ਬੌਲੀਵੁੱਡ ਅਦਾਕਾਰ ਸਿਧਾਂਤ ਕਪੂਰ ਨੂੰ ਸ਼ਹਿਰ ਦੇ ਇਕ ਹੋਟਲ ਵਿੱਚ ਰੇਵ ਪਾਰਟੀ ਦੌਰਾਨ ਕਥਿਤ ਤੌਰ ’ਤੇ ਨਸ਼ੀਲਾ ਪਦਾਰਥ ਲੈਣ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਕਮਿਸ਼ਨਰ ਡਾ. ਭੀਮਾਸ਼ੰਕਰ ਐਸ ਗੁਲੇਡ ਨੇ ਇਸ ਦੀ ਪੁਸ਼ਟੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਧਾਂਤ ਦੇ ਖੂਨ ਦੀ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਅਦਾਕਾਰ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਐਮਜੀ ਰੋਡ ’ਤੇ ਇਕ ਹੋਟਲ ਵਿੱਚ ਰੇਵ ਪਾਰਟੀ ਚਲ ਰਹੀ ਸੀ। ਇਸੇ ਦੌਰਾਨ ਪੁਲੀਸ ਟੀਮ ਨੇ ਉਥੇ ਛਾਪਾ ਮਾਰਿਆ ਤੇ ਸਿਧਾਂਤ ਨੂੰ ਗ੍ਰਿਫ਼ਤਾਰ ਕੀਤਾ। ਸੂਤਰਾਂ ਅਨੁਸਾਰ ਪੁਲੀਸ ਨੇ ਪੰਜ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਬਾਲੀਵੁੱਡ ‘ਤੇ ਇੱਕ ਵਾਰ ਫਿਰ ਡਰੱਗਜ਼ ਮਾਮਲੇ ਨੂੰ ਲੈ ਕੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਗਿਆ ਹੈ। ਡਰੱਗ ਮਾਮਲੇ ‘ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆਏ ਸਨ। ਕਈ ਸੈਲੇਬਸ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਹੁਣ ਇਸ ਲਿਸਟ ‘ਚ ਇੱਕ ਹੋਰ ਨਾਂ ਸਾਹਮਣੇ ਆਇਆ ਹੈ। ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਸਿਧਾਂਤ ਕਪੂਰ ਨੂੰ ਪੁਲਿਸ ਨੇ ਬੈਂਗਲੁਰੂ ‘ਚ ਹਿਰਾਸਤ ‘ਚ ਲੈ ਲਿਆ ਹੈ। ਸਿਧਾਂਤ ‘ਤੇ ਡਰੱਗ ਲੈਣ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਇੱਕ ਹੋਟਲ ਵਿੱਚ ਛਾਪਾ ਮਾਰਿਆ ਜਿੱਥੋਂ ਸਿਧਾਂਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਬੈਂਗਲੁਰੂ ਪੁਲਿਸ ਨੇ ਐਤਵਾਰ ਰਾਤ ਨੂੰ ਇੱਕ ਪੰਜ ਤਾਰਾ ਹੋਟਲ ਵਿੱਚ ਛਾਪਾ ਮਾਰਿਆ ਸੀ। ਜਿੱਥੇ ਹਾਈ ਪ੍ਰੋਫਾਈਲ ਡਰੱਗਜ਼ ਪਾਰਟੀ ਹੋ ਰਹੀ ਸੀ। ਇਸ ਪਾਰਟੀ ‘ਚ 35 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ‘ਚੋਂ 6 ਲੋਕਾਂ ਦਾ ਟੈਸਟ ਪੌਜ਼ੇਟਿਵ ਆਇਆ ਹੈ। ਸਿਧਾਂਤ ਵੀ ਛੇ ਲੋਕਾਂ ਵਿੱਚ ਸ਼ਾਮਲ ਹੈ। ਭੀਮਾਸ਼ੰਕਰ ਐਸ ਗੁਲੇਦ, ਡੀਐਸਪੀ, ਬੈਂਗਲੁਰੂ ਸਿਟੀ, ਈਸਟ ਡਿਵੀਜ਼ਨ ਨੇ ਕਿਹਾ ਹੈ ਕਿ ਸਿਧਾਂਤ ਕਪੂਰ ਦਾ ਡਰੱਗ ਟੈਸਟ ਪੌਜ਼ੇਟਿਵ ਆਇਆ ਹੈ ਤੇ ਉਸ ਨੂੰ ਉਲਸੂਰ ਥਾਣੇ ਲਿਆਂਦਾ ਗਿਆ ਹੈ।
ਉਲਸੂਰ ਪੁਲਿਸ ਨੇ ਰਾਤ 12 ਵਜੇ ਹੋਟਲ ‘ਤੇ ਛਾਪਾ ਮਾਰਿਆ। ਛਾਪੇਮਾਰੀ ਵਿੱਚ 50 ਤੋਂ ਵੱਧ ਨੌਜਵਾਨ ਲੜਕੇ-ਲੜਕੀਆਂ ਨੂੰ ਗ੍ਰਿਫ਼ਤਾਰ ਕਰਕੇ ਮੈਡੀਕਲ ਟੈਸਟ ਲਈ ਭੇਜਿਆ ਗਿਆ। ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਡਰੱਗਜ਼ ਮਾਮਲੇ ‘ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਵਿੱਚ ਸ਼ਕਤੀ ਕਪੂਰ ਦੀ ਬੇਟੀ ਸ਼ਰਧਾ ਕਪੂਰ ਵੀ ਹੈ। ਇਸ ਮਾਮਲੇ ‘ਚ NCB ਨੇ ਸ਼ਰਧਾ ਕਪੂਰ ਤੋਂ ਵੀ ਪੁੱਛਗਿੱਛ ਕੀਤੀ ਸੀ।
ਸਿਧਾਂਤ ਕਪੂਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਪਰ ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ‘ਚ ਸਫਲ ਨਹੀਂ ਹੋ ਸਕੇ। ਉਨ੍ਹਾਂ ਨੇ ਕਈ ਫਿਲਮਾਂ ਤੇ ਵੈੱਬ ਸੀਰੀਜ਼ ‘ਚ ਕੰਮ ਕੀਤਾ ਹੈ। ਸਿਧਾਂਤ ਨੇ ਆਪਣੀ ਭੈਣ ਸ਼ਰਧਾ ਨਾਲ ਵੀ ਫਿਲਮ ‘ਚ ਕੰਮ ਕੀਤਾ ਹੈ ਪਰ ਉਹ ਫਿਲਮ ਵੀ ਫਲਾਪ ਸਾਬਤ ਹੋਈ। ਹਾਲ ਹੀ ‘ਚ ਸਿਧਾਂਤ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਨਾਲ ਫਿਲਮ ‘ਚਿਹਰੇ’ ‘ਚ ਨਜ਼ਰ ਆਏ ਸਨ ਪਰ ਉਨ੍ਹਾਂ ਦੀ ਇਹ ਫਿਲਮ ਵੀ ਬਾਕਸ ਆਫਿਸ ‘ਤੇ ਫਲਾਪ ਸਾਬਤ ਹੋਈ ਸੀ।