ਅੰਮ੍ਰਿਤਸਰ, 23 ਮਈ, 2022: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਜਾਰੀ ਕੀਤੇ ਇਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ ਕਿ ਹਰ ਸਿੱਖ ਨੂੰ ਨਾ ਕੇਵਲ ਆਪਣੇ ਬੱਚੇ ਬੱਚੀਆਂ ਨੂੰ ਗਤਕੇ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਆਦਿ ਦੀ ਸਿੱਖ਼ਿਆ ਦਿਵਾਉਣੀ ਚਾਹੀਦੀ ਹੈ, ਸਗੋਂ ਹਰ ਮਾਡਰਨ ਸਿੱਖ ਨੂੰ ਕਾੂਨੀ ਤਰੀਕੇ ਨਾਲ ਮਾਡਰਨ ਲਾਇੰਸਸੀ ਹਥਿਆਰ ਰੱਖਣਾ ਚਾਹੀਦਾ ਹੈ।
ਅਕਾਲ ਤਖ਼ਤ ਦੇ ਜਥੇਦਾਰ ਦੇ ਇਸ ਬਿਆਨ ਨੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ ਅਤੇ ਸਿਆਸੀ ਤੇ ਸਮਾਜਿਕ ਧਿਰਾਂ ਇਸ ਦੇ ਪੱਖ ਅਤੇ ਵਿਰੋਧ ਵਿੱਚ ਨਿੱਤਰਣੀਆਂ ਸ਼ੁਰੂ ਹੋ ਗਈਆਂ ਹਨ।
ਅੱਜ ਜਾਰੀ ਇਥ ਵੀਡੀਓ ਸੁਨੇਹੇ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੇ ਹੇਠ ਲਿਖ਼ਿਆ ਸੁਨੇਹਾ ਦਿੱਤਾ ਹੈ:
‘‘ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਹਾਨ ਗੁਰਿਆਈ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਜਥੇਦਾਰ ਨੇ ਕਿਹਾ ਕਿ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪੰਜ ਭੌਤਕ ਤਨ ਦੇ ਵਿੱਚ ਵਿੱਚਰਦਿਆਂ ਵਕਤ ਦੀ ਹਕੂਮਤ ਨਾਲ ਚਾਰ ਯੁੱਧ ਲੜੇ ਅਤੇ ਚਾਰਾਂ ਵਿੱਚ ਹੀ ਜਿੱਤ ਪ੍ਰਾਪਤ ਕੀਤੀ। ਪੂਰੇ ਹਿੰਦੁਸਤਾਨ ਦੇ ਅੰਦਰ ਗੈਰ ਮੁਸਲਮਾਨ ਲੋਕਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਸ਼ਕਤੀਸ਼ਾਲੀ ਸਾਮਰਾਜ ਨੂੰ, ਹਕੂਮਤ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚਾਰ ਯੁੱਧ ਲੜ ਕੇ ਚਾਰਾਂ ਵਿੱਚ ਜਿੱਤ ਪ੍ਰਾਪਤ ਕਰਕੇ ਇਸ ਧਾਰਨਾ ਨੂੰ ਤੋੜਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਕੀਤੀ, ਨਾਲ ਨਾਲ ਸਿੱਖ ਸੰਗਤਾਂ ਨੂੰ ਉਪਦੇਸ਼ ਸਿੱਖ਼ਿਆ ਦਿੱਤੀ ਕਿ ਹੁਣ ਵਕਤ ਆ ਗਿਆ ਹੈ ਕਿ ਜਿੱਥੇ ਹਰ ਸਿੱਖ ਗੁਰੁਬਾਣੀ ਪੜ੍ਹਕੇ ਬਲਵਾਨ ਹੋਵੇ, ਉੱਥੇ ਸ਼ਸ਼ਤਰ ਧਾਰੀ ਜ਼ਰੂਰ ਹੋਵੇ, ਘੋੜ ਸਵਾਰੀ, ਸ਼ਸਤਰ ਵਿਦਿਆ, ਇਹ ਗੁਣ, ਇਹ ਕਲਾਵਾਂ ਹਰ ਸਿੱਖ ਜ਼ਰੂਰ ਸਿੱਖੇੇ। ਗੁਰੂ ਹਰਿਗਬਿੰਦ ਸਾਹਿਬ ਦਾ ਇਹ ਉਪਦਸ਼ ਅੱਜ ਵੀ ਕਾਰਗਰ ਹੈ।
ਅੱਜ ਵੀ ਜ਼ਰੂਰਤ ਹੈ, ਖ਼ਾਸ ਤੌਰ ’ਤੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ, ਸ਼ਸ਼ਤਰਧਾਰੀ ਹੋਈਏ, ਗਤਕੇਬਾਜ਼ੀ, ਤਲਵਾਰਬਾਜ਼ੀ, ਨਿਸ਼ਾਨੇਬਾਜ਼ੀ ਜਿਹੀਆਂ ਕਲਾਵਾਂ ਵਿੱਚ ਸਿੱਖ਼ਿਅਤ ਹੋਈਏ ਅਤੇ ਹਰ ਸਿੱਖ ਲਾਇਸੰਸੀ, ਮਾਡਰਨ ਹਥਿਆਰ ਲੀਗਲ ਤਰੀਕੇ ਦੇ ਨਾਲ ਰੱਖਣ ਦਾ ਹਰ ਸਿੱਖ ਯਤਨ ਕਰੇ ਕਿਉਂਕਿ ਸਮਾਂ ਇਸ ਤਰ੍ਹਾਂ ਦਾ ਆ ਰਿਹਾ, ਹਾਲਾਤ ਐਸੇ ਬਣੇ ਰਹੇ ਕਿ ਹਰ ਸਿੱਖ ਆਪਣੇ ਆਪ ਨੂੰ ਬਾਣੀ ਪੜ੍ਹ ਕੇ, ਨਾਮ ਜਪ ਕੇ, ਭਜਨ ਕਰਕੇ, ਬਲਵਾਨ ਬਣਾਵੇ, ਨਾਲ ਨਾਲ ਤੰਦਰੁਸਤ ਹੋਵੇ, ਕਿਉਂਕਿ ਨਸ਼ੇ ਸਰੀਰ ਗਾਲ ਰਹੇ, ਨਸ਼ੇ ਸਾਡੇ ਪਰਿਵਾਰਾਂ ਨੂੰ ਘਰਾਂ ਨੂੰ ਬਰਬਾਦ ਕਰ ਰਹੇ, ਸਾਡੀ ਜ਼ਮੀਰ ਮਾਰ ਰਹੇ ਨੇ, ਸਾਡੀ ਮੱਤ ਮਾਰ ਰਹੇ ਹਨ।
ਅਸੀਂ ਨਸ਼ਿਆਂ ਤੋਂ ਖਹਿੜਾ ਛੁਡਾਈਏ ਤੇ ਨਸ਼ਿਆਂ ਤੋਂ ਖਹਿੜਾ ਛੁਡਾਉਣ ਦਾ ਇਕੋ ਤਰੀਕਾ ਕਿ ਅਸੀਂ ਬਾਣੇ ਵਾਲੇ ਪਾਸੇ ਆਈਏ, ਬਾਣੇ ਦੇ ਧਾਰਨੀ ਬਣੀਏ, ਸਤਿਸੰਗਤ ਕਰੀਏ, ਇਹੋ ਹੀ ਹਰਗੋਬਿੰਦ ਸਾਹਿਬ ਜੀ ਦਾ ਆਦੇਸ਼ ਹੈ।’’
Akal Takht Jathedar Giani Harpreet Singh Message on the Gurgaddi Diwas of Guru Hargobind Sahib ji.