ਚੰਡੀਗੜ੍ਹ (ਨਿਊਜ਼ ਬਿਉਰੋ)- ਹਣ ਤੱਕ ਦੀ ਜਾਂਚ ਵੱਲ ਨਿਗ੍ਹਾ ਮਾਰੀਏ ਤਾਂ ਪੰਜਾਬ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਤਾਰ ਮੁੰਬਈ ਅਤੇ ਨਾਗਪੁਰ ਜੇਲ੍ਹ ਨਾਲ ਜੁੜਦੇ ਹਨ।

ਪੰਜਾਬ ਪੁਲਿਸ ਵੱਲੋਂ 8 ਸ਼ੂਟਰਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਸੰਤੋਸ਼ ਜਾਧਵ ਮੁੰਬਈ ਅੰਡਰਵਰਲਡ ਦੇ ਗਾਵਲੀ ਗੈਂਗ ਨਾਲ ਜੁੜਿਆ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੁਣੇ ਦਾ ਵਸਨੀਕ ਸੰਤੋਸ਼ ਜਾਧਵ ਵੀ ਮੂਸੇਵਾਲਾ ਨੂੰ ਗੋਲ਼ੀਆਂ ਮਾਰਨ ਵਿੱਚ ਸ਼ਾਮਲ ਸੀ।

ਗੈਂਗਸਟਰ ਅਰੁਣ ਗਾਵਲੀ ਨੂੰ ਇੱਕ ਕਤਲ ਕੇਸ ਵਿੱਚ ਉਮਰ ਕੈਦ ਹੋਈ ਸੀ ਤੇ ਉਹ ਇਸ ਸਮੇਂ ਨਾਗਪੁਰ ਜੇਲ੍ਹ ਵਿੱਚ ਹੈ। ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਓਸੇ ਦਾ ਚੇਲਾ ਹੈ। ਨਾਗਰਪੁਰ ਆਰਐਸਐਸ ਦਾ ਮੁੱਖ ਕੇਂਦਰ ਹੈ।

ਗਾਵਲੀ ਗੈਂਗ ਦੇ ਸੰਤੋਸ਼ ਜਾਧਵ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਲਈ ਮੁੰਬਈ ਤੋਂ ਪੰਜਾਬ ਵਿੱਚ ਸੱਦਿਆ ਗਿਆ ਸੀ। ਉਸ ਦੇ ਨਾਲ ਮਹਾਰਾਸ਼ਟਰ ਦਾ ਸੌਰਭ ਮਹਾਕਾਲ ਵੀ ਆਇਆ ਸੀ। ਇਸ ਖੁਲਾਸੇ ਪਿੱਛੋਂ ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਸ ਨੇ ਮੁੰਬਈ ਪੁਲਸ ਦੀ ਮਦਦ ਵੀ ਮੰਗੀ ਹੈ।

ਦੱਸ ਦੇਈਏ ਕਿ ਮੁੰਬਈ ਦਾ ਅੰਡਰਵਰਲਡ ਡੌਨ ਅਰੁਣ ਗਾਵਲੀ ਅਪਰਾਧ ਦੀ ਦੁਨੀਆ ਵਿੱਚ ‘ਡੈਡੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਉਹ ਅੰਡਰਵਲਡ ਵਿੱਚ 1990 ਦੇ ਦਹਾਕੇ ਦਾ ਸੁਪਾਰੀ ਕਿੰਗ ਅਤੇ ਦਾਊਦ ਇਬਰਾਹਿਮ ਦਾ ਜਾਨੀ ਦੁਸ਼ਮਣ ਹੈ। ਮੁੰਬਈ ਦੀ ਦਗੜੀ ਚਾਲ ਤੋਂ ਉਸ ਦਾ ਗੈਂਗ ਚੱਲਦਾ ਸੀ, ਜਿਸ ਵਿੱਚ 800 ਦੇ ਕਰੀਬ ਖ਼ਤਰਨਾਕ ਬਦਮਾਸ਼ ਹਨ। ਦਗੜੀ ਚਾਲ ਵਿੱਚ ਗਾਵਲੀ ਦੇ ਲੋਕ ਹੋਣ ਕਾਰਨ ਉਸ ਦੀ ਮਰਜ਼ੀ ਬਿਨਾਂ ਪੁਲਿਸ ਉਸ ਚਾਲ ਵਿੱਚ ਨਹੀਂ ਜਾ ਸਕਦੀ ਸੀ। ਅਰੁਣ ਗਾਵਲੀ 2004 ਵਿੱਚ ਮੁੰਬਈ ਦੇ ਚਿੰਚਪੋਕਲੀ ਹਲਕੇ ਤੋਂ ਵਿਧਾਇਕ ਵੀ ਰਹਿ ਚੁੱਕਾ ਹੈ।
ਪੰਜਾਬ ਪੁਲਿਸ ਅਤੇ ਪ੍ਰਾਈਵੇਟ ਜਾਂਚਕਾਰਾਂ ਨੂੰ ਇਸ ਐਂਗਲ ਵੱਲ ਬਹੁਤ ਤਵੱਜੋਂ ਦੇਣ ਦੀ ਲੋੜ ਹੈ। ਪੰਜਾਬੀ ਫਿਲਮੀ ਅਦਾਕਾਰ ਵਰਿੰਦਰ ਦੇ ਕਾਤਲ ਵੀ ਅੱਜ ਤੱਕ ਪਤਾ ਨਹੀਂ ਲੱਗ ਸਕੇ। ਉਦੋਂ ਉਸਦੀ ਮੌਤ ਪਿੱਛੇ ਵੀ ਮੁੰਬਈ ਦੇ ਕੁਝ ਅਦਾਕਾਰਾਂ ਦਾ ਨਾਮ ਆਇਆ ਸੀ ਪਰ ਜਾਂਚ ਕਦੇ ਵੀ ਅੱਗੇ ਨਾ ਵਧ ਸਕੀ।