ਸਿੱਪੀ ਸਿੱਧੂ ਕਤਲ ਕੇਸ ਵਿੱਚ ਸੀ.ਬੀ.ਆਈ. ਦਾ ਵੱਡਾ ਐਕਸ਼ਨ: 7 ਸਾਲਾਂ ਬਾਅਦ ਐਕਟਿੰਗ ਚੀਫ਼ ਜਸਟਿਸ ਦੀ ਬੇਟੀ ਕਲਿਆਣੀ ਗ੍ਰਿਫ਼ਤਾਰ – ਸਾਬਕਾ ਜੱਜ ਦੇ ਪੋਤੇ ਦੀ ਮਹਿਲਾ ਮਿੱਤਰ ਨੇ ਹੀ ਕਰਵਾਇਆ ਸੀ ਕਤਲ ? ਸਿੱਪੀ ਸਿੱਧੂ ਕਤਲ ਮਾਮਲੇ ‘ਚ ਮ੍ਰਿਤਕ ਦੀ ਮਹਿਲਾ ਮਿੱਤਰ ਗ੍ਰਿਫਤਾਰ,7 ਸਾਲ ਬਾਅਦ ਖੁਲਾਸਾ ! #Chandigarh #SippySidhu #CBI #Arrested #Women #PunjabHaryanaHighCourt #Advocate #SukhmanpreetSinghSidhu

ਚੰਡੀਗੜ੍ਹ, 15 ਜੂਨ, 2022:ਕੌਮੀ ਪੱਧਰ ਦੇ ਨਾਮਵਰ ਸ਼ੂਟਰ ਅਤੇ ਪ੍ਰਸਿੱਧ ਵਕੀਲ ਸਿੱਪੀ ਸਿੱਧੂ ਦੇ ਕਤਲ ਕੇਸ ਵਿੱਚ ਸੀ.ਬੀ.ਆਈ.ਨੇ ਵੱਡੀ ਕਾਰਵਾਈ ਕੀਤੀ ਹੈ।

20, ਸਤੰਬਰ, 2015 ਨੂੰ ਚੰਡੀਗੜ੍ਹ ਦੇ ਸੈਕਟਰ 27 ਵਿੱਚ ਇਕ ਪਾਰਕ ਵਿੱਚ ਸਿੱਪੀ ਸਿੱਧੂ ਦੀ ਲਾਸ਼ ਮਿਲੀ ਸੀ। ਇਸ ਬਹੁਚਰਚਿਤ ਕੇਸ ਦੇ ਲਗਪਗ 7 ਸਾਲਾਂ ਬਾਅਦ ਸੀ.ਬੀ.ਆਈ.ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਐਕਟਿੰਗ ਚੀਫ਼ ਜਸਟਿਸ ਸਬੀਨਾ ਦੀ ਬੇਟੀ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਨਸਨੀਖ਼ੇਜ਼ ਮਾਮਲੇ ਵਿੱਚ 7 ਸਾਲਾਂ ਬਾਅਦ ਕੀਤੀ ਗਈ ਇਹ ਪਹਿਲੀ ਗ੍ਰਿਫ਼ਤਾਰੀ ਹੈ। ਸੀ.ਬੀ.ਆਈ.ਅਦਾਲਤ ਦੇ ਵਿਸ਼ੇਸ਼ ਜੱਜ ਸ: ਸੁਖ਼ਦੇਵ ਸਿੰਘ ਨੇ ਸੀ.ਬੀ.ਆਈ. ਨੂੰ ਕਲਿਆਣੀ ਸਿੰਘ ਦਾ 4 ਦਿਨਾਂ ਦਾ ਰਿਮਾਂਡ ਦੇ ਦਿੱਤਾ ਹੈ।

36 ਵਰਿ੍ਹਆਂ ਦੇ ਸਿੱਪੀ ਸਿੱਧੂ ਦੀ ਗੋਲੀਆਂ ਵਿੰਨ੍ਹੀ ਲਾਸ਼ ਪਾਰਕ ਵਿੱਚ ਮਿਲਣ ਤੋਂ ਬਾਅਦ ਇਹ ਕੇਸ ਕਾਫ਼ੀ ਚਰਚਾ ਵਿੱਚ ਆਇਆ ਸੀ। ਸਿੱਧੂ ਦੀ ਮ੍ਰਿਤਕ ਦੇਹ ’ਤੇ 12 ਬੋਰ ਦੀ ਗੰਨ ਤੋਂ ਚਾਰ ਗੋਲੀਆਂ ਲੱਗੀਆਂ ਪਾਈਆਂ ਗਈਆਂ ਸਨ।

ਸਿੱਧੂ ਦੀ ਮੌਤ ਸਮੇਂ ਜਸਟਿਸ ਸਬੀਨਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਜ ਦੇ ਤੌਰ ’ਤੇ ਸੇਵਾ ਨਿਭਾਅ ਰਹੇ ਸਨ। ਸਿੱਧੂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਐਸ.ਐਸ. ਸਿੱਧੂ ਦਾ ਪੋਤਾ ਸੀ।

ਇਹ ਮਾਮਲਾ ਪਹਿਲਾਂ ਚੰਡੀਗੜ੍ਹਪੁਲਿਸ ਨੇ ਦਰਜ ਕੀਤਾ ਸੀ ਅਤੇ ਉਸ ਵੇਲੇ ਵੀ ਕਲਿਆਣੀ ਸਿੰਘ ਦਾ ਨਾਂਅ ਸਾਹਮਣੇ ਆਇਆ ਸੀ ਅਤੇ ਹੋਰਨਾਂ ਸ਼ੱਕੀਆਂ ਦੇ ਨਾਲ ਨਾਲ ਉਸਦੇ ਬਿਆਨ ਵੀ ਦਰਜ ਕੀਤੇ ਗਏ ਸਨ।

ਉਦੋਂ ਇਹ ਗੱਲ ਸਾਹਮਣੇ ਆਈ ਸੀ ਕਿ ਸਿੱਪੀ ਸਿੱਧੂ ਅਤੇ ਕਲਿਆਣੀ ਸਿੰਘ ਦੋਵੇਂ ਦੋਸਤ ਸਨ ਅਤੇ ਕਲਿਆਣੀ ਸਿੱਪੀ ਸਿੱਧੂ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਇਹ ਗੱਲ ਤੋੜ ਨਾ ਚੜ੍ਹਣ ਕਾਰਨ ਉਹ ਨਾਰਾਜ਼ ਹੋ ਗਈ ਸੀ।

ਇਸ ਮਾਮਲੇ ਵਿੱਚ ਸਿੱਧੂ ਦੇ ਪਰਿਵਾਰ ਨੇ ਕੈਂਡਲ ਮਾਰਚ ਕੱਢੇ, ਪ੍ਰੈਸ ਕਾਨਫਰੰਸਾਂ ਕੀਤੀਆਂ ਅਤੇ ਪੂਰੀ ਵਾਹ ਲਾਈ ਪਰ ਕਲਿਆਣੀ ਉਸ ਵੇਲੇ ਗ੍ਰਿਫ਼ਤਾਰ ਨਹੀਂ ਹੋ ਸਕੀ ਸੀ।

22 ਜਨਵਰੀ, 2016 ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਕਪਤਾਨ ਸਿੰਘ ਸੋਲੰਕੀ ਵੱਲੋਂ ਇਹ ਮਾਮਲਾ ਸੀ.ਬੀ.ਆਈ. ਦੇ ਹਵਾਲੇ ਕਰ ਦਿੱਤਾ ਗਿਆ ਸੀ।

ਦਸੰਬਰ 2020 ਵਿੱਚ ਸੀ.ਬੀ.ਆਈ. ਨੇ ਅਦਾਲਤ ਨੂੰ ਇਹ ਆਖ਼ ਦਿੱਤਾ ਸੀ ਕਿ ਉਸਨੂੰ ਕਲਿਆਣੀ ਸਿੰਘ ਦੀ ਇਸ ਅਪਰਾਧ ਵਿੱਚ ਸ਼ਮੂਲੀਅਤ ਨਹੀਂਜਾਪਦੀ ਪਰ ਨਾਲ ਹੀ ਇਹ ਕਿਹਾ ਸੀ ਕਿ ਜਾਂਚ ਜਾਰੀ ਰੱਖੀ ਜਾਵੇਗੀ ਕਿਉਂਕਿ ਉਨ੍ਹਾਂ ਨੂੰ ਇਹ ਸ਼ੱਕ ਜ਼ਰੂਰ ਹੈ ਕਿ ਇਸ ਕਤਲ ਕਾਂਡ ਵਿੱਚ ਕਿਸੇ ਮਹਿਲਾ ਦੀ ਸ਼ਮੂਲੀਅਤ ਸੀ।

ਕੌਮੀ ਪੱਧਰ ਦੇ ਸ਼ੂਟਰ ਸਿੱਪੀ ਨੇ ਪੰਜਾਬ ਨੈਸ਼ਨਲ ਗੇਮਜ਼ 2001 ਦੌਰਾਨ ਅਭਿਨਵ ਬਿੰਦਰਾ ਦੇ ਨਾਲ ਆਪਣੀ ਟੀਮ ਲਈ ਗੋਲਡ ਮੈਡਲ ਹਾਸਲ ਕੀਤਾ ਸੀ। ਉਹ 15 ਸਾਲ ਸ਼ੂਟਿੰਗ ਦੇ ਖ਼ੇਤਰ ਵਿੱਚ ਸੀ ਅਤੇ ਕਈ ਚੈਂਪੀਅਨਸ਼ਿਪਸ ਜਿੱਤੀਆਂ ਸਨ। ਉਹ ਪੈਰਾਲੰਪਿਕ ਕਮੇਟੀ ਆਫ਼ ਇੰਡੀਆ ਦੇ ਜੁਆਇੰਟ ਸਕੱਤਰ ਵਜੋਂ ਵੀ ਸੇਵਾ ਨਿਭਾਅ ਰਹੇ ਸਨ।

ਇਸ ਮਾਮਲੇ ਵਿੱਚ ਸੀ.ਬੀ.ਆਈ.ਨੇ ਸਤੰਬਰ 2016 ਵਿੱਚ ਇਸ ਮਾਮਲੇ ਸੰਬੰਧੀ ਸੁਰਾਗ ਦੇਣ ਵਾਲੇ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਜਿਸ ਨੂੰ ਦਸੰਬਰ 2021 ਵਿੱਚ ਵਧਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਸੀ।