ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਮ ਆਦਮੀ ਪਾਰਟੀ’ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਮਾਇਨਿੰਗ ਦੇ ਖ਼ਾਤਮੇ ਲਈ ਵਿੱਢੀ ਮੁਹਿੰਮ ਦਾ ਇਕ ਹੋਰ ਨਤੀਜਾ ਅੱਜ ਸਾਹਮਣੇ ਆਇਆ ਹੈ।

ਸਰਕਾਰ ਵੱਲੋਂ ਪਹਿਲਾਂ ਆਪਣੇ ਕੈਬਨਿਟ ਮੰਤਰੀ ਵਿਜੇ ਸਿੰਗਲਾ ਦੀ ਗ੍ਰਿਫ਼ਤਾਰੀ, ਫ਼ਿਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੇ ਜਾਣ ਮਗਰੋਂ ਹੁਣ ਕਾਂਗਰਸ ਦੇ ਸਾਬਕਾ ਵਿਧਾਇਕ ਨੂੰ ਗ੍ਰਿਫ਼ਤਾਰ ਕੀਤੇ ਜਾਣਦੀ ਖ਼ਬਰ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਰਾਗੜ੍ਹ ਪੁਲਿਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਭੋਆ ਦੇ ਸਾਬਕਾ ਵਿਧਾਇਕ ਸ੍ਰੀ ਜੋਗਿੰਦਰ ਪਾਲ ਭੋਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਮਾਈਨਿੰਗ ਵਿਭਾਗ ਵੱਲੋਂ ਇਕ ਮਾਈਨਿੰਗ ਸਾਈਟ ’ਤੋਂ ਇਕ ਮਸ਼ੀਨ, ਇਕ ਟਿੱਪਰ ਟਰੈਕਟਰਰ ਅਤੇ ਟਰਾਲੀ ਬਰਾਮਦ ਕੀਤੀ ਗਈ ਸੀ ਜਿਸ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

ਯਾਦ ਰਹੇ ਕਿ ਅਜੇ ਕਲ੍ਹ ਹੀ ਸੰਗਰੂਰ ਵਿੱਚ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਭ੍ਰਿਸ਼ਟਾਚਾਰੀਆਂ ਦੀ ਇਕ ਲੰਬੀ ਸੂਚੀ ਮੌਜੂਦ ਹੈ ਅਤੇ ਇਸ ਸੰਬੰਧੀ ਛੇਤੀ ਹੀ ਕਾਰਵਾਈ ਵੇਖ਼ਣ ਨੂੰ ਮਿਲੇਗੀ।

ਜ਼ਿਕਰਯੋਗ ਹੈ ਕਿ ਸ੍ਰੀ ਜੋਗਿੰਦਰ ਪਾਲ ਭੋਆ 2017 ਤੋਂ 2022 ਤਕ ਭੋਆ ਹਲਕੇ ਤੋਂ ਵਿਧਾਇਕ ਸਨ ਅਤੇ 2022 ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਤੋਂ ਇਹ ਚੋਣ ਹਾਰ ਗਏ ਸਨ। ਉਹ ਆਪਣੇ ਹਲਕੇ ਵਿੱਚ ਇਕ ਲੜਕੇ ਨੂੰ ਇਕ ਸਮਾਗਮ ਦੌਰਾਨ ਥੱਪੜ ਮਾਰ ਦੇਣ ਕਰਕੇ ਵੀ ਚਰਚਾ ਵਿੱਚ ਆਏ ਸਨ।