ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਘਰੋਂ ਢਾਈ ਕਰੋੜ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਪੁਲਿਸ ਨੇ ਘਰ ਵਿੱਚ ਕੰਮ ਕਰਨ ਵਾਲੀ ਨਰਸ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਇਸ ਮਾਮਲੇ ਸਬੰਧੀ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਪੁਲਿਸ ਨੇ ਅੱਜ ਕਿਹਾ ਹੈ ਕਿ ਅਦਾਕਾਰਾ ਸੋਨਮ ਕਪੂਰ ਦੇ ਦਿੱਲੀ ਵਿਚਲੇ ਅੰਮ੍ਰਿਤਾ ਸ਼ੇਰਗਿੱਲ ਮਾਰਗ ਸਥਿਤ ਘਰ ਵਿੱਚ ਕੰਮ ਕਰਨ ਵਾਲੀ ਨਰਸ ਨੂੰ ਉਸ ਦੇ ਪਤੀ ਦੇ ਨੂੰ ਫਰਵਰੀ ਵਿੱਚ ਉਨ੍ਹਾਂ ਦੇ ਘਰ ਤੋਂ 2.4 ਕਰੋੜ ਰੁਪਏ ਤੇ ਗਹਿਣੇ ਚੋਰੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਅਪਰਨਾ ਰੂਥ ਵਿਲਸਨ ਅਦਾਕਾਰਾ ਦੀ ਸੱਸ ਦੀ ਦੇਖਭਾਲ ਕਰਦੀ ਸੀ। ਵਿਲਸਨ ਦਾ ਪਤੀ ਨਰੇਸ਼ ਕੁਮਾਰ ਸਾਗਰ ਸ਼ਕਰਪੁਰ ‘ਚ ਪ੍ਰਾਈਵੇਟ ਫਰਮ ਵਿੱਚ ਅਕਾਊਂਟੈਂਟ ਹੈ। ਪੁਲਿਸ ਨੇ ਦੱਸਿਆ ਕਿ ਚੋਰੀ 11 ਫਰਵਰੀ ਨੂੰ ਹੋਈ ਸੀ ਅਤੇ 23 ਫਰਵਰੀ ਨੂੰ ਤੁਗਲਕ ਰੋਡ ਪੁਲਿਸ ਸਟੇਸ਼ਨ ਵਿੱਚ ਇਸ ਦੀ ਰਿਪੋਰਟ ਹੋਣ ‘ਉਤੇ ਐਫਆਈਆਰ ਦਰਜ ਕੀਤੀ ਗਈ ਸੀ।

ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸੋਨਮ ਕਪੂਰ ਅਤੇ ਉਸ ਦੇ ਪਤੀ ਆਨੰਦ ਆਹੂਜਾ ਦੇ ਘਰ ਦਾ ਮੈਨੇਜਰ ਹੈ, ਜਿਥੇ 20 ਤੋਂ ਵੱਧ ਲੋਕ ਕੰਮ ਕਰਦੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਨਵੀਂ ਦਿੱਲੀ ਜ਼ਿਲ੍ਹੇ ਦੀ ਵਿਸ਼ੇਸ਼ ਸਟਾਫ਼ ਸ਼ਾਖਾ ਦੀ ਟੀਮ ਦੇ ਨਾਲ ਰਾਤ ਨੂੰ ਸਰਿਤਾ ਵਿਹਾਰ ਵਿੱਚ ਛਾਪੇ ਦੌਰਾਨ ਵਿਲਸਨ ਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰੀ ਹੋਏ ਗਹਿਣੇ ਤੇ ਨਕਦੀ ਬਰਾਮਦ ਹੋਣੀ ਬਾਕੀ ਹੈ। ਪੁਲਿਸ ਇਸ ਮਾਮਲੇ ਸਬੰਧੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਨਰਸ ਤੇ ਉਸ ਦੇ ਪਤਨੀ ਤੋਂ ਡੂੰਘਿਆਈ ਨਾਲ ਪੁੱਛਗਿੱਛ ਚੱਲ ਰਹੀ ਹੈ।