ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਚੱਢਾ ਦੇ ਪੋਤਰੇ ‘ਤੇ ਚੱਲੀਆਂ ਗੋਲੀਆਂ, ਅਣਪਛਾਤੇ ਹਮਲਾ ਕਰ ਕੇ ਹੋਏ ਫਰਾਰ
ਅੰਮ੍ਰਿਤਸਰ, 16 ਅਪ੍ਰੈਲ – ਅੰਮ੍ਰਿਤਸਰ ਦੇ ਇਕ ਨਾਮਵਰ ਹੋਟਲ ਕਾਰੋਬਾਰੀ ‘ਤੇ ਦਿਨ-ਦਿਹਾੜੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਮਿਲਦਿਆਂ ਸਾਰ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਸਣੇ ਪੁਲਿਸ ਦੇ ਹੋਰ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫ਼ਿਲਹਾਲ ਪੁਲਿਸ ਵਲੋਂ ਐਕਟੀਵਾ ਸਕੂਟਰ ਸਵਾਰ 2 ਨੌਜਵਾਨਾਂ ਦੀ ਭਾਲ ‘ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ’ਚ ਸਰੇ ਬਾਜ਼ਾਰ ਇਕ ਹੋਟਲ ਮਾਲਕ ਅਨਮੋਲ ਚੱਢਾ ਦੀ ਗੱਡੀ ’ਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਹੋਟਲ ਮਾਲਕ ਚੱਢਾ ਆਪਣੇ ਦੋਸਤਾਂ ਨਾਲ ਕੌਫ਼ੀ ਸ਼ਾਪ ’ਤੇ ਕੌਫ਼ੀ ਪੀਣ ਤੋਂ ਬਾਅਦ ਜਦੋਂ ਆਪਣੀ ਗੱਡੀ ’ਚ ਬੈਠਦਾ ਹੈ ਤਾਂ ਉਸ ’ਤੇ 2 ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।

ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਗੱਡੀ ’ਚ ਲੁਕੋ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਇਸ ਦੌਰਾਨ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਤੇ ਸੀ. ਸੀ. ਟੀ. ਵੀ. ਖੰਗਾਲ ਰਹੇ ਹਨ।