ਬਠਿੰਡਾ: ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੱਡੇ ਸਿਆਸੀ ਘਰਾਣਿਆਂ ਦੀਆਂ ਟਰਾਂਸਪੋਰਟ ਕੰਪਨੀਆਂ ਨੂੰ ਚੇਤਾਵਨੀ ਤੋਂ ਅਫਸਰ ਐਕਸ਼ਨ ਮੋਡ ਵਿੱਚ ਆ ਗਏ ਹਨ। ਬਠਿੰਡਾ ਬੱਸ ਸਟੈਂਡ ਵਿੱਚ ਦੇਰ ਰਾਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਨੂੰ ਨਾਲ ਲੈ ਕੇ ਅੱਡੇ ਅੰਦਰ ਬਣੇ ਨਾਜਾਇਜ਼ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਕੈਬਿਨ ਪੁੱਟ ਸੁੱਟੇ। ਇਸ ਬਾਰੇ ਅਧਿਕਾਰੀ ਖੁੱਲ੍ਹ ਕੇ ਨਹੀਂ ਬੋਲ ਰਹੇ ਤੇ ਉਨ੍ਹਾਂ ਨੇ ਗੋਲ ਮਾਲ ਜਵਾਬ ਦਿੱਤਾ ਹੈ।

ਦੇਰ ਰਾਤ ਮੌਕੇ ‘ਤੇ ਮੌਜੂਦ ਪੀਆਰਟੀਸੀ ਦੇ ਜੀਐਮ ਰਮਨ ਸ਼ਰਮਾ ਨੇ ਦੱਸਿਆ ਕਿ ਦੋ ਖੋਖੇ ਸਨ ਜਿਨ੍ਹਾਂ ਨੂੰ ਅਸੀਂ ਨੋਟਿਸ ਕੱਢੇ ਸਨ ਪਰ ਕੋਈ ਜਵਾਬ ਨਹੀਂ ਦਿੱਤਾ। ਇਸ ਦੇ ਚੱਲਦੇ ਸਾਨੂੰ ਮਜਬੂਰਨ ਕਾਰਵਾਈ ਕਰਨੀ ਪਈ। ਪਿਛਲੇ ਜਨਵਰੀ ਮਹੀਨੇ ਤੋਂ ਅਸੀਂ ਨੋਟਿਸ ਕੱਢ ਰਹੇ ਹਾਂ। ਪਿਛਲੇ ਛੇ ਮਹੀਨੇ ਤੋਂ ਅਸੀਂ ਇਨ੍ਹਾਂ ਨੂੰ ਹਟਾਉਣ ਦਾ ਟਾਈਮ ਦਿੱਤਾ ਹੋਇਆ ਸੀ।


ਇਨ੍ਹਾਂ ਨੇ ਕਿਹਾ ਸੀ ਕਿ ਕੋਰੋਨਾ ਹੈ। ਆਖਰ ਅੱਜ ਅਸੀਂ ਖੋਖੇ ਚੁੱਕੇ ਹਨ। ਇਹ ਸਾਰੇ ਨਾਜਾਇਜ਼ ਕਬਜ਼ਾ ਕਰਕੇ ਬਣਾਏ ਗਏ ਸੀ। ਦੱਸ ਦਈਏ ਕਿ ਕਿ ਇਨ੍ਹਾਂ ਦੋ ਖੋਖਿਆਂ ਵਿੱਚ ਇੱਕ ਕੈਬਿਨ ਔਰਬਿਟ ਬੱਸ ਦਾ ਸੀ। ਔਰਬਿਟ ਬੱਸਾਂ ਬਾਦਲ ਪਰਿਵਾਰ ਦੀਆਂ ਹਨ। ਇਨ੍ਹਾਂ ਵੱਲੋਂ ਵੀ ਪਿਛਲੇ ਲੰਬੇ ਸਮੇਂ ਤੋਂ ਕਬਜ਼ਾ ਕੀਤਾ ਹੋਇਆ ਸੀ।


ਜ਼ਿਕਰਯੋਗ ਹੈ ਕਿ ਕੱਲ੍ਹ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਠਿੰਡਾ ਪੁੱਜ ਕੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਸਨ। ਦੂਜੇ ਪਾਸੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਗਿਆ।