ਚੰਡੀਗੜ੍ਹ, 31 ਮਈ 2022- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਪਹਿਲੀ ਗ੍ਰਿਫਤਾਰੀ ਕੀਤੀ ਗਈ ਹੈ।ਨਿਊਜ਼ ਏਜੰਸੀ ਏਐਨਆਈ ਦੀ ਰਿਪੋਰਟ ਮੂਸੇਵਾਲਾ ਕਤਲ ‘ਚ ਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਦੱਸ ਦਈਏ ਕਿ ਸੋਮਵਾਰ ਨੂੰ ਮਨਪ੍ਰੀਤ ਨੂੰ ਉਤਰਾਖੰਡ ਤੋਂ ਫੜਿਆ ਗਿਆ ਸੀ, ਜਿਸ ਨੂੰ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ।ਮਨਪ੍ਰੀਤ ਨੂੰ 5 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਟੀਮਾਂ ਇਸ ਮਾਮਲੇ ਦੇ ਸਾਰੇ ਸੂਤਰ ਜੋੜ ਰਹੀ ਹੈ।

ਐਤਵਾਰ ਨੂੰ ਤਾਬੜ ਤੋੜ ਗੋਲੀਆਂ ਚਲਾ ਕੇ ਕਤਲ ਕਰ ਦਿੱਤੇ ਗਏ ਨਾਮਵਰ ਗਾਇਕ-ਰੈੱਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਕਤਲ ਦੇ ਸੰੰਬੰਧ ਵਿੱਚ ਪੰਜਾਬ ਪੁਲਿਸ ਨੇ ਉੱਤਰਾਖੰਡ ਪੁਲਿਸ ਦੇ ਸਹਿਯੋਗ ਨਾਲ ਚਲਾਏ ਸਾਂਝੇ ਆਪਰੇਸ਼ਨ ਦੌਰਾਨ ਦੇਹਰਾਦੂਨ ਤੋਂ ਮਨਪ੍ਰੀਤ ਸਿੰਘ ਮੰਨਾ ਨਾਂਅ ਦੇ ਇਕ ਵਿਅਕਤੀ ਨੂੂੰ ਗ੍ਰਿਫ਼ਤਾਰ ਕੀਤਾ ਹੈ।

ਸ਼ੱਕ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਸਿੰਘ ਮੰਨਾ ਨੇ ਹੀ ਮੂਸੇਵਾਲਾ ਦੇ ਕਾਤਲਾਂ ਨੂੰ ਗੱਡੀਆਂ ਆਦਿ ਮੁਹੱਈਆ ਕਰਵਾਈਆਂ ਸਨ।

ਫ਼ਰੀਦਕੋਟ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਮੰਨਾ ਕਥਿਤ ਤੌਰ ’ਤੇ ਦੇਹਰਾਦੂਨ ਵਿਖ਼ੇ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨਾਲ ਰਲ ਕੇ ਹੇਮਕੁੰਟ ਸਾਹਿਬ ਜਾਣ ਦੀ ਤਿਆਰੀ ਵਿੱਚ ਸੀ ਜਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਸਨੂੰ ਪੰਜਾਬ ਲਿਆ ਕੇ ਅੱਜ ਮਾਨਸਾ ਦੀ ਇਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਨੇ ਪੁਲਿਸ ਨੂੰ ਉਸਦਾ 5 ਦਿਨ ਦਾ ਰਿਮਾਂਡ ਦਿੱਤਾ ਹੈ।

ਪੰਜਾਬ ਪੁਲਿਸ ਪਹਿਲਾਂ ਹਰੇਕ ਵਾਰਦਾਤ ਵਿੱਚ ਪਾਕਿਸਤਾਨ ਦਾ ਨਾਮ ਜੋੜ ਦਿੰਦੀ ਸੀ ਤੇ ਹੁਣ ਕੈਨੇਡਾ ਦਾ। ਸੰਦੀਪ ਨੰਗਲ ਅੰਬੀਆਂ ਦੇ ਕਤਲ ਵਾਰੀ ਵੀ ਇਹੀ ਕਿਹਾ ਸੀ ਕਿ ਮਾਸਟਰਮਾਈਂਡ ਕੈਨੇਡਾ ਹੈ। ਕੀ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦੱਸੇਗੀ ਕਿ ਇਨ੍ਹਾਂ ਕੈਨੇਡਾ ਵਾਲਿਆਂ ਬਾਰੇ ਫਿਰ ਅਗਾਂਹ ਕੀ ਕੀਤਾ? ਕੈਨੇਡਾ ਸਰਕਾਰ ਤੋਂ ਕੋਈ ਮੰਗ ਕੀਤੀ? ਗੋਲਡੀ ਬਰਾੜ ਜੇ ਕੈਨੇਡਾ ਹੈ ਤਾਂ ਉਸਨੂੰ ਕੈਨੇਡਾ ਆਉਣ ਲਈ ਪੁਲਿਸ ਕਲੀਅਰੈਂਸ ਕਿਵੇਂ ਮਿਲ ਗਈ? ਅਸਲ ਕਾਰਨ ਕੀ ਹਨ, ਰਵੀਸ਼ ਕੁਮਾਰ ਜੀ ਨੇ ਦੱਸੇ ਹਨ। ਇਹ ਪੈਸਾ ਅਜਿਹੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਹੈ, ਜੋ ਡਰੱਗ ਡੀਲਰ, ਗੈਂਗਸਟਰ, ਪੁਲਿਸ ਤੇ ਜੇਲ੍ਹ ਪ੍ਰਸ਼ਾਸਨ ਰਲ਼ ਕੇ ਖਾ ਰਿਹਾ। ਹੁਣ ਤਾਂ ਨੌਜਵਾਨ ਗਾਇਕ ਏਪੀ ਢਿੱਲੋਂ ਨੇ ਵੀ ਕਹਿ ਦਿੱਤਾ ਕਿ ਅਸੀਂ ਸਟੇਜ ‘ਤੇ ਲੋਕਾਂ ਅੱਗੇ ਹੋਰ ਹਾਂ ਤੇ ਪਿੱਛੇ ਅਸਲ ਜੀਵਨ ‘ਚ ਬਹੁਤ ਡਰ ਤੇ ਦਬਾਅ ਵਾਲੀ ਜ਼ਿੰਦਗੀ ਜਿਓਂ ਰਹੇ ਹਾਂ। ਸ਼ੁੱਭਦੀਪ ਸਿੱਧੂ ਦੇ ਸਸਕਾਰ ਮੌਕੇ ਦੀਆਂ ਤਸਵੀਰਾਂ ਦੇਖ ਕੇ ਕਾਲਜਾ ਮੂੰਹ ਨੂੰ ਆਉਂਦਾ। ਮਾਰਨ ਵਾਲੇ ਇੱਕ ਇੱਕ ਗੋਲੀ ਮਾਂ-ਬਾਪ ਦੇ ਵੀ ਮਾਰ ਜਾਂਦੇ, ਬਹੁਤ ਔਖਾ ਹੋ ਗਿਆ ਉਨ੍ਹਾਂ ਦਾ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ