ਚੰਡੀਗੜ੍ਹ, 3 ਅਕਤੂਬਰ, 2021:ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੇ ਸੂਬੇ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਚੇਤਾਇਆ ਹੈ ਕਿ ਜੇ ਪੰਜਾਬ ਦੇ ਨਵ-ਨਿਯੁਕਤ ਡੀ.ਜੀ.ਪੀ. ਅਤੇ ਐਡਵੋਕੇਟ ਜਨਰਲ ਨਾ ਬਦਲੇ ਗਏ ਤਾਂ ਕਾਂਗਰਸ ਪਾਰਟੀ ਮੂੰਹ ਵਿਖ਼ਾਉਣ ਜੋਗੀ ਨਹੀਂ ਰਹੇਗੀ।
ਸ: ਸਿੱਧੂ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਵੱਖ ਵੱਖ ਮੁੱਦਿਆਂ ’ਤੇ ਖੁਲ੍ਹ ਕੇ ਸੋਸ਼ਲ ਮੀਡੀਆ ’ਤੇ ਅਲੋਚਨਾ ਕਰਦੇ ਹੋਏ ਮੋਰਚਾ ਖ਼ੋਲ੍ਹਦੇ ਰਹੇ ਸਨ, ਨੇ ਹੁਣ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸਰਕਰ ਦੇ ਫ਼ੈਸਲਿਆਂ ’ਤੇ ਸੋਸ਼ਲ ਮੀਡੀਆ ’ਤੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹੋਏ ਹਨ।
ਚੰਨੀ ਸਰਕਾਰ ਵੱਲੋਂ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਆਈ.ਪੀ.ਐਸ.ਦੀ ਡੀ.ਜੀ.ਪੀ.ਵਜੋਂ ਅਤੇ ਸੀਨੀਅਰ ਵਕੀਲ ਸ: ਏ.ਪੀ.ਐਸ.ਦਿਓਲ ਦੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਦੇ ਵਿਰੋਧ ਵਿੱਚ ਸ: ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ:ਸਿੱਧੂ ਦਾ ਮੰਨਣਾ ਹੈ ਕਿ ਡੀ.ਜੀ.ਪੀ. ਨਿਯੁਕਤ ਕੀਤੇ ਗਏ ਸ: ਸਹੋਤਾ ਨੇ ਬੇਅਦਬੀਆਂ ਕਾਂਡ ਬਾਰੇ ਬਣੀ ਐਸ.ਆਈ.ਟੀ.ਦੇ ਮੁਖੀ ਵਜੋਂ ਦੋ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਫ਼ਸਾਇਆ ਸੀ ਜਦਕਿ ਏ.ਜੀ. ਸ: ਦਿਓਲ ਬਾਰੇ ਸ:ਸਿੱਧੂ ਦਾ ਇਤਰਾਜ਼ ਹੈ ਕਿ ਉਹ ਬੇਅਦਬੀ ਤੇ ਗੋ ਲੀ ਕਾਂ ਡ ਦੇ ਦੋਸ਼ੀਆਂ ਦੇ ਕੇਸ ਲੜ ਕੇ ਉਨ੍ਹਾਂ ਨੂੰ ‘ਬਲੈਂਕੇਟ ਬੇਲ’ ਅਤੇ ਹੋਰ ਜ਼ਮਾਨਤਾਂ ਤੇ ਰਾਹਤਾਂ ਦਿਵਾਉਂਦੇ ਰਹੇ ਹਨ।
ਸ:ਸਿੱਧੂ ਨੇ ਇਸ ਸੰਬੰਧੀ ਆਪਣਾ ਅਸਤੀਫ਼ਾ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਾਂਅ ਲਿਖ਼ਿਆ ਸੀ ਜੋ ਉਹਨਾਂ ਨੇ ਸਿੱਧੇ ਹੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਸੀ। ਕਾਂਗਰਸ ਹਾਈਕਮਾਨ ਨੇ ਅਜੇ ਤਕ ਸ:ਸਿੱਧੂ ਦੇ ਅਸਤੀਫ਼ੇ ਬਾਰੇ ਕੋਈ ਵੀ ਫ਼ੈਸਲਾ ਨਹੀਂ ਲਿਆ ਹੈ।
ਐਤਵਾਰ ਨੂੰ ਟਵਿੱਟਰ ’ਤੇ ਆਉਂਦਿਆਂ ਸ: ਸਿੱਧੂ ਨੇ ਕਿਹਾ ਕਿ, ‘‘ਬੇਅਦਬੀ ਕੇਸਾਂ ਅਤੇ ਡਰੱਗ ਨਾਲ ਸੰਬੰਧਤ ਕੇਸਾਂ ਵਿੱਚ ਇਨਸਾਫ਼ ਦੀ ਮੰਗ ਦੇ ਚੱਲਦਿਆਂ 2017 ਵਿੱਚ ਆਈ ਸਾਡੀ ਸਰਕਾਰ ਦੀ ਅਸਫ਼ਲਤਾ ਕਾਰਨ ਹੀ ਲੋਕਾਂ ਨੇ ਪਿਛਲੇ ਮੁੱਖ ਮੰਤਰੀ (ਕੈਪਟਨ ਅਮਰਿੰਦਰ ਸਿੰਘ) ਨੂੰ ਅਹੁਦੇ ਤੋਂ ਲਾਹ ਦਿੱਤਾ ਸੀ। ਹੁਣ, ਐਡਵੋਕੇਟ ਜਨਰਲ ਅਤੇ ਡੀ.ਜੀ.ਪੀ. ਦੀਆਂ ਨਿਯੁਕਤੀਆਂ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਪਾਉਣ ਵਾਲੀਆਂ ਹਨ। ਉਹਨਾਂ ਨੂੰ ਹਰ ਹਾਲ ਬਦਲਣਾ ਪਵੇਗਾ, ਨਹੀਂ ਤਾਂ ਅਸੀਂ ਮੂੰਹ ਵਿਖ਼ਾਉਣ ਜੋਗੇ ਨਹੀਂ ਰਹਾਂਗੇ।’’
ਦਿਲਚਸਪ ਗੱਲ ਇਹ ਹੈ ਕਿ ਸ: ਸਿੱਧੂ ਹੁਣ ਡੀ.ਜੀ.ਪੀ. ਅਤੇ ਏ.ਜੀ.ਵਾਲਾ ਹੀ ਮੁੱਦਾ ਉਠਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਹੁਣ ਚੰਨੀ ਮੰਤਰੀਮੰਡਲ ਵਿੱਚ ਸ਼ਾਮਲ ਕਥਿਤ ‘ਦਾਗੀ’ ਮੰਤਰੀਆਂ ਨੂੰ ਹਟਾਏ ਜਾਣ ਦੀ ਉਹ ਮੰਗ ਨਹੀਂ ਉਠਾਈ ਜਾ ਰਹੀ ਜਿਸਦੀ ਬਾਤ ਉਨ੍ਹਾਂ ਵੱਲੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੇ ਗਏ ਵੀਡੀਓ ਵਿੱਚ ਪਾਈ ਸੀ।
ਯਾਦ ਰਹੇ ਕਿ ਸ: ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਸੇ ਸੰਬੰਧ ਵਿੱਚ ਮੁੱਖ ਮੰਤਰੀ ਸ: ਚੰਨੀ ਅਤੇ ਸ: ਸਿੱਧੂ ਵਿਚਾਲੇ ਪੰਜਾਬ ਭਵਨ ਵਿਖ਼ੇ ਕਾਂਗਰਸ ਅਬਜ਼ਰਵਰ ਸ੍ਰੀ ਹਰੀਸ਼ ਚੌਧਰੀ, ਕੁਝ ਮੰਤਰੀਆਂ ਅਤੇ ਵਿਧਾਇਕਾਂ ਦੀ ਹਾਜ਼ਰੀ ਵਿੱਚ ਹੋਈ 2 ਘੰਟੇ ਚੱਲੀ ਮੀਟਿੰਗ ਵਿੱਚ ਵੀ ਕੋਈ ਨਤੀਜਾ ਨਹੀਂ ਸੀ ਨਿਕਲ ਸਕਿਆ।
ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਸ: ਸਿੱਧੂ ਵੱਲੋਂ ਕਥਿਤ ਤੌਰ ’ਤੇ ਸਰਕਾਰੀ ਅਤੇ ਪ੍ਰਸ਼ਾਸ਼ਕੀ ਕੰਮਾਂ ਵਿੱਚ ਦਖਲਅੰਦਾਜ਼ੀ ਦਾ ਡਟਵਾਂ ਵਿਰੋਧ ਕਰਦਿਆਂ ਇਸ ਨੂੰ ਗੈਰ ਸੰਵਿਧਾਨਕ ਦੱਸਿਆ ਜਾ ਰਿਹਾ ਹੈ।