Phillaur Police Academy-ਪੁਲਿਸ ਵੱਲੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਤਫ਼ਤੀਸ਼ ਦੌਰਾਨ ਫਿਲੌਰ ਪੁਲਿਸ ਨੇ ਪੰਜ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਜਦਕਿ ਇਕ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਪਾਸੋਂ 42 ਗਰਾਮ ਹੈਰੋਇਨ ਬਰਾਮਦ ਕੀਤੀ ਹੈ ।

ਜਲੰਧੜ : ਫਿਲੌਰ ਦੀ ਮਹਾਰਾਜਾ ਪੰਜਾਬ ਪੁਲਿਸ ਅਕੈਡਮੀ(Phillaur Police Academy) ਨਸ਼ੇ ਦੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਮੀਡੀਆ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਨਸ਼ਾ ਵੇਚੇ ਜਾਣ ਅਤੇ ਨਸ਼ਾ ਕਰਨ ਦੀ ਖਬਰਾਂ ਨੂੰ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ ਅਤੇ ਇਸ ਰੈਕੇਟ ਦਾ ਭਾਂਡਾ ਫੋੜਿਆ ਸੀ । ਜਿਸਤੋਂ ਬਾਅਦ ਫਿਲੌਰ ਪੁਲਿਸ ਵੱਲੋਂ ਦੋ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਵਿਚ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੇ ਗਏ ਤਫ਼ਤੀਸ਼ ਦੌਰਾਨ ਫਿਲੌਰ ਪੁਲਿਸ ਨੇ ਪੰਜ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਜਦਕਿ ਇਕ ਮਹਿਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਪਾਸੋਂ 42 ਗਰਾਮ ਹੈਰੋਇਨ ਬਰਾਮਦ ਕੀਤੀ ਹੈ ।

ਪੰਜਾਬ ਪੁਲਿਸ ਵੀ ਨਸ਼ਿਆਂ ਦਾ ਸ਼ਿਕਾਰ ਹੋ ਗਈ ਹੈ। ਫਿਲੌਰ ਪੁਲਿਸ ਅਕੈਡਮੀ ਵਿੱਚ ਫੈਲੇ ਨਸ਼ੇ ਦੇ ਕਾਰੋਬਾਰ ਦੀਆਂ ਪਰਤਾਂ ਦਿਨੋਂ-ਦਿਨ ਉਜਾਗਰ ਹੋ ਰਹੀਆਂ ਹਨ। ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਗਏ ਸੀਨੀਅਰ ਇੰਸਟ੍ਰਕਟਰ ਸ਼ਕਤੀ ਕੁਮਾਰ ਤੇ ਗ੍ਰੇਡ 4 ਦੇ ਕਰਮਚਾਰੀ ਜੈਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਅਹਿਮ ਸੁਰਾਗ ਮਿਲੇ ਹਨ। ਇਸੇ ਮਾਮਲੇ ਵਿੱਚ ਪੰਜ ਹੋਰ ਕਾਂਸਟੇਬਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਪੁਲਿਸ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਦੇ ਪੰਜ ਹੋਰ ਮੁਲਾਜ਼ਮਾਂ ਨੂੰ ਚਿੱਟੇ ਦੀ ਵਰਤੋਂ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕੈਡਮੀ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ’ਤੇ ਐਨਡੀਪੀਐਸ ਐਕਟ ਤਹਿਤ ਦੋ ਮੁਲਾਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਤਫਤੀਸ਼ ਉਪਰੰਤ ਸਥਾਨਕ ਪੁਲਿਸ ਨੇ ਅਕੈਡਮੀ ਦੇ ਪੰਜ ਹੋਰ ਮੁਲਾਜ਼ਮਾਂ ਸਿਪਾਹੀ ਕਮਲਜੀਤ ਸਿੰਘ, ਸਿਪਾਹੀ ਗੋਬਿੰਦ ਸਿੰਘ, ਸਿਪਾਹੀ ਰਮਨਦੀਪ ਸਿੰਘ ਅਤੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ।

ਇਸ ਬਾਰੇ ਡੀਐਸਪੀ ਹਰਨੀਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ 10 ਮਈ ਨੂੰ ਕੇਸ ਦਰਜ ਕੀਤਾ ਸੀ ਜਿਸ ਦੇ ਚੱਲਦਿਆਂ ਉਕਤ ਕੇਸ ਵਿੱਚ ਅਕੈਡਮੀ ਦੇ ਪੰਜ ਹੋਰ ਪੁਲਿਸ ਮੁਲਾਜ਼ਮਾਂ ਨੂੰ ਨਸ਼ਿਆਂ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

ਦੂਜੇ ਪਾਸੇ ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਸ਼ਕਤੀ ਤੇ ਜੈ ਨੂੰ ਮੁੜ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਦੋ ਦਿਨ ਦੇ ਰਿਮਾਂਡ ‘ਤੇ ਸੀ। ਰਿਮਾਂਡ ਦੌਰਾਨ ਸ਼ਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਬਾਕੀ ਪੰਜ ਜਵਾਨਾਂ ਦੇ ਨਾਂ ਦੱਸੇ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਇਹ ਪੰਜੇ ਅੱਗੇ ਨਸ਼ਾ ਖਰੀਦ ਕੇ ਵੇਚਦੇ ਹਨ। ਉਨ੍ਹਾਂ ਦੀ ਪੁੱਛਗਿੱਛ ਤੋਂ ਹੋਰ ਭੇਤ ਖੁੱਲ੍ਹ ਸਕਦੇ ਹਨ।