ਫ਼ਰੀਦਕੋਟ ਦੇ ਪਿੰਡ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਿਖੇ 2015 ‘ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਦਰਜ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਦੇ ਘਰ ਸ਼ੱਕੀ ਹਾਲਾਤ ‘ਚ ਗੇੜੇ ਮਾਰਨ ਤੇ ਅਣਸੁਖਾਵੀਂ ਘਟਨਾ ਨੂੰ ਅੰਜ਼ਾਮ ਦੇਣ ਦੀ ਤਾਕ ‘ਚ ਘੁੰਮ ਰਹੇ ਨੌਜਵਾਨ ਨੂੰ ਫ਼ਰੀਦਕੋਟ ਪੁਲਿਸ ਨੇ ਗਿ੍ਫ਼ਤਾਰ ਕਰਕੇ ਉਸ ਪਾਸੋਂ ਭਾਰੀ ਮਾਤਰਾ ‘ਚ ਅਸਲ੍ਹਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ |

ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਬੇਅਦਬੀ ਮਾਮਲਿਆਂ ‘ਚ ਚਾਜਸ਼ੀਟ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਪਿੰਡ ਡੱਗੋਰੋਮਾਣਾ ਵਿਖੇ ਕੁਝ ਵਿਅਕਤੀ ਸ਼ੱਕੀ ਹਾਲਤ ‘ਚ ਪਹੁੰਚੇ ਸਨ ਤੇ ਸ਼ਕਤੀ ਸਿੰਘ ਦੇ ਸੁਰੱਖਿਆ ਗਾਰਡ ਪਾਸੋਂ ਉਸ ਬਾਰੇ ਪੁੱਛਗਿੱਛ ਕਰਕੇ ਗਏ ਸਨ | ਮਾਮਲਾ ਸ਼ੱਕੀ ਹੋਣ ‘ਤੇ ਪੁਲਿਸ ਵਲੋਂ ਤੁਰੰਤ ਇਨ੍ਹਾਂ ਵਿਅਕਤੀਆਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ |

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਸ਼ਕਤੀ ਸਿੰਘ ਦੇ ਘਰ ਜਾਣ ਵਾਲੇ ਭੋਲਾ ਸਿੰਘ ਵਾਸੀ ਜੀਵਨ ਵਾਲਾ ਗਿ੍ਫ਼ਤਾਰ ਕਰ ਲਿਆ ਗਿਆ ਤੇ ਉਸ ਪਾਸੋਂ ਦੋ ਵਿਦੇਸ਼ੀ ਪਿਸਤੌਲ, ਦਸ ਕਾਰਤੂਸ ਤੇ ਇਕ ਮਹਿੰਦਰਾ ਗੱਡੀ ਬਰਾਮਦ ਕੀਤੀ ਗਈ | ਉਨ੍ਹਾਂ ਕਿਹਾ ਕਿ 15 ਕੁ ਦਿਨ ਪਹਿਲਾਂ ਭੋਲਾ ਸਿੰਘ ਦੋ ਹੋਰ ਵਿਅਕਤੀਆਂ ਨਾਲ ਡੇਰਾ ਪ੍ਰੇਮੀ ਸ਼ਕਤੀ ਸਿੰਘ ਦੇ ਘਰ ਗਿਆ ਸੀ, ਉਸ ਸਮੇਂ ਸ਼ਕਤੀ ਸਿੰਘ ਘਰ ਨਹੀਂ ਸੀ |

ਉਨ੍ਹਾਂ ਦੱਸਿਆ ਕਿ ਇਸ ਸਬੰਧੀ 14 ਸਤੰਬਰ ਨੂੰ ਭੋਲਾ ਸਿੰਘ, ਸੁਖਜੀਤ ਸਿੰਘ ਉਰਫ਼ ਸੀਤੂ ਅਤੇ ਤਿੰਨ ਹੋਰ ਆਣਪਛਾਤਿਆਂ ਵਿਰੁੱਧ ਥਾਣਾ ਸਦਰ ਫ਼ਰੀਦਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਦੱਸਣਯੋਗ ਹੈ ਕਿ ਸ਼ਕਤੀ ਸਿੰਘ ਬੇਅਦਬੀ ਦੇ ਇਲਜ਼ਾਮਾਂ ‘ਚ ਘਿਰਿਆ ਹੋਇਆ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਲੋਂ ਸ਼ਕਤੀ ਸਿੰਘ ਤੇ ਇਸ ਮਾਮਲੇ ‘ਚ ਹੋਰ ਨਾਮਜ਼ਦ ਵਿਅਕਤੀਆਂ ਨੂੰ ਪੁਲਿਸ ਸੁਰੱਖਿਆ ਦਿੱਤੀ ਹੋਈ ਹੈ |

ਜ਼ਿਲ੍ਹਾ ਪੁਲਿਸ ਮੁਖੀ ਸਵਰਨਦੀਪ ਸਿੰਘ ਨੇ ਦਾਅਵਾ ਕੀਤਾ ਕਿ ਭੋਲਾ ਸਿੰਘ ਉਰਫ਼ ਖਾਲਸਾ ਵਲੋਂ ਮੁੱਢਲੀ ਪੁੱਛਗਿੱਛ ਦੌਰਾਨ ਕਬੂਲ ਕੀਤਾ ਗਿਆ ਹੈ ਕਿ ਉਹ ਬੇਅਦਬੀ ਦੇ ਦੋਸ਼ੀਆਂ ਤੋਂ ਬਦਲਾ ਲੈਣ ਦੀ ਤਾਕ ‘ਚ ਸਨ | ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਦੋਸ਼ੀਆਂ ਦੇ ਖਾਲਿਸਤਾਨੀਆਂ ਨਾਲ ਸਬੰਧ ਬਾਰੇ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਭੋਲਾ ਸਿੰਘ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ 6 ਅਪਰਾਧਿਕ ਮਾਮਲੇ ਦਰਜ ਹਨ | ਅੱਜ ਪੇਸ਼ੀ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਪੁਲਿਸ ਰਿਮਾਂਡ ‘ਤੇ ਭੇਜਣ ਦਾ ਹੁਕਮ ਦਿੱਤਾ ਹੈ |