34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਪੰਜਾਬ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਸਿੱਧੂ ਦੇ ਹਮਲੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਕੋਰਟ ਨੇ 4 ਸਾਲ ਪਹਿਲਾਂ ਦਿੱਤੇ ਆਪਣੇ ਫੈਸਲੇ ਨੂੰ ਹੀ ਬਦਲ ਦਿੱਤਾ, ਉਦੋਂ ਉਨ੍ਹਾਂ ਨੂੰ ਇੱਕ ਹਜ਼ਾਰ ਰੁਪਏ ਦੇ ਜੁਰਮਾਨੇ ‘ਤੇ ਛੱਡ ਦਿੱਤਾ ਗਿਆ ਸੀ।

ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ 45 ਪੁਲਿਸ ਮੁਲਾਜ਼ਮਾਂ ਦੀ ਸਕਿਓਰਿਟੀ ਵੀ ਸਜ਼ਾ ਤੋਂ ਬਾਅਦ ਵਾਪਿਸ ਲੈਣ ਦੇ ਹੁਕਮ ਦੇ ਦਿੱਤੇ ਗਏ ਹਨ। ਸਿੱਧੂ ਪਹਿਲਾਂ ਅੱਜ ਹੀ ਸਰੈਂਡਰ ਕਰਨ ਵਾਲੇ ਸਨ। ਇਸ ਦੇ ਲਈ ਉਹ ਅੰਮ੍ਰਿਤਸਰ ਜਾਂਦੇ ਹੋਏ ਅੱਧੇ ਰਸਤੇ ਤੋਂ ਪਟਿਆਲਾ ਪਰਤ ਆਏ ਸਨ। ਹਾਲਾਂਕਿ ਲੀਗਲ ਟੀਮ ਨਾਲ ਚਰਚਾ ਤੋਂ ਬਾਅਦ ਸਿੱਧੂ ਸੁਪਰੀਮ ਕੋਰਟ ਖਿਲਾਫ ਕਿਊਰੇਟਿਵ ਪਟੀਸ਼ਨ ਦਾਇਰ ਕਰਨਗੇ, ਇਸ ਤੋਂ ਬਾਅਦ ਸਰੈਂਡਰ ਕਰਨ ਬਾਰੇ ਫੈਸਲਾ ਲਿਆ ਜਾਏਗਾ।

ਪੰਜਾਬ ਸਰਕਾਰ ਵੱਲੋਂ ਸਿੱਧੂ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ। ਸਿੱਧੂ ਨੂੰ ਜੇਲ੍ਹ ਅੰਦਰ ਕਿਸੇ ਤਰ੍ਹਾਂ ਦੀਆਂ ਵੀਆਈਪੀ ਸਹੂਲਤਾਂ ਨਹੀਂ ਮਿਲਣਗੀਆਂ। ਆਮ ਕੈਦੀਆਂ ਵਾਂਗ ਸਿੱਧੂ ਨੂੰ ਬੈੱਡ ਦੀਆਂ 2 ਚਾਦਰਾ, ਚਾਰ ਕੁੜਤੇ-ਪਜਾਮੇ, 2 ਤੌਲੀਏ, 3 ਕੱਛਾ-ਬਣੈਨਾ, 2 ਪੱਗਾਂ, ਇੱਕ ਸਿਰਹਾਣ (2 ਕਵਰ ਨਾਲ), ਇੱਕ ਬੂਟਾ ਦੀ ਜੋੜੀ, ਇੱਕ ਕੰਬਲ, ਮੰਜਾ, ਕੁਰਸੀ-ਮੇਜ਼ (ਲੱਕੜ), ਲਿਖਣ ਲਈ ਕਾਪੀ-ਪੈੱਨ, ਅਲਮਾਰੀ ਤੇ ਮੱਛਰਦਾਨੀ ਮਿਲਣਗੇ।