾਰਚ 2022: ਨਿਊਜ਼ੀਲੈਂਡ ਦੇ ਵਿਚ 2021 ਰੈਜ਼ੀਡੈਂਟ ਵੀਜ਼ਾ ਅਰਜ਼ੀਆਂ ਦਾ ਦੂਜਾ ਗੇੜ ਅੱਜ ਸਵੇਰੇ 10 ਵਜੇ ਸ਼ੁਰੂ ਹੋਇਆ। ਲਗਪਗ 1,10,000 ਯੋਗ ਲੋਕਾਂ ਨੇ ਇਥੇ ਆਪਣੀਆਂ ਆਨ ਲਾਈਨ ਅਰਜ਼ੀਆਂ ਲਗਾਉਣੀਆਂ ਹਨ। ਭਾਵੇਂ ਇਮੀਗ੍ਰੇਸ਼ਨ ਨੇ ਇਹ ਦਾਅਵਾ ਕੀਤਾ ਸੀ ਕਿ ਜਿਆਦਾ ਗਿਣਤੀ ਦੇ ਵਿਚ ਇਕੋ ਦਿਨ ਅਰਜ਼ੀਆਂ ਦਾਖਲ ਹੋਣ ਦੇ ਬਾਵਜੂਦ ਵੀ ਕੋਈ ਤਕਨੀਕੀ ਸਮੱਸਿਆ ਨਹੀਂ ਆਵੇਗੀ, ਪਰ ਫਿਰ ਵੀ ਇਮੀਗ੍ਰੇਸ਼ਨ ਦੀ ਵੈਬਸਾਈਟ ਜਿਆਦਾ ਭਾਰ ਪੈਂਦਿਆਂ ਹੀ ਕਿਤੇ ਨਾ ਕਿਤੇ ਪੈਰ ਪਿੱਛੇ ਖਿਚਦੀ ਨਜ਼ਰ ਆਈ। ਸਰਕਾਰੀ ਸੂਚਨਾ ਮੁਤਾਬਿਕ ਅੱਜ ਪਹਿਲੇ ਦਿਨ ਹੀ ਲਗਪਗ 6 ਘੰਟਿਆਂ (ਸ਼ਾਮ 4 ਵਜੇ ਤੱਕ) 8220 ਅਰਜ਼ੀਆਂ ਦਾਖਲ ਹੋ ਚੁੱਕੀਆਂ ਸਨ ਅਤੇ 8588 ਉਤੇ ਦਾਖਲ ਕਰਨ ਦੀ ਕਾਰਵਾਈ ਚੱਲ ਰਹੀ ਸੀ। ਇਸ ਤੋਂ ਪਹਿਲਾਂ ਇਮੀਗ੍ਰੇਸ਼ਨ ਕੋਲ 24 ਘੰਟਿਆਂ ਦੇ ਵਿਚ 3526 ਅਰਜ਼ੀਆਂ ਦਾਖਲ ਹੋਣ ਦਾ ਹੀ ਰਿਕਾਰਡ ਸੀ। ਦੂਜੇ ਗੇੜ ਦੀਆਂ ਅਰਜ਼ੀਆਂ 31 ਜੁਲਾਈ ਤੱਕ ਲਈਆਂ ਜਾਣੀਆਂ ਹਨ। ਵਰਨਣਯੋਗ ਹੈ ਕਿ ਪਹਿਲੇ ਗੇੜ ਦੇ ਵਿਚ ਹੁਣ ਤੱਕ 10,000 ਅਰਜ਼ੀਆਂ ਮੰਜ਼ੂਰ ਹੋ ਚੁੱਕੀਆਂ ਹਨ ਅਤੇ 20,000 ਦੇ ਕਰੀਬ ਲੋਕ ਪੱਕੇ ਹੋ ਚੁੱਕੇ ਹਨ। ਸਰਕਾਰ ਨੇ ਇਸ ਸਾਲ ਦੇ ਅੰਤ ਤੱਕ ਦੋਵਾਂ ਗੇੜਾਂ ਦੇ ਵਿਚ ਇਕ 1,65,000 ਦੇ ਕਰੀਬ ਲੋਕ ਪੱਕੇ ਕਰਨੇ ਹਨ।

ਇਮੀਗ੍ਰੇਸ਼ਨ ਸਲਾਹਕਾਰ ਸੰਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਬਹੁਤ ਸਾਰੇ ਇਮੀਗ੍ਰੇਸ਼ਨ ਸਲਾਹਕਾਰ ਅੱਜ ਕਾਫੀ ਰੁੱਝੇ ਰਹੇ। ਇਕ ਅਰਜ਼ੀ ਨੂੰ ਅੱਧੇ ਘੰਟੇ ਤੋਂ ਇਕ ਘੰਟੇ ਤੱਕ ਦਾ ਵੀ ਸਮਾਂ ਲਗਦਾ ਰਿਹਾ ਹੈ। ਲੋਕਾਂ ਦੀ ਬੇਚੈਨੀ ਵੀ ਇਸ ਮੌਕੇ ਵੇਖੀ ਗਈ। ਦਾਖਲ ਅਰਜ਼ੀਆਂ ਦੇ ਜਵਾਬ ਵਿਚ ਲਿਖਿਆ ਮਿਲਦਾ ਹੈ ਕਿ ਤੁਹਾਡੀ ਅਰਜ਼ੀ ਮਿਲੀ ਹੈ ਅਤੇ 31 ਮਾਰਚ ਨੂੰ ਇਨ੍ਹਾਂ ਉਤੇ ਨਜ਼ਰ ਸਵੱਲੀ ਕੀਤੀ ਜਾਵੇਗੀ। ਜਿਨ੍ਹਾਂ ਅਰਜ਼ੀਦਾਤਾਵਾਂ ਦੇ ਵੀਜ਼ੇ ਪਹਿਲਾਂ ਖਤਮ ਹੋਣੇ ਹਨ, ਉਹ ਪਹਿਲਾਂ ਵਿਚਾਰੀਆਂ ਜਾਣਗੀਆਂ। ਜਿਨ੍ਹਾਂ ਦੇ ਹੋਰ ਕਾਗਜ਼ ਚਾਹੀਦੇ ਹੋਣਗੇ ਉਹ ਵੀ ਮੰਗੇ ਜਾਣਗੇ ਤੇ ਅੱਪਲੋਡ ਕਰਨ ਬਾਰੇ ਕਿਹਾ ਜਾਵੇਗਾ। ਜਿੰਨਾ ਚਿਰ ਇਨ੍ਹਾਂ ਅਰਜ਼ੀਆਂ ਦਾ ਫੈਸਲਾ ਨਹੀਂ ਹੋ ਜਾਂਦਾ ਓਨਾ ਚਿਰ ਅਰਜ਼ੀਦਾਤਾਵਾਂ ਨੂੰ ਆਪਣਾ ਵੀਜ਼ਾ ਇਥੇ ਮਿਆਦਪੂਰਨ ਰੱਖਣਾ ਹੋਵੇਗਾ। ਜੇਕਰ ਕੋਈ ਬਦਲਾਅ ਆ ਰਿਹਾ ਹੋਵੇ ਤਾਂ ਇਮੀਗ੍ਰੇਸ਼ਨ ਨੂੰ ਤੁਰੰਤ ਦੱਸਣਾ ਚਾਹੀਦਾ ਹੈ।