ਚੰਡੀਗੜ੍ਹ, 2 ਜੂਨ, 2022:ਆਪਣੇ ਆਪ ਨੂੰ ਨਾਮਵਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਾਣਜਾ ਦੱਸਦੇ ਹੋਏ ਇਕ ਵਿਅਕਤੀ ਵੱਲੋਂ ਇਕ ਨਿਊਜ਼ ਚੈਨਲ ਨੂੰ ਫ਼ੋਨ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨੇ ਹੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ ਅਤੇ ਇਹ ਕਾਰਵਾਈ ਅਕਾਲੀ ਨੇਤਾ ਵਿੱਕੀ ਮਿੱਡੂਖ਼ੇੜਾ ਦੇ ਕਤਲ ਦਾ ਬਦਲਾ ਲੈਣ ਲਈ ਕੀਤੀ ਗਈ ਹੈ।

ਸਚਿਨ ਬਿਸ਼ਨੋਈ ਨਾਂਅ ਦੇ ਇਸ ਗੈਂਗਸਟਰ ਵੱਲੋਂ ਵੀਰਵਾਰ ਨੂੰ ਨਿਊਜ਼ 18 ਚੈਨਲ ਦੇ ਇਕ ਪੱਤਰਕਾਰ ਨੂੰ ‘ਵਰਚੂਅਲ ਫ਼ੋਨ’ ਕਰਕੇ ਉਕਤ ਅਤੇ ਹੋਰ ਬਹੁਤ ਸਾਰੇ ਸਨਸਨੀਖ਼ੇਜ਼ ਦਾਅਵੇ ਅਤੇ ਖ਼ੁਲਾਸੇ ਕੀਤੇ ਹਨ।

ਸਚਿਨ ਸ਼ਰਮਾ ਨੇ ਕਿਹਾ ਹੈ ਕਿ ਉਹ ਅਤੇ ਲਾਰੈਂਸ ਬਿਸ਼ਨੋਈ ਇਕੋ ਪਿੰਡ ਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਤੁਸੀਂ ਹੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਹੈ, ਸਚਿਨ ਬਿਸ਼ਨੋਈ ਨੇ ਦਾਅਵਾ ਕੀਤਾ ਕਿ ਉਹ ਇਸ ਹੱਤਿਆਕਾਂਡ ਵਿੱਚ ਖ਼ੁਦ ਸ਼ਾਮਲ ਹੀ ਨਹੀਂ ਸੀ, ਸਗੋਂ ਉਸਨੇ ਆਪਣੇ ਹੱਥੀਂ ਮੂਸੇਵਾਲਾ ਨੂੰ ਮਾਰਿਆ ਹੈ।

ਉਸਨੇ ਦਾਅਵਾ ਕੀਤਾ ਕਿ ਇਹ ਕਤਲ ਕਰਕੇ ਉਨ੍ਹਾਂ ਨੇ ਵਿੱਕੀ ਮਿੱਡੂਖ਼ੇੜਾ ਦੇ ਕਤਲ ਦਾ ਬਦਲਾ ਲਿਆ ਹੈ। ਉਸਨੇ ਕਿਹਾ ਕਿ ਇਹ ਕੋਈ ਪਬਲਿਸਟੀ ਸਟੰਟ ਨਹੀਂ ਸੀ ਅਤੇ ਨਾ ਹੀ ਇਹ ਆਪਣੀ ਤਾਕਤ ਦਿਖ਼ਾਉਣ ਲਈ ਕੀਤਾ ਹੈ। ਉਸਨੇ ਆਪਣਾ ਤਰਕ ਦਿੰਦਿਆਂ ਆਖ਼ਿਆ ਕਿ ਵਿੱਕੀ ਮਿੱਡੂਖ਼ੇੜਾ ਕਤਲ ਕਾਂਡ ਵਿੱਚ ਸਿੱਧੂ ਮੂਸੇਵਾਲਾ ਦਾ ਨਾਂਅ ਆਇਆ ਸੀ ਅਤੇ ਸ਼ੂਟਰਾਂ ਨੇ ਪੁਲਿਸ ਅੱਗੇ ਵੀ ਇਹ ਮੰਨਿਆਂ ਸੀ ਕਿ ਵਿੱਕੀ ਦੇ ਕਾਤਲਾਂ ਨੂੰ ਸਿੱਧੂ ਮੂਸੇਵਾਲਾ ਨੇ ਸਪੋਰਟ ਕੀਤੀ ਸੀ, ਉਨ੍ਹਾਂ ਨੂੰ ਰਹਿਣ ਨੂੰ ਜਗ੍ਹਾ ਦਿੱਤੀ ਸੀ ਪਰ ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਨਹੀਂ ਕੀਤਾ ਜਿਸ ਲਈ ਉਨ੍ਹਾਂ ਨੂੰ ਆਪ ਇਹ ਕਾਰਵਾਈ ਕਰਨੀ ਪਈ।

ਕੈਨੇਡਾ ਵਿੱਚ ਸਥਾਪਿਤ ਗੋਲਡੀ ਬਰਾੜ ਵੱਲੋਂ ਵੀ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਏ ਜਾਣ ਅਤੇ ਬਿਸ਼ਨੋਈ ਗਰੁੱਪ ਦਾ ਗੋਲਡੀ ਬਰਾੜ ਨਾਲ ਸੰਬੰਧ ਪੁੱਛੇ ਜਾਣ ’ਤੇ ਸਚਿਨ ਨੇ ਕਿਹਾ ਕਿ ਉਹ ਸਾਡੇ ਵੱਡੇ ਭਰਾ ਹਨ ਅਤੇ ਉਸਦੇ ਭਰਾ ਦੇ ਕਤਲ ਦੇ ਮਾਮਲੇ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਹੱਥ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਇੰਨੇ ਖ਼ਤਰਨਾਕ ਅਤੇ ਅਤਿ ਆਧੁਨਿਕ ਹਥਿਆਰ ਹੋਣ ਬਾਰੇ ਪੁੱਛੇ ਜਾਣ ’ਤੇ ਉਸਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਇਸ ਤੋਂ ਵੀ ਵੱਡੇ ਵੱਡੇ ਹਥਿਆਰ ਹਨ, ਉਸ ਤਰ੍ਹਾਂ ਦੇ ਹਥਿਆਰ ਵੀ ਹਨ ਜਿਸ ਤਰ੍ਹਾਂ ਦੇ ਹਾਲੀਵੁੱਡ ਫ਼ਿਲਮਾਂ ਵਿੱਚ ਵੇਖ਼ੇ ਜਾਂਦੇ ਹਨ। ਉਸਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਹਥਿਆਰ ਉਹਨਾਂ ਨੂੰ ਕਿਸ ਨੇ ਉਪਲਬਧ ਕਰਵਾਏ ਸਨ।

ਉਸਨੇ ਆਖ਼ਿਆ ਕਿ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਨੂੰ ਚੈਲੰਜ ਕਰ ਰਹੇ ਹਨ ਉਨ੍ਹਾਂ ਵਿੱਚੋਂ ਕਿਸੇ ਦਾ ਵੀ ਲੈਵਲ ਸਾਡੇ ਨਾਲ ਦਾ ਨਹੀਂ ਹੈ। ਉਸਨੇ ਆਖ਼ਿਆ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ ਅਤੇ ਜੋ ਕੁਝ ਹੋਰ ਬਚੇ ਹਨ, ਉਨ੍ਹਾਂ ਨੂੰ ਵੀ ਅਸੀਂ ਮਾਰ ਦਿਆਂਗੇ।

ਸਚਿਨ ਬਿਸ਼ਨੋਈ ਨੇ ਇਸ ਗੱਲ ਦਾ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਅਗਲਾ ਟਾਰਗੈਟ ਕੌਣ ਹੋ ਸਕਦਾ ਹੈ, ਪਰ ਇਹ ਵੀ ਕਿਹਾ ਕਿ ਜੋ ਲੋਕ ਧਮਕੀਆਂ ਦੇ ਰਹੇ ਸਨ, ਉਨ੍ਹਾਂ ਦੇ 2 ਦਿਨ ਤਾਂ ਲੰਘ ਗਏ ਹਨ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਵਿੱਚ ਕੋਈ ਗੱਲ ਹੈ ਤਾਂ ਸਾਡੇ ਸਾਹਮਣੇ ਆ ਕੇ ਲੜ ਲੈਣ।

ਇਹ ਸਭ ਨੂੰ ਦੱਸ ਦਿਓ, ਸਾਨੂੰ ਦੱਸਣ ਕਿੱਥੇ ਆ ਕੇ ਲੜਨਾ। ਇਹ ਸਭ ਭੌਕਣ ਵਾਲੇ ਕੁੱਤੇ ਹਨ। ਉਸਨੇ ਕਿਹਾ ਕਿ ਛੇਤੀ ਹੀ ਆਪੇ ਪਤਾ ਲੱਗ ਜਾਵੇਗਾ ਕਿ ਅਸੀਂ ਕਿਸਨੂੰ ਮਾਰਣ ਵਾਲੇ ਹਾਂ।