ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਫੈਸਲਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਡ ਕੇ ਸਿੱਧਾ ਪੰਜਾਬ ਦੇ ਚੀਫ ਸੈਕ੍ਰੇਟਰੀ, ਪਾਵਰ ਸੈਕ੍ਰੇਟਰੀ ਤੇ ਪ੍ਰਿੰਸੀਪਲ ਸੈਕ੍ਰੇਟਰੀ ਨੂੰ ਦਿੱਲੀ ਬੁਲਾਉਣ ਨੂੰ ਗਲਤ ਦੱਸਿਆ। ਖਹਿਰਾ ਨੇ ਕਿਹਾ ਕਿ ਕੇਜਰੀਵਾਲ ਕੋਲ ਕੀ ਅਧਿਕਾਰ ਹੈ ਅਜਿਹਾ ਕਰਨ ਦਾ ਹੈ। ਪਹਿਲੇ ਦਿਨ ਅਫਸਰ ਬੁਲਾਏ। ਡਾਇਰੈਕਟ ਮੀਟਿੰਗ ਕੀਤੀ ਜੋ ਕਿ ਗੈਰ-ਸੰਵਿਧਾਨਕ ਹੈ। ਦੂਜੇ ਦਿਨ ਭਗਵੰਤ ਮਾਨ ਦਿੱਲੀ ਪਹੁੰਚ ਗਏ । ਅਸਲ ਵਿਚ ਕੇਜਰੀਵਾਲ ਜਾਣਬੁਝ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਰਮਿੰਦਾ ਕਰ ਰਹੇ ਹਨ।

ਬਾਅਦ ਵਿਚ CM ਮਾਨ ਨੇ ਕਿਹਾ ਕਿ ਕੇਜਰੀਵਾਲ ਸਾਬ੍ਹ ਨਾਲ ਬਹੁਤ ਹੀ ਚੰਗੀ ਮੀਟਿੰਗ ਰਹੀ ਤੇ ਅਸੀਂ ਜਲਦ ਹੀ ਐਲਾਨ ਕਰਾਂਗੇ। ਜਿਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ 300 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਹੀ ਕੀਤਾ ਜਾਣਾ ਹੈ। ਖਹਿਰਾ ਨੇ ਕਿਹਾ ਕਿ ਇਹ ਕਿੰਨਾ ਕੁ ਵੱਡਾ ਇਤਿਹਾਸਕ ਫੈਸਲਾ ਸੀ ਜੋ ਸਿਰਫ ਦਿੱਲੀ ਆ ਕੇ ਹੀ ਕੀਤਾ ਜਾਣਾ ਸੀ। ਉੁਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਇੱਕੋ-ਇੱਕ ਮਕਸਦ CM ਮਾਨ ਨੂੰ ਸ਼ਰਮਿੰਦਾ ਕਰਨਾ ਹੈ। ਪੰਜਾਬ ਵਿਚ ਪਹਿਲਾਂ ਹੀ 300 ਯੂਨਿਟ ਬਿਜਲੀ ਫ੍ਰੀ ਮਿਲ ਰਹੀ ਹੈ ਤੇ ਸਿਰਫ 100 ਬਿਜਲੀ ਯੂਨਿਟ ਹੋਰ ਫ੍ਰੀ ਦੇਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦੀ ਕਚਿਹਰੀ ਵਿਚ ਉਨ੍ਹਾਂ ਦਾ ਕੱਦ ਘਟਾ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨੂੰ ਆਪਣਾ ਵੱਡਾ ਭਰਾ ਕਹਿੰਦੇ ਹਨ ਪਰ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਸਵਾਲ ਹੈ। ਪੰਜਾਬ ਦੇ ਲੋਕ ਇਸ ਗੱਲ ‘ਤੇ ਇਤਰਾਜ਼ ਕਰ ਰਹੇ ਹਨ ਕਿ ਉਨ੍ਹਾਂ ਨੇ ‘ਆਪ’ ਨੂੰ 92 ਸੀਟਾਂ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਹੈ ਪਰ ਅਜੇ ਵੀ ਤੁਹਾਡੇ ਵਿਚ ਆਤਮਵਿਸ਼ਵਾਸ ਦੀ ਕਮੀ ਹੈ।ਉਨ੍ਹਾਂ ਕਿਹਾ ਕਿ ਦਿੱਲੀ ਇੱਕ ਸੰਪੂਰਨ ਰਾਜ ਨਹੀਂ ਹੈ ਅਤੇ ਇਸ ਹਿਸਾਬ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰੁਤਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲੋਂ ਛੋਟਾ ਹੈ। ਉਹ ਸਾਡੇ ਅਫ਼ਸਰਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕਰ ਰਹੇ ਹਨ, ਕੀ ਇਹ ਨਿਯਮਾਂ ਅਨੁਸਾਰ ਜਾਂ ਸੰਵਿਧਾਨ ਅਨੁਸਾਰ ਸਹੀ ਹੈ? ਜੇਕਰ ਅਜਿਹਾ ਹੈ ਤਾਂ ਫਿਰ ਇੱਕ ਸੂਬੇ ਦੇ ਅਧਿਕਾਰੀ ਦੂਜੇ ਸੂਬੇ ਵਿਚ ਦਖ਼ਲਅੰਦਾਜ਼ੀ ਕਰਨਗੇ ਜੋ ਕਿ ਇਤਰਾਜ਼ਯੋਗ ਗੱਲ ਹੈ। ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਦੀ ਹਾਲ ਹੀ ਵਿਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਸਭ ਹੋਣ ਮਗਰੋਂ ਸਾਨੂੰ ਉਮੀਦ ਸੀ ਕਿ ਭਗਵੰਤ ਮਾਨ ਇਸ ਮਾਮਲੇ ‘ਤੇ ਸਪਸ਼ਟੀਕਰਨ ਦੇਣਗੇ ਅਤੇ ਯਕੀਨੀ ਬਣਾਉਣਗੇ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ ਪਰ ਬੀਤੇ ਦਿਨ ਪੰਜਾਬ ਦੇ ਅਧਿਕਾਰੀਆਂ ਸਮੇਤ ਉਹ ਫਿਰ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕਰਨ ਲਈ ਗਏ।

ਉਨ੍ਹਾਂ ਕਿਹਾ ਕਿ ‘ਮਾਨ’ ਸਰਕਾਰ ਵਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਨੂੰ ਇਤਿਹਾਸਿਕ ਫ਼ੈਸਲਾ ਦੱਸਿਆ ਜਾ ਰਿਹਾ ਹੈ ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਸਗੋਂ 200 ਯੂਨਿਟ ਬਿਜਲੀ ਤਾਂ ਪਿਛਲੀਆਂ ਸਰਕਾਰਾਂ ਵੀ ਗ਼ਰੀਬ ਤਬਕੇ ਨੂੰ ਦੇ ਰਹੀਆਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ 100 ਯੂਨਿਟ ਹੋਰ ਬਿਜਲੀ ਦੇਣ ਬਾਰੇ ਸੋਚ ਰਹੇ ਹਨ ਉਸ ਦੇ ਵਿੱਤੀ ਖ਼ਰਚੇ ਚੰਡੀਗੜ੍ਹ ਵਿਚ ਹੀ ਬੈਠ ਕੇ ਤੈਅ ਕੀਤੇ ਜਾਨ ਪਰ ਇਹ ਆਪਣੀ ਪੱਗ ਨੂੰ ਦਿੱਲੀ ਵਿਖੇ ਜਾ ਕੇ ਉਨ੍ਹਾਂ ਦੇ ਪੈਰਾਂ ਵਿਚ ਰੱਖ ਰਹੇ ਹਨ। ਇਸ ਗੱਲ ਦਾ ਸਾਨੂੰ ਸਾਰਿਆਂ ਨੂੰ ਇਤਰਾਜ਼ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਲੋਂ ਕੀਤੇ ਜਾ ਰਹੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦਾ ਕੋਈ ਹੱਕ ਨਹੀਂ ਹੈ ਕਿ ਉਹ ਪੰਜਾਬ ਦੇ ਰੋਜ਼ਾਨਾ ਦੇ ਰੁਝੇਵਿਆਂ ਵਿਚ ਦਖ਼ਲਅੰਦਾਜ਼ੀ ਕਰਨ। ਸਮਾਜਿਕ ਪ੍ਰੋਗਰਾਮਾਂ ਵਿਚ ਉਨ੍ਹਾਂ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨ ਜਾਇਜ਼ ਹੈ ਪਰ ਰਾਜਪਾਲ ਵਲੋਂ ਦਿਤੇ ਬਿਆਨ ਕਿ ਹੁਣ ਉਹ ਸਰਹੱਦੀ ਜ਼ਿਲ੍ਹਿਆਂ ਦਾ ਨਿਰੀਖਣ ਕਰਿਆ ਕਰਨਗੇ, ਇਹ ‘ਮਾਨ’ ਸਰਕਾਰ ਵਲੋਂ ਦੂਜਾ ਸਮਰਪਣ ਹੈ। ਖਹਿਰਾ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਸੂਝ-ਬੂਝ ਨਾਲ ਜਵਾਬ ਜ਼ਰੂਰ ਦੇਣਾ ਪਵੇਗਾ। ਇੰਨਾ ਹੀ ਨਹੀਂ ਸਗੋਂ ਪੰਜਾਬ ਦੇ ਗਵਰਨਰ ਨੂੰ ਵੀ ਜਵਾਬ ਦੇਣ ਕਿ ਤੁਸੀਂ ਆਪਣੀ ਹੱਦ ਨੂੰ ਪਾਰ ਨਹੀਂ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਪੰਜਾਬ ਵਿਚ ਕੁਝ ਗ਼ਲਤ ਹੋ ਰਿਹਾ ਹੈ ਤਾਂ ਪੰਜਾਬ ਸਰਕਾਰ ਨੂੰ ਇਸ ਬਾਰੇ ਇੱਕ ਚਿੱਠੀ ਲਿਖ ਸਕਦੇ ਹੋ।

ਖਹਿਰਾ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਕਿਸੇ ਵੀ ਮੁੱਦੇ ‘ਤੇ ਜੋ ਗਵਰਨਰ ਨੂੰ ਚਿੱਠੀਆਂ ਭੇਜੀਆਂ ਜਾਂਦੀਆਂ ਹਨ, ਉਹ ਵੀ ਪੰਜਾਬ ਦੇ ਚੀਫ਼ ਸਕੱਤਰ ਦਫਤਰ ਨੂੰ ਭੇਜੀਆਂ ਜਾਂਦੀਆਂ ਹਨ। ਉਥੇ ਹੀ ਉਨ੍ਹਾਂ ਸਾਰੀਆਂ ਸੱਮਸਿਆਵਾਂ ਨੂੰ ਦੇਖਿਆ ਜਾਂਦਾ ਹੈ ਅਤੇ ਬਣਦਾ ਜਵਾਬ ਦਿਤਾ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਹੁਣ ਗਵਰਨਰ ਪੰਜਾਬ ਦੇ ਹਰ ਮਸਲੇ ਨੂੰ ਖ਼ੁਦ ਦੇਖਣਗੇ। ਇਹ ਹੁਣ ਭਗਵੰਤ ਮਾਨ ‘ਤੇ ਨਿਰਭਰ ਕਰਦਾ ਹੈ ਕਿ ਉਹ ਦੂਜਿਆਂ ਨੂੰ ਆਪਣੇ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਦੀ ਕਿੰਨੀ ਆਗਿਆ ਦੇਣਗੇ। ਖਹਿਰਾ ਦਾ ਕਹਿਣਾ ਹੈ ਕੁਝ ਦਿਨਾਂ ਵਿਚ ਰਾਜਪਾਲ ਅਤੇ ਅਰਵਿੰਦ ਕੇਜਰੀਵਾਲ ਦੀਆਂ ਗਤੀਵਿਧੀਆਂ ਤੋਂ ਇੰਝ ਲੱਗ ਰਿਹਾ ਹੈ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਪੰਜਾਬ ਵਿਚ ਰਾਜ ਕਰਨਾ ਚਾਹੁੰਦੇ ਹਨ। ਇਹਨਾਂ ਦਾ ਆਪਸ ਵਿਚ ਮੁਕਾਬਲਾ ਚੱਲ ਰਿਹਾ ਹੈ। ਭਾਜਪਾ ਰਾਜਪਾਲ ਰਾਹੀਂ ਰਾਜ ਕਰਨਾ ਚਾਹੁੰਦੀ ਹੈ ਅਤੇ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ ਕਿ ਇਹ ਰਾਜ ਮੇਰਾ ਹੈ।

ਉਹਨਾਂ ਕਿਹਾ ਕਿ ਜੇਕਰ ਐਨਾ ਵੱਡਾ ਫਤਵਾ ਮਿਲਣ ਦੇ ਬਾਵਜੂਦ ਜੇਕਰ ਭਗਵੰਤ ਮਾਨ ਖੁਦਮੁਖਤਿਆਰੀ ਨਹੀਂ ਕਰਦੇ ਤਾਂ ਇਹ ਸਿਰਫ਼ ਉਹਨਾਂ ਦੀ ਹੀ ਨਹੀਂ ਸਗੋਂ ਪੰਜਾਬੀਆਂ ਦੀ ਵੀ ਤੌਹੀਨ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਰਵਿੰਦ ਕੇਜਰੀਵਾਲ ਚਾਹੇ 100 ਵਾਰ ਭਗਵੰਤ ਮਾਨ ਨੂੰ ਮੁਲਾਕਾਤ ਲਈ ਬੁਲਾਉਣ ਪਰ ਮੁੱਖ ਮੰਤਰੀ ਨੂੰ ਪਾਸੇ ਕਰਕੇ ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਦੀ ਮੀਟਿੰਗ ਕਰਨਾ ਜਾਇਜ਼ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਕਦੀ ਵੀ ਮੁੱਖ ਮੰਤਰੀ ਨੂੰ ਪਾਸੇ ਕਰਕੇ ਪੰਜਾਬ ਦੇ ਮੁੱਖ ਸਕੱਤਰ ਨੂੰ ਨਹੀਂ ਸੱਦਿਆ ਸੀ।

ਰਾਘਵ ਚੱਢਾ ’ਤੇ ਸਵਾਲ ਚੁੱਕਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਰਾਜ ਸਭਾ ਦੇ ਮੈਂਬਰ ਹਨ। ਉਹਨਾਂ ਕਿਹਾ, “ਜਦੋਂ ਚੰਡੀਗੜ੍ਹ ਦਾ ਭਖਦਾ ਮੁੱਦਾ ਚੱਲ ਰਿਹਾ ਸੀ ਤਾਂ ਉਹ ਲੈਕਮੇ ਫੈਸ਼ਨ ਵੀਕ ਵਿਚ ਜਨਾਨੀ ਬਣ ਕੇ ਘੁੰਮ ਰਹੇ ਸੀ। ਉਹਨਾਂ ਨੂੰ ਪੰਜਾਬ ਵਿਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਇਹ ਅਸੀਂ ਇਕ ਵਾਰ ਨਹੀਂ ਵਾਰ-ਵਾਰ ਬੋਲਾਂਗੇ। ਜੇਕਰ ਫਿਰ ਵੀ ਨਹੀਂ ਹਟੇ ਤਾਂ ਅਸੀਂ ਕਾਂਗਰਸ ਪਾਰਟੀ ਦੇ ਏਜੰਡੇ ਵਿਚ ਇਹ ਗੱਲ ਰੱਖਾਂਗੇ। ਲੋੜ ਪਈ ਤਾਂ ਇਸ ਸਬੰਧੀ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਅੰਦੋਲਨ ਕੀਤਾ ਜਾਵੇਗਾ”। ਉਹਨਾਂ ਕਿਹਾ ਕਿ ਇਹ ਗੱਲ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ।

ਸੁਖਪਾਲ਼ ਖਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸ਼ੋਕ ਮਿੱਤਲ ਦਾ ਪੰਜਾਬ ਲਈ ਕੀ ਯੋਗਦਾਨ ਹੈ? ਕੀ ਉਹ ਪੰਜਾਬ ਲਈ ਕਦੇ ਵੀ ਬੋਲੇ? ਕੀ ਉਹ ਪੰਜਾਬ ਦੇ ਹੱਕ ਵਿਚ ਬੋਲ ਸਕਦੇ ਨੇ?

ਕਾਂਗਰਸੀ ਵਿਧਾਇਕ ਨੇ ਕਿਹਾ ਕਿ ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ 20-20 ਕਰੋੜ ਰੁਪਏ ਦੇ ਕੇ ਰਾਜ ਸਭਾ ਮੈਂਬਰ ਬਣੇ ਹਨ। ਅਰਵਿੰਦ ਕੇਜਰੀਵਾਲ ਜਾਣਬੁੱਝ ਕੇ ਪੰਜਾਬੀਆਂ ਨਾਲ ਖਿਲਵਾੜ ਕਰ ਰਹੇ ਹਨ, ਉਹ ਦੱਸਣਾ ਚਾਹੁੰਦੇ ਹਨ ਕਿ ਇਹ ਭਗਵੰਤ ਮਾਨ ਦਾ ਨਹੀਂ ਸਗੋਂ ਮੇਰਾ ਰਾਜ ਹੈ। ਇਹ ਬਹੁਤ ਮਾੜੀ ਗੱਲ਼ ਹੈ। ਜੇਕਰ ਇਹੀ ਹਾਲ ਰਿਹਾ ਤਾਂ ਲੋਕ ਭਗਵੰਤ ਮਾਨ ਨੂੰ ਘਰ ‘ਚ ਰੱਖਿਆ ‘ਫੁੱਲਦਾਨ’ ਕਿਹਾ ਕਰਨਗੇ। ਸੁਖਪਾਲ਼ ਖਹਿਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਬਿਨ੍ਹਾਂ ਕਿਸੇ ਕਾਰਨ ਪੰਜਾਬ ਦੇ ਹੱਕ ਵਿਚ ਬੋਲਣ ਕਰਕੇ ਉਹਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾ ਦਿੱਤਾ ਸੀ। ਮੈਂ ਇਹੀ ਕਿਹਾ ਸੀ ਕਿ ਤੁਸੀਂ ਦਿੱਲੀ ਦਾ ਕੰਮ ਕਰੋ ਮੈਨੂੰ ਪੰਜਾਬ ਦੇਖਣ ਦਿਓ। ਉਹਨਾਂ ਕਿਹਾ ਕਿ ਲੋਕਾਂ ਨੇ ਬਹੁਤ ਭਰੋਸਾ ਕਰਕੇ ਨਵੀਂ ਸਰਕਾਰ ਬਣਾਈ ਹੈ, ਇਸ ਨੂੰ ਪੰਜਾਬ ਦੀ ਧਰਤੀ ਤੋਂ ਹੀ ਚਲਾਇਆ ਜਾਵੇ। ਸਲਾਹ ਕਿਸੇ ਨਾਲ ਮਰਜ਼ੀ ਕੀਤੀ ਜਾਵੇ ਪਰ ਫੈਸਲਾ ਚੰਡੀਗੜ੍ਹ ਤੋਂ ਹੀ ਆਉਣਾ ਚਾਹੀਦਾ ਹੈ।

ਸਿੱਧੂ ਮੂਸੇਵਾਲਾ ਦੇ ਗੀਤ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਗੀਤ ਜ਼ਰੀਏ ਅਪਣਾ ਦਰਦ ਜ਼ਾਹਰ ਕੀਤਾ ਹੈ ਕਿ ਕਿਵੇਂ ਬੀਬੀ ਖਾਲੜਾ ਵਰਗੇ ਲੋਕਾਂ ਨੂੰ ਹਰਾਇਆ ਗਿਆ। ਉਹਨਾਂ ਕਿਹਾ ਕਿ ਉਹ ਸਿਆਸਤਦਾਨ ਬਣ ਰਹੇ ਸੇਲਿਬ੍ਰਿਟੀਜ਼ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਜ਼ਿਆਦਾਤਰ ਫੇਲ੍ਹ ਹੀ ਹੋਏ ਹਨ। ਇਹਨਾਂ ਨੂੰ ਇਸ ਖੇਤਰ ਬਾਰੇ ਪਤਾ ਹੀ ਨਹੀਂ ਹੁੰਦਾ, ਸਿਆਸਤ ਵਿਚ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਮੰਗਤ ਰਾਏ ਬਾਂਸਲ ਨੂੰ ਮਾਨਸਾ ਤੋਂ ਅਤੇ ਜਗਦੇਵ ਸਿੰਘ ਕਮਾਲੂ ਨੂੰ ਮੌੜ ਤੋਂ ਟਿਕਟ ਦਿੰਦੇ ਤਾਂ ਚੰਗਾ ਹੁੰਦਾ।
ਤੁਸੀਂ ਸਾਡਾ ਟੈਲੀਗਰਾਮ ਚੈਨਲ @punjabspectrum ਤੇ ਤਾਜ਼ਾ ਅਪਡੇਟ ਦੇਖ ਸਕਦੇ ਹੋ ਅਤੇ ਗਰੁੱਪ ਜੋਇਨ @punjabspectrumchat ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ