ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੱਥੇ ਕਾਂਗਰਸ ਛੱਡਣ ਦਾ ਐਲਾਨ ਕਰ ਚੁੱਕੇ ਹਨ, ਉਥੇ ਹੀ ਉਨ੍ਹਾਂ ਦੀ ਧਰਮਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸ ਵਿਚ ਹੀ ਬਣੀ ਰਹੇਗੀ ਅਤੇ ਪਾਰਟੀ ਨਹੀਂ ਛੱਡੇਗੀ।

ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਹੋ ਰਿਹਾ ਹੈ, ਉਸ ਤੋਂ ਪੂਰਾ ਪੰਜਾਬ ਅਤੇ ਕਾਂਗਰਸੀ ਵਰਕਰ ਬੇਹੱਦ ਚਿੰਤਤ ਹਨ। ਕੈਪਟਨ ਅਮਰਿੰਦਰ ਸਿੰਘ ਦੇਸ਼ ਦੇ ਸੀਨੀਅਰ ਕਾਂਗਰਸੀ ਨੇਤਾ ਹਨ ਅਤੇ ਉਨ੍ਹਾਂ ਨੂੰ ਪਾਰਟੀ ਵਿਚ ਅਪਮਾਨਿਤ ਕੀਤਾ ਗਿਆ, ਜਿਸ ਕਾਰਨ ਨਿਰਾਸ਼ ਹੋ ਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਰਨ ਹੀ ਪੰਜਾਬ ਵਿਚ 2 ਵਾਰ ਕਾਂਗਰਸ ਦੀ ਸਰਕਾਰ ਆਈ ਅਤੇ ਜਦੋਂ ਦੇਸ਼ ਵਿਚ ਮੋਦੀ ਲਹਿਰ ਚੱਲ ਰਹੀ ਸੀ ਤਾਂ ਉਸ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਤੋਂ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਸੀਟਾਂ ਜਿੱਤਾ ਕੇ ਲਿਆਏ। ਪਟਿਆਲਾ ਜ਼ਿਲੇ ਦੀਆਂ 8 ਵਿਧਾਨ ਸਭਾ ਸੀਟਾਂ ’ਚੋਂ 7 ਸੀਟਾਂ ’ਤੇ ਕਾਂਗਰਸ ਫਤਿਹ ਰਹੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ 2022 ਵਿਚ ਵੀ ਕਾਂਗਰਸ ਸਰਕਾਰ ਬਣਨਾ ਤੈਅ ਸੀ ਪਰ ਕੁੱਝ ਲੋਕਾਂ ਨੇ ਆਪਣੇ ਨਿੱਜੀ ਸਵਾਰਥ ਲਈ ਪਾਰਟੀ ਦਾ ਭੱਠਾ ਬਿਠਾ ਦਿੱਤਾ।

ਇਹ ਪੁੱਛੇ ਜਾਣ ਉੱਤੇ ਕਿ ਉਨ੍ਹਾਂ ਦਾ ਅਗਲਾ ਪਲਾਨ ਕੀ ਹੈ, ਤਾਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿਚ ਹਨ। ਪਟਿਆਲੇ ਦੇ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਨਜ਼ਦੀਕੀ ਹਨ। ਸਾਰੇ ਵਿਧਾਇਕ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿਚ ਹਨ।