ਨਵੀਂ ਦਿੱਲੀ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਛੇਤੀ ਹੀ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਹਨ। ਉਨ੍ਹਾਂ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਵਿਕਾਸ ਪਾਰਟੀ’ ਹੋਵੇਗਾ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਨਵੀਂ ਪਾਰਟੀ ਦੇ ਗਠਨ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਅਗਲੇ ਕੁਝ ਦਿਨਾਂ ’ਚ ਆਪਣੇ ਨੇੜਲੇ ਆਗੂਆਂ ਨਾਲ ਮੀਟਿੰਗ ਕਰਨਗੇ। ਨਵੀਂ ਪਾਰਟੀ ਵਿੱਚ ਸਿੱਧੂ ਵਿਰੋਧੀ ਧੜੇ ਦੇ ਸਾਰੇ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਖਰੀ ਸਿਆਸੀ ਪਾਰਟੀ ਬਣਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾਂ ਦੀ ਟੀਮ ਵਲੋਂ ਸੂਬੇ ਭਰ ਵਿਚ ਉਨ੍ਹਾਂ ਦੇ ਸਮਰਥਕਾਂ ਨਾਲ ਸੰਪਰਕ ਅਤੇ ਵਿਚਾਰ-ਵਟਾਂਦਰੇ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਅਧੀਨ ਅਗਲੇ 15 ਦਿਨਾਂ ਦੌਰਾਨ ਸਾਰੇ ਪੰਜਾਬ ਦੇ ਸਮਰਥਕਾਂ ਨਾਲ ਸੰਪਰਕ ਕਰਨ ਤੋਂ ਬਾਅਦ ਇਕ ਇਕੱਠ ਸੱਦਿਆ ਜਾਵੇਗਾ, ਜਿਸ ਵਿਚ ਨਵੀਂ ਪਾਰਟੀ ਬਣਾਉਣ ਸੰਬੰਧੀ ਫ਼ੈਸਲਾ ਤੇ ਐਲਾਨ ਹੋ ਸਕਦਾ ਹੈ | ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕਿ ਪਹਿਲਾਂ ਵੀ ਇਕ ਮੌਕੇ ਵੱਖਰੀ ਸਿਆਸੀ ਪਾਰਟੀ ਬਣਾਉਣ ਦਾ ਵਿਚਾਰ ਬਣਾਇਆ ਸੀ ਅਤੇ ਉਸ ਸਮੇਂ ਪਾਰਟੀ ਦਾ ਨਾਂਅ ਪੰਜਾਬ ਵਿਕਾਸ ਪਾਰਟੀ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ, ਲੇਕਿਨ ਹੁਣ ਉਨ੍ਹਾਂ ਵਲੋਂ ਆਪਣੇ ਸਮਰਥਕਾਂ ਨਾਲ ਕੀਤੀ ਗਈ ਮੁਢਲੀ ਗੱਲਬਾਤ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਨਵੀਂ ਪਾਰਟੀ ਦਾ ਨਾਂਅ ਵੱਖਰਾ ਰੱਖਿਆ ਜਾਵੇਗਾ ਅਤੇ ਉਸ ਨੂੰ ਕਿਸਾਨੀ ਨਾਲ ਜੋੜ ਕੇ ਰੱਖਣ ਦੀ ਵੀ ਕੋਸ਼ਿਸ਼ ਹੋਵੇਗੀ |

ਬਹੁਤ ਸਾਰੇ ਕਾਂਗਰਸੀ ਆਗੂ ਜੋ ਨਿਰਾਸ਼ਾ ਦੇ ਆਲਮ ਵਿਚ ਘਰਾਂ ‘ਚ ਬੈਠ ਗਏ ਹਨ, ਨੂੰ ਵੀ ਕੈਪਟਨ ਧੜੇ ਵਲੋਂ ਸੰਪਰਕ ਕਰਕੇ ਨਾਲ ਲੈਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਨਵੀਂ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਡੇਢ-ਦੋ ਮਹੀਨੇ ਵਿਚ ਪੂਰਾ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ | ਚਰਚਾ ਇਹ ਵੀ ਹੈ ਕਿ ਕੈਪਟਨ ਵਲੋਂ ਬਣਾਈ ਜਾਣ ਵਾਲੀ ਸਿਆਸੀ ਪਾਰਟੀ ਸੰਯੁਕਤ ਅਕਾਲੀ ਦਲ ਨਾਲ ਵੀ ਚੋਣ ਗੱਠਜੋੜ ਦਾ ਮਾਮਲਾ ਵਿਚਾਰ ਸਕਦੀ ਹੈ, ਜਦੋਂਕਿ ਭਾਜਪਾ ਵਲੋਂ ਕਿਸਾਨਾਂ ਨਾਲ ਸਮਝੌਤਾ ਕਰਨ ਦੀ ਸੂਰਤ ਵਿਚ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਵੀ ਚੋਣ ਗੱਠਜੋੜ ਦਾ ਮਾਮਲਾ ਵੀ ਵਿਚਾਰ ਸਕਦੀ ਹੈ | ਕੈਪਟਨ ਅਮਰਿੰਦਰ ਸਿੰਘ ਜੋ ਕਿ ਸਪਸ਼ਟ ਕਰ ਚੁੱਕੇ ਹਨ ਕਿ ਉਹ ਕਾਂਗਰਸ ਨੂੰ ਛੱਡ ਰਹੇ ਹਨ, ਲੇਕਿਨ ਭਾਜਪਾ ਵਿਚ ਨਹੀਂ ਜਾਣਗੇ ਅਤੇ ਵੱਖਰੀ ਸਿਆਸੀ ਧਿਰ ਬਣ ਕੇ ਸਰਗਰਮ ਰਹਿਣਗੇ | ਕੈਪਟਨ ਧੜੇ ਵਲੋਂ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕਾਂਗਰਸ ਪਾਰਟੀ ਨੂੰ ਛੱਡਣ ਦਾ ਐਲਾਨ ਆਪਣੇ ਸਮਰਥਕਾਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਸਮਰਥਕਾਂ ਦੇ ਇਕੱਠ ਵਿਚ ਹੀ ਕਰਨਗੇ | ਸੂਤਰਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਵਲੋਂ ਨਵੀਂ ਪਾਰਟੀ ਨੂੰ ਬਣਾਉਣ ਦੇ ਮੰਤਵ ਨਾਲ ਇਕ ਟੀਮ ਦਾ ਗਠਨ ਕੀਤਾ ਗਿਆ ਹੈ, ਜੋ ਵਰਕਰਾਂ ਤੇ ਸਮਰਥਕਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਦੇ ਗਠਨ ਸੰਬੰਧੀ ਕੰਮ ਕਰੇਗੀ |