ਪਿਛਲੇ ਦਿਨੀਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਬੰਬੀਹਾ ਭਾਈ (ਮੋਗਾ) ਵਿਖੇ ਤੜਕਸਾਰ ਇਕ ਘਰ ਉੱਪਰ ਗੋਲੀਆਂ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਇਸ ਦੌਰਾਨ ਵੱਖ-ਵੱਖ ਪਹਿਲੂਆਂ ਤੋਂ ਬਾਘਾਪੁਰਾਣਾ ਸੀ.ਆਈ.ਏ. ਸਟਾਫ ਵਲੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਵੱਡਾ ਖੁਲਾਸਾ ਇਹ ਹੋਇਆ ਕਿ ਉਕਤ ਤਰਲੋਚਨ ਸਿੰਘ ਜਿਸਦੇ ਘਰ ਉਪਰ ਗੋਲੀਆਂ ਚੱਲੀਆਂ ਸਨ, ਉਹ ਖੁਦ ਹੀ ਇਸ ਸਾਰੀ ਘਟਨਾ ਲਈ ਜ਼ਿੰਮੇਵਾਰ ਹੈ। ਉਕਤ ਤਰਲੋਚਨ ਸਿੰਘ ਨੇ ਅਸਲੇ ਦਾ ਲਾਇਸੈਂਸ ਬਣਾਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਸ ਸਬੰਧੀ ਜਦੋਂ ਤਰਲੋਚਨ ਸਿੰਘ ਦੇ ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਤਰਲੋਚਨ ਸਿੰਘ ਨੂੰ ਇਹ ਸੀ ਕਿ ਮੈਂ ਬਾਹਰ ਚਲਾ ਜਾਣਾ ਹੈ ਤੇ ਮੇਰਾ ਮੁੰਡਾ ਮਗਰੋਂ ਇਕੱਲਾ ਰਹਿ ਜਾਵੇਗਾ ਅਤੇ ਉਸ ਲਈ ਅਸਲਾ ਲਾਇਸੈਂਸ ਜਲਦੀ ਲੈਣ ਲਈ ਹੀ ਇਹ ਸੱਭ ਕੁੱਝ ਕੀਤਾ ਹੈ। ਸਥਾਨਕ ਪੁਲਸ ਵੱਲੋਂ ਕਥਿਤ ਦੋਸ਼ੀ ਤਰਲੋਚਨ ਸਿੰਘ ਅਤੇ ਉਸ ਦੇ ਸਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਇਸ ਘਟਨਾ ਲਈ ਵਰਤੇ ਗਏ ਹਥਿਆਰ ਅਤੇ ਹੋਰ ਵਿਅਕਤੀਆਂ ਬਾਰੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।