ਚੰਡੀਗੜ੍ਹ, 1 ਜੂਨ, 2022:ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਅੱਜ ਏ.ਡੀ.ਜੀ.ਪੀ. ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ।

ਹੁਣ, ਛੇ ਮੈਂਬਰੀ ਐਸ.ਆਈ.ਟੀ. ਵਿੱਚ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀ.ਏ.ਪੀ. ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏ.ਆਈ.ਜੀ. ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਐਸ.ਐਸ.ਪੀ. ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ। ਜਦਕਿ ਐਸ.ਪੀ. ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀ.ਐਸ.ਪੀ. ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀ.ਆਈ.ਏ. ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।

ਆਪਣੇ ਤਾਜ਼ਾ ਹੁਕਮਾਂ ਵਿੱਚ, ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਰੋਜ਼ਾਨਾ ਅਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ ‘ਤੇ, ਸੀ.ਆਰ.ਪੀ.ਸੀ. ਦੀ ਧਾਰਾ 173 ਦੇ ਤਹਿਤ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਲੋੜ ਪੈਣ ਤੇ ਐਸ.ਆਈ.ਟੀ. ਕਿਸੇ ਹੋਰ ਪੁਲਿਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਵੀ ਮਾਹਰ/ਅਧਿਕਾਰੀ ਦੀ ਸਹਾਇਤਾ ਲੈ ਸਕਦੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜੋ ਕਿ ਐਤਵਾਰ ਸਾਮ 4:30 ਵਜੇ ਦੇ ਕਰੀਬ ਆਪਣੇ ਦੋ ਸਾਥੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਦੱਸਣਯੋਗ ਹੈ ਕਿ, ਆਈ.ਪੀ.ਸੀ. ਦੀਆਂ ਧਾਰਾਵਾਂ 302, 307, 341, 148, 149 ਅਤੇ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25,27/54/59 ਤਹਿਤ ਐਫ.ਆਈ.ਆਰ ਨੰ.103 ਮਿਤੀ 29-05-2022 ਨੂੰ ਥਾਣਾ ਸਿਟੀ-1 ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਪਹਿਲਾਂ ਹੀ ਸਿੱਧੂ ਮੂਸੇਵਾਲੇ ਨੂੰ ਹਮਲੇ ਦਾ ਲੱਗ ਗਿਆ ਸੀ ਪਤਾ !ਆਪਣੇ ਸਾਥੀਆਂ ਨੂੰ ਸੁਣੋ ਕੀ ਬੋਲਿਆ ਸੀ ਸਿੱਧੂ ?