ਨਵੀਂ ਦਿੱਲੀ: ਏਅਰਪੋਰਟ ‘ਤੇ ਸਪਾਈਸਜੈੱਟ ਦਾ ਇਕ ਜਹਾਜ਼ ਖੰਭੇ ਨਾਲ ਟਕਰਾ ਗਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਾਇਲਟ ਫਲਾਈਟ ਨੂੰ ਰਿਵਰਸ ਕਰ ਰਹੇ ਸਨ, ਇਸ ਦੌਰਾਨ ਫਲਾਈਟ ਦਾ ਇਕ ਵਿੰਗ ਰਨਵੇ ‘ਤੇ ਖੜ੍ਹੇ ਖੰਭੇ ਨਾਲ ਟਕਰਾ ਗਿਆ। ਹਾਲਾਂਕਿ ਇਸ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਸਵੇਰੇ 9.26 ਵਜੇ ਵਾਪਰਿਆ।

ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਅਤੇ ਖੰਭਾ ਦੋਵੇਂ ਮਾਮੂਲੀ ਨੁਕਸਾਨੇ ਗਏ ਹਨ। ਡੀਜੀਸੀਏ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਵਿਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ ਅਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਪਾਈਸਜੈੱਟ ਦੇ ਬੋਇੰਗ 737-800 ਜਹਾਜ਼ ਨੂੰ ਸੋਮਵਾਰ ਸਵੇਰੇ ਪਿੱਛੇ ਵੱਲ ਲਿਜਾਇਆ ਜਾ ਰਿਹਾ ਸੀ ਜਦੋਂ ਇਸ ਦਾ ਸੱਜਾ ਖੰਭ ਹਵਾਈ ਅੱਡੇ ਦੇ ਇਕ ਖੁੱਲ੍ਹੇ ਖੇਤਰ ਵਿਚ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਨੇ ਦਿੱਲੀ ਤੋਂ ਸਵੇਰੇ 9.20 ਵਜੇ ਰਵਾਨਾ ਹੋਣਾ ਸੀ। ਸਪਾਈਸਜੈੱਟ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ 28 ਮਾਰਚ 2022 ਨੂੰ ਸਪਾਈਸਜੈੱਟ ਦੀ ਉਡਾਣ ਐਸਜੀ 160 ਦਿੱਲੀ ਅਤੇ ਜੰਮੂ ਵਿਚਕਾਰ ਸੰਚਾਲਿਤ ਹੋਣੀ ਸੀ।