ਚੰਡੀਗੜ੍ਹ, 30 ਸਤੰਬਰ – ਸੁਨੀਲ ਜਾਖੜ ਨੇ ਟਵੀਟ ਕਰ ਸਿੱਧੂ ‘ਤੇ ਤਨਜ਼ ਕੱਸਿਆ ਹੈ | ਜਾਖੜ ਨੇ ਟਵੀਟ ਕਰਕੇ ਕਿਹਾ ਕਿ ਬਸ ਬਹੁਤ ਹੋ ਗਿਆ, ਵਾਰ -ਵਾਰ ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੁਣ ਖਤਮ ਕਰੋ | ਉਨ੍ਹਾਂ ਦਾ ਕਹਿਣਾ ਹੈ ਕਿ ਏ.ਜੀ. ਅਤੇ ਡੀ.ਜੀ.ਪੀ. ਦੀ ਚੋਣ ਬਾਰੇ ਪੁੱਛੇ ਜਾ ਰਹੇ ਸਵਾਲ ਅਸਲ ਵਿਚ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਇਮਾਨਦਾਰੀ/ਯੋਗਤਾ ‘ਤੇ ਸਵਾਲ ਉਠਾ ਰਹੇ ਹਨ |


ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਨੇ ਮੈਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੁਪਹਿਰ 3:00 ਵਜੇ ਪੰਜਾਬ ਭਵਨ, ਚੰਡੀਗੜ੍ਹ ਪਹੁੰਚ ਕੇ ਉਨ੍ਹਾਂ ਨਾਲ ਹਰ ਇਕ ਗੱਲ ‘ਤੇ ਵਿਚਾਰ ਵਟਾਂਦਰੇ ਕੀਤਾ ਜਾਵੇਗਾ |

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਅੰਦਰ ਬਣੇ ਹਾਲਾਤ ਤੋਂ ਕਾਂਗਰਸ ਹਾਈਕਮਾਨ ਸਿੱਧੂ ਤੋਂ ਕਾਫ਼ੀ ਖਫ਼ਾ ਹੈ। ਕਾਂਗਰਸ ਹਾਈਕਮਾਨ ਨੇ ਹੁਣ ਸਿੱਧੂ ਮਸਲੇ ‘ਤੇ ਪੂਰੀ ਤਰ੍ਹਾਂ ਚੁੱਪੀ ਧਾਰਦਿਆਂ ਇਸ ਨੂੰ ਸਥਾਨਕ ਪੱਧਰ ‘ਤੇ ਹੱਲ ਕਰਨ ਦੇ ਹੀ ਆਦੇਸ਼ ਦਿੱਤੇ ਹਨ। ਸਿੱਧੂ ਦੇ ਅਸਤੀਫ਼ੇ ਤੋਂ ਅਗਲੇ ਹੀ ਦਿਨ ਰਾਹੁਲ ਗਾਂਧੀ ਕੇਰਲ ਦੇ ਦੌਰੇ ‘ਤੇ ਚਲੇ ਗਏ ਹਨ। ਹਾਲਾਂਕਿ ਇਹ ਦੌਰਾ ਪਹਿਲਾਂ ਤੋਂ ਨਿਸਚਿਤ ਦੱਸਿਆ ਜਾ ਰਿਹਾ ਹੈ ਪਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਵੀ ਅਸਤੀਫ਼ੇ ਦੀ ਖ਼ਬਰ ਆਉਣ ‘ਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਕਨ੍ਹਈਆ ਕੁਮਾਰ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀ ਪ੍ਰੈੱਸ ਕਾਨਫ਼ਰੰਸ ‘ਚ ਸ਼ਾਮਿਲ ਨਹੀਂ ਹੋਏ।

ਪ੍ਰਿਅੰਕਾ ਗਾਂਧੀ ਜਿਨ੍ਹਾਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਹੀ ਸਿੱਧੂ ਨੂੰ ਪੰਜਾਬ ਪ੍ਰਦੇਸ਼ ਦੀ ਪ੍ਰਧਾਨਗੀ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ, ਵਲੋਂ ਵੀ ਸਿੱਧੂ ਨੂੰ ਮਨਾਉਣ ਦੀ ਕੋਈ ਉਚੇਚ ਨਹੀਂ ਕੀਤੀ ਜਾ ਰਹੀ। ਸੋਨੀਆ ਗਾਂਧੀ ਪਹਿਲਾਂ ਹੀ ਇਸ ਮਾਮਲੇ ‘ਚ ਫ਼ੈਸਲਾਕੁੰਨ ਭੂਮਿਕਾ ‘ਚ ਨਹੀਂ ਸੀ। ਸਿੱਧੂ ਤੋਂ ਨਾਰਾਜ਼ ਗਾਂਧੀ ਪਰਿਵਾਰ ਨੇ ਹਾਲਾਂਕਿ ਪੰਜਾਬ ਮਾਮਲੇ ‘ਤੇ ਆਪਣੀ ਨਿਗ੍ਹਾ ਬਰਾਬਰ ਰੱਖੀ ਹੋਈ ਹੈ। ਰਾਜਸਥਾਨ ਸਰਕਾਰ ‘ਚ ਮੰਤਰੀ ਅਤੇ ਪੰਜਾਬ ਮਾਮਲੇ ‘ਚ ਨਿਗਰਾਨ ਬਣਾਏ ਗਏ ਹਰੀਸ਼ ਚੌਧਰੀ ਹਾਈਕਮਾਨ ਨੂੰ ਹਲਾਤ ਦਾ ਤਾਜ਼ਾ ਬਿਓਰਾ ਦੇ ਰਹੇ ਹਨ।

ਸਿੱਧੂ ਦੇ ਖ਼ਿਲਾਫ਼ ਹਾਈਕਮਾਨ ਦੇ ਬਦਲੇ ਰਵੱਈਏ ਨਾਲ ਕਾਂਗਰਸੀ ਬੁਲਾਰਿਆਂ ਦੇ ਵੀ ਸੁਰ ਬਦਲੇ ਨਜ਼ਰ ਆ ਰਹੇ ਹਨ। ਕਾਂਗਰਸ ਦੀ ਰਾਸ਼ਟਰੀ ਬੁਲਾਰਾ ਅਲਕਾ ਲਾਂਬਾ ਨੇ ਸਿੱਧੂ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਿੱਧੂ ਦਾ ਸਿਆਸਤ ‘ਚ ਸਮਾਂ ਪੂਰਾ ਹੋ ਚੁੱਕਾ ਹੈ, ਉਨ੍ਹਾਂ ਨੂੰ ਵਾਪਸ ਮੁੰਬਈ ਕਪਿਲ ਸ਼ਰਮਾ ਦੇ ਸ਼ੋਅ ‘ਚ ਚਲੇ ਜਾਣਾ ਚਾਹੀਦਾ ਹੈ। ਪਾਰਟੀ ਦੇ ਇਕ ਹੋਰ ਬੁਲਾਰੇ ਡਾ. ਉਦਿਤ ਰਾਜ ਨੇ ਵੀ ਸਿੱਧੂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪਾਰਟੀ ਨੇ ਸਿੱਧੂ ਨੂੰ ਕੀ ਨਹੀਂ ਦਿੱਤਾ। ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ। ਇਥੋਂ ਤੱਕ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਉਨ੍ਹਾਂ ਦੀ ਹੀ ਪਸੰਦ ਸੀ। ਉਦਿਤ ਰਾਜ ਨੇ ਟਵਿੱਟਰ ‘ਤੇ ਪਾਏ ਇਸ ਸੰਦੇਸ਼ ‘ਚ ਇਹ ਵੀ ਕਿਹਾ ਕਿ ਸ਼ਾਇਦ ਪੱਛੜੀ ਜਾਤੀ ਦਾ ਮੁੱਖ ਮੰਤਰੀ ਬਣਨਾ ਹੀ ਸਿੱਧੂ ਦੀ ਨਾਰਾਜ਼ਗੀ ਦਾ ਕਾਰਨ ਹੈ।