ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰ ਜਗਦੀਸ਼ ਭੋਲਾ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਬਰਾਮਦ ਹੋਇਆ ਹੈ। ਇਸ ਤੋਂ ਇਲਾਵਾ ਉਸ ਨੇ ਦੋ ਹੋਰ ਫੋਨ ਦਰੱਖਤ ਉੱਤੇ ਲੁਕੋ ਕੇ ਰੱਖੇ ਹੋਏ ਸਨ। ਪਟਿਆਲਾ ਜੇਲ੍ਹ ਦੇ ਨਵੇਂ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਲਗਾਤਾਰ ਸਖਤੀ ਵਰਤ ਰਹੇ ਹਨ, ਜਿਸ ਦੇ ਚਲਦਿਆਂ ਕੈਦੀਆਂ ਦੀ ਤਲਾਸ਼ੀ ਕੀਤੀ ਗਈ, ਇਸ ਦੌਰਾਨ ਜਗਦੀਸ਼ ਭੋਲਾ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ। ਤ੍ਰਿਪੜੀ ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

ਜਗਦੀਸ਼ ਭੋਲਾ ਵਰਗੇ ਵੱਡੇ ਨਸ਼ਾ ਤਸਕਰ ਕੋਲੋਂ ਮੋਬਾਇਲ ਬਰਾਮਦ ਹੋਣ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਅਜਿਹੇ ‘ਚ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਭੋਲਾ ਨੇ ਇਸ ਮੋਬਾਈਲ ਫੋਨ ਰਾਹੀਂ ਕਦੋਂ ਅਤੇ ਕਿਸ ਨਾਲ ਗੱਲ ਕੀਤੀ। ਦੱਸ ਦੇਈਏ ਕਿ ਕੇਂਦਰੀ ਜੇਲ੍ਹ ਪਟਿਆਲਾ ਇਸ ਸਮੇਂ ਸੁਰਖੀਆਂ ਵਿਚ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਸਮੇਂ ਰੋਡ ਰੇਜ ਕੇਸ ਵਿਚ ਪਟਿਆਲਾ ਦੀ ਇਸੇ ਜੇਲ੍ਹ ਵਿਚ ਬੰਦ ਹਨ। ਉਹਨਾਂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਬਹੁ ਕਰੋੜੀ ਡਰੱਗ ਮਾਮਲੇ ਵਿਚ ਇਸੇ ਜੇਲ੍ਹ ਵਿਚ ਬੰਦ ਹਨ।

ਇਸ ਤੋਂ ਕੁਝ ਸਮਾਂ ਪਹਿਲਾਂ ਹੀ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਪੰਜਾਬ ਸਰਕਾਰ ਜੇਲ੍ਹਾਂ ਨੂੰ ਮੋਬਾਈਲ ਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਕਰਨ ਦੇ ਮਿਸ਼ਨ ‘ਤੇ ਹੈ। ਉਹਨਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ “ਸੁਧਾਰ ਘਰ ਨੂੰ ਸਹੀ ਅਰਥਾਂ ’ਚ ਸੁਧਾਰ ਘਰ ਬਣਾਇਆ ਜਾਵੇਗਾ।” ਜੇਲ੍ਹਾਂ ’ਚ ਮੋਬਾਈਲ ਫੋਨ ਦੀ ਵਰਤੋਂ ਜਾਂ ਭ੍ਰਿਸ਼ਟਾਚਾਰ ਦੀ ਕਿਸੇ ਵੀ ਘਟਨਾ ਲਈ ਜੇਲ੍ਹ ਸੁਪਰਡੈਂਟ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ।

ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ‘ਚ ਨਜ਼ਰ ਆ ਰਹੀ ਹੈ। ਅੱਜ ਹੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਫਰੀਦਕੋਟ ਦੇ ਸੁਪਰੀਡੈਂਟ ਜੋਗਿੰਦਰ ਪਾਲ ਨੂੰ ਡਿਊਟੀ ‘ਚ ਢਿੱਲ ਵਰਤੇ ਜਾਣ ਕਾਰਨ ਸਸਪੈਂਡ ਕੀਤਾ ਗਿਆ ਸੀ ਤੇ ਹੁਣ ADGP ਨੇ ਐਡਵਾਇਜ਼ਰੀ ਜਾਰੀ ਕਰ ਇਹ ਹੁਕਮ ਦਿੱਤੇ ਹਨ ਕਿ ਜੇਕਰ ਕੋਈ ਵੀ ਕੈਦੀ ਜੇਲ੍ਹਾਂ ‘ਚ ਮੋਬਾਈਲ ਫੋਨ ਦੀ ਵਰਤੋਂ ਕਰਦਾ ਜਾਂ ਫਿਰ ਜੇਲ੍ਹ ‘ਚ ਭ੍ਰਿਸ਼ਟਾਚਾਰ ਦੀ ਕਿਸੇ ਵੀ ਤਰ੍ਹਾਂ ਦੀ ਘਟਨਾ ਦੇਖਣ ਨੂੰ ਮਿਲਦੀ ਹੈ ਤਾਂ ਉਸ ਲਈ ਜੇਲ੍ਹ ਸੁਪਰਡੈਂਟ ਜਵਾਬਦੇਹ ਹੋਵੇਗਾ।

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਡਵਾਇਜ਼ਰੀ ਜਾਰੀ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸ਼ਨ ਸਖ਼ਤ ਹੁੰਦਾ ਦਿਖਾਈ ਦੇ ਰਿਹਾ ਹੈ। ਦੱਸ ਦੇਈਏ ਕਿ ਅੰਤਰਾਸ਼ਟਰੀ ਡਰੱਗ ਰੈਕਟ ਦੇ ਸਰਗਨੇ ਜਗਦੀਸ਼ ਭੋਲਾ ‘ਤੇ ਪਟਿਆਲਾ ਜੇਲ੍ਹ ਵਿਭਾਗ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਇਹ ਸਖ਼ਤੀ ਪਟਿਆਲਾ ਜੇਲ੍ਹ ਦੇ ਨਵੇਂ ਸੁਪਰਡੈਂਟ ਵੱਲੋਂ ਕੀਤੀ ਗਈ। ਉਨ੍ਹਾਂ ਨੇ ਜਗਦੀਸ਼ ਭੋਲਾ ਤੋਂ ਇਕ ਸਮਾਰਟ ਮੋਬਾਈਲ ਫੋਨ ਬਰਾਮਦ ਕੀਤਾ ਹੈ। ਜਿਸ ਤੋਂ ਉਹ ਬਾਹਰ ਦੇ ਲੋਕਾਂ ਨਾਲ ਸੰਪਰਕ ‘ਚ ਸੀ।