ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ (ਮੋਗ ) ਵਿਖੇ ਹਰ ਸਾਲ ਦੀ ਤਰ੍ਹਾਂ ਚੱਲ ਰਹੇ ਮੇਲੇ ਦੌਰਾਨ ਕਿਸੇ ਨਿੱਜੀ ਰੰਜਿਸ਼ ਕਰਕੇ ਗੋਲ਼ੀਆਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਐੱਸ.ਪੀ.ਡੀ ਮੋਗਾ, ਡੀ.ਐੱਸ.ਪੀ ਰੁਪਿੰਦਰ ਕੌਰ ਭੱਟੀ ਬਾਘਾ ਪੁਰਾਣਾ ਸ਼ਮਸ਼ੇਰ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਬਾਬਾ ਸ਼ਿੱਧ ਜੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੋ ਰਿਹਾ ਹੈ ਅਤੇ ਅੱਜ ਮੇਲੇ ਦਾ ਆਖ਼ਰੀ ਦਿਨ ਸੀ। ਪਿੰਡ ਵਿਚ ਕਾਫ਼ੀ ਗਹਿਮਾ-ਗਹਿਮੀ ਸੀ, ਜਦੋਂ ਪਿੰਡ ਦਾ ਨੌਜਵਾਨ ਹਰਜੀਤ ਸਿੰਘ ਉਰਫ਼ ਪਿੰਟਾ (32) ਆਪਣੇ ਸਾਥੀ ਗੁਰਪ੍ਰੀਤ ਸਿੰਘ (20) ਦੇ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਪਿੰਡ ਦੀ ਫਿਰਨੀ ’ਤੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਨਾਲ ਹਰਜੀਤ ਸਿੰਘ ਉਰਫ਼ ਪਿੰਟਾਂ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੁਰਪ੍ਰੀਤ ਸਿੰਘ ਦੀ ਲੱਤ ਵਿਚ ਗੋਲੀ ਲੱਗਣ ਦੇ ਨਾਲ ਉਹ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ।

ਇਸ ਦੌਰਾਨ ਹਮਲਾਵਰ ਉਥੋਂ ਫਰਾਰ ਹੋ ਗਏ। ਡੀ.ਐਸ.ਪੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮ੍ਰਿਤਕ ਹਰਜੀਤ ਸਿੰਘ ਪਿੰਟਾਂ ਦੀ ਕਈ ਵਿਅਕਤੀਆਂ ਨਾਲ ਰੰਜਿਸ਼ ਚੱਲਦੀ ਆ ਰਹੀ ਸੀ ਅਤੇ ਕਈ ਮਾਮਲੇ ਵੀ ਦਰਜ ਸਨ। ਉਨ੍ਹਾਂ ਕਿਹਾ ਕਿ ਪੁਲਸ ਇਲਾਕੇ ਵਿਚ ਲੱਗੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲ ਰਹੀ ਹੈ ਅਤੇ ਕਈ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ, ਜਲਦ ਹੀ ਕੋਈ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦੇ ਬਾਅਦ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕ ਹਰਜੀਤ ਸਿੰਘ ਪਿੰਟਾਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਰੱਖਿਆ ਗਿਆ ਹੈ, ਜਿਸ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।