ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਛਾਪੇਮਾਰੀ ਦੌਰਾਨ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।

ਜਲੰਧਰ: ਸ਼ਰੇਆਮ ਚਿੱਟਾ ਵੇਚ ਰਹੀ ਮਹਿਲਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਮਾਮਲਾ ਜਲੰਧਰ ਦੀ ਸਬ-ਡਵੀਜ਼ਨ ਫਿਲੌਰ ਦਾ ਹੈ। ਬੀਤੇ ਦਿਨੀਂ ਨਸ਼ਾ ਵੇਚਣ ਵਾਲੀ ਇਕ ਮਹਿਲਾ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। ਵੀਡੀਓ ਸਾਹਮਣੇ ਆਉਣ ਮਗਰੋਂ ਪੁਲਿਸ ਨੇ ਛਾਪੇਮਾਰੀ ਦੌਰਾਨ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਮਹਿਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਫਿਲੌਰ ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਖਿਲਾਫ ਮੁਕੱਦਮਾ ਨੰਬਰ 100 ਧਾਰਾ 21ਬੀ-ਐਨ.ਡੀ.ਪੀ.ਐਸ ਐਕਟ ਥਾਣਾ ਫਿਲੌਰ ਦਰਜ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਦੀ ਗਈ ਹੈ। ਇਸ ਦੌਰਾਨ ਮਹਿਲਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਜਦੋਂ ਮਹਿਲਾ ਦੇ ਸਮਾਨ ਦੀ ਚੈਕਿੰਗ ਕੀਤੀ ਤਾਂ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ।

ਵਾਇਰਲ ਵੀਡੀਓ ਵਿਚ ਦੇਖਿਆ ਗਿਆ ਕਿ ਮਹਿਲਾ ਸ਼ਰੇਆਮ ਘਰ ਆਏ ਗਾਹਕ ਕੋਲੋਂ ਪੈਸੇ ਲੈ ਕੇ ਉਸ ਨੂੰ ਚਿੱਟਾ ਵੇਚ ਰਹੀ ਸੀ। ਅਜਿਹਾ ਲਗਦਾ ਹੈ ਕਿ ਵੀਡੀਓ ਵੀ ਉਸੇ ਵਿਅਕਤੀ ਨੇ ਬਣਾਈ ਹੈ। ਔਰਤ ਦੀਆਂ ਸਾਰੀਆਂ ਗਤੀਵਿਧੀਆਂ ਕੈਮਰੇ ‘ਚ ਕੈਦ ਹੋ ਗਈਆਂ ਹਨ ਪਰ ਇਸ ‘ਚ ਗਾਹਕ ਦਾ ਕੋਈ ਸੀਨ ਨਹੀਂ ਹੈ। ਵੀਡੀਓ ਵੀ ਖੁਫੀਆ ਕੈਮਰੇ ਨਾਲ ਬਣਾਈ ਗਈ ਜਾਪਦੀ ਹੈ। ਔਰਤ ਦੀ ਪਛਾਣ ਰੱਜੀ ਵਾਸੀ ਗੰਨਾ ਪਿੰਡ ਵਜੋਂ ਹੋਈ ਹੈ।