ਸਿੱਖ ਜਦੋਂ ਧਰਮ ਨਾਲ ਜੁੜਿਆ ਹੁੰਦਾ ਤਾਂ ਕੋਈ ਲਾਲਚ ਜਾਂ ਮਜਬੂਰੀ ਉਸਨੂੰ ਝੁਕਣ ਨਹੀਂ ਦਿੰਦੀ, ਇਤਿਹਾਸ ਇਸਦਾ ਗਵਾਹ ਹੈ। ਪਰ ਧਰਮ ਤੋਂ ਦੂਰ ਹੋਇਆ ਸਿੱਖ, ਚਾਹੇ ਉਹ ਕਿਸਾਨ ਹੋਵੇ ਜਾਂ ਹੋਰ ਕਿੱਤਾ ਕਰਦਾ, ਕੁਰਬਾਨੀ ਤੇ ਤਿਆਗ ਤੋਂ ਦੂਰ ਹੋ ਕੇ ਲਾਲਚ ਜਾਂ ਮਜਬੂਰੀਆਂ ਅੱਗੇ ਝੁਕ ਜਾਂਦਾ। ਇਹ ਤਸਵੀਰ ਇਸ ਤੱਥ ਦੀ ਗਵਾਹ ਹੈ।
ਪੂਰੇ ਕਿਸਾਨ ਮੋਰਚੇ ‘ਚ ਕਈ ਇਸੇ ਗੱਲ ਲਈ ਜ਼ੋਰ ਲਾਉਂਦੇ ਰਹੇ ਕਿ ਧਰਮ ਨੂੰ ਮੋਰਚੇ ਤੋਂ ਦੂਰ ਰੱਖੋ। ਬੜੀ ਹੈਰਾਨੀ ਹੋਈ ਕਿ ਕੁਝ ਅਜਿਹੇ ਹੀ ਲੋਕ ਹੁਣ ਕਿਸਾਨਾਂ ਨੂੰ ਸਵਾਲ ਕਰ ਰਹੇ ਹਨ ਕਿ ਇਹ ਕਿਸਾਨ ਅਡਾਨੀ ਦੇ ਸੰਭਾਲ਼-ਘਰ (ਸਾਇਲੋ) ਖੜ੍ਹੇ ਹਨ, ਇਨ੍ਹਾਂ ਨੂੰ ਸ਼ਰਮ ਨੀ ਆਉਂਦੀ?

ਵਾਹ ਓਏ ਵਿਦਵਾਨੋ! ਦੀਵੇ ‘ਚੋਂ ਬੱਤੀ ਕੱਢ ਕੇ ਪੁੱਛਦੇ ਓਂ ਕਿ ਇਹ ਹੁਣ ਬਲਦਾ ਕਿਓਂ ਨਹੀਂ?
ਅਡਾਨੀ ਦੇ ਦਰ ‘ਤੇ ਲੱਗੀਆਂ ਕਿਸਾਨਾਂ ਦੀਆਂ ਟ੍ਰਾਲੀਆਂ ਕਿਸਾਨ ਲੀਡਰਸ਼ਿਪ ਦੇ ਮੂੰਹ ‘ਤੇ ਚਪੇੜ ਹਨ, ਜੋ ਜ਼ਾਬਤੇ ਅਤੇ ਚਾਲੀ ਸਾਲ ਦਾ ਤਜ਼ਰਬਾ ਕੂਕਦਿਆਂ-ਕੂਕਦਿਆਂ ਦੁਨੀਆ ਭਰ ‘ਚ ਇਤਿਹਾਸਿਕ ਮੋਰਚੇ ਵਜੋਂ ਮਾਣ ਖੱਟਣ ਵਾਲੇ ਸੰਘਰਸ਼ ‘ਚੋਂ ਨਾ ਤਾਂ ਪੂਰੀਆਂ ਮੰਗਾਂ ਮਨਵਾ ਸਕੇ ਤੇ ਨਾ ਹੀ ਕੋਈ ਰਾਜਸੀ ਮੰਚ ਤਿਆਰ ਕਰ ਸਕੇ। ਮੋਰਚੇ ਦੀ ਤਾਕਤ ਨੂੰ ਦਿੱਲੀ ਵਾਲੇ ਨੱਕਾ ਲਾ ਕੇ ਆਪਣੇ ਵੱਲ ਮੋੜ ਗਏ। 750 ਜਾਨਾਂ ਵੀ ਅਜਾਈਂ ਗਈਆਂ।

ਸੋਚੋ ਕਿ ਜੇ ਪੰਜਾਬ ‘ਚ ਸਰਕਾਰੀ ਖਰੀਦ ਪ੍ਰਬੰਧ ਪੂਰੇ ਅਤੇ ਕਿਸਾਨ ਲਈ ਫ਼ਾਇਦੇਮੰਦ ਹੁੰਦੇ ਤਾਂ ਫਿਰ ਇਹ ਕਿਸਾਨ ਅਡਾਨੀ ਦੇ ਦਰ ‘ਤੇ ਕਿਓਂ ਜਾਂਦੇ? ਕਸੂਰ ਸਰਕਾਰ ਦਾ ਹੋਇਆ ਜਾਂ ਕਿਸਾਨਾਂ ਦਾ?
ਅਫ਼ਸੋਸ! ਇੱਕ ਸਾਲ ਪਹਿਲਾਂ ਜਿਹੜੇ ਕਿਸਾਨ ਆਗੂਆਂ ਨੂੰ ਕੁਝ ਕਹਿਣ ‘ਤੇ “ਚੁੱਪ ਕਰੋ-ਚੁੱਪ ਕਰੋ” ਰਹੇ, ਉਹੀ ਤੇ ਉਹੋ ਜਿਹੇ ਹੋਰ ਹੁਣ ਸਰਕਾਰ ਨੂੰ ਕੋਈ ਸਵਾਲ ਨਹੀਂ ਕਰਨ ਦਿੰਦੇ। ਬਾਅਦ ‘ਚ ਕਹੀ ਜਾਣਗੇ, ਸਾਡੇ ਨਾਲ ਪਤਾ ਨੀ ਹਰ ਵਾਰ ਇੱਦਾਂ ਕਿੱਦਾਂ ਹੋ ਜਾਂਦੀ!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ