ਜਲੰਧਰ –ਖ਼ੁਦ ਨੂੰ ਪੰਡਿਤ ਦੱਸ ਕੇ ਇਕ 35 ਸਾਲਾ ਵਿਆਹੁਤਾ ਔਰਤ ਨੂੰ ਉਸ ਦੇ ਕਸ਼ਟਾਂ ਨੂੰ ਦੂਰ ਕਰਨ ਦਾ ਉਪਾਅ ਦੱਸਣ ਦਾ ਝਾਂਸਾ ਦੇ ਕੇ ਹੋਟਲ ਵਿਚ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਮਾਲਾ ਸਾਹਮਣੇ ਆਇਆ ਹੈ। ਥਾਣਾ ਨੰਬਰ 3 ਦੀ ਪੁਲਸ ਨੇ ਮਾਮਲਾ ਦਰਜ ਕਰਕੇ ਖ਼ੁਦ ਨੂੰ ਪੰਡਿਤ ਦੱਸਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਪੰਡਿਤ ਦੀ ਪਛਾਣ ਲਕਸ਼ਮੀ ਨਾਰਾਇਣ ਪੁੱਤਰ ਕਿਸ਼ਨ ਗੋਪਾਲ ਨਿਵਾਸੀ ਮੱਧ ਪ੍ਰਦੇਸ਼, ਹਾਲ ਨਿਵਾਸੀ ਪੱਕਾ ਬਾਗ ਵਜੋਂ ਹੋਈ ਹੈ।

ਮੁਲਜ਼ਮ ਨੇ ਇਕ ਵਿਆਹੁਤਾ ਔਰਤ ਨੂੰ ਉਸ ਦੇ ਕਸ਼ਟਾਂ ਨੂੰ ਦੂਰ ਕਰਨ ਦਾ ਉਪਾਅ ਦੱਸਣ ਲਈ ਰੇਲਵੇ ਰੋਡ ’ਤੇ ਸਟੈਂਡਰਡ ਹੋਟਲ ਵਿਚ ਬੁਲਾਇਆ, ਜਿੱਥੇ ਉਸ ਨੇ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਪੀੜਤਾ ਨੇ ਮੌਕਾ ਪਾ ਕੇ ਬਹਾਨੇ ਨਾਲ ਆਪਣੇ ਪਤੀ ਅਤੇ ਪੁਲਸ ਨੂੰ ਹੋਟਲ ਵਿਚ ਬੁਲਾ ਲਿਆ। ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਥਾਣਾ ਨੰਬਰ 3 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੀੜਤਾ ਨੇ ਦੱਸਿਆ ਕਿ ਤਲਾਕ ਦੇ ਚਲਦਿਆਂ 13 ਸਾਲ ਦੇ ਬੇਟੇ ਦੀ ਕਸਟਡੀ ਪਤੀ ਦੇ ਕੋਲ ਹੈ। ਇਸ ਵਿਚਾਲੇ ਇਟਲੀ ਵਿਚ ਰਹਿ ਰਹੀ ਉਸ ਦੀ ਇਕ ਦੋਸਤ ਨੇ ਉਸ ਨੂੰ ਟੇਵਾ ਵਿਖਾਉਣ ਲਈ ਪੰਡਿਤ ਦਾ ਨੰਬਰ ਦਿੱਤਾ ਸੀ। ਪੀੜਤਾ ਨੇ ਪੰਡਿਤ ਨਾਲ ਫੋਨ ‘ਤੇ ਸੰਪਰਕ ਕੀਤਾ। ਪੰਡਿਤ ਨੇ ਕਿਹਾ ਕਿ ਉਸ ਦੀ ਕੁੰਡਲੀ ਵਿਚ ਵੱਡਾ ਦੋਸ਼ ਹੈ, ਜਿਸ ਦੇ ਲਈ ਉਸ ਨੂੰ ਕੁਝ ਉਪਾਅ ਕਰਨੇ ਪੈਣਗੇ। ਪੰਡਿਤ ਨੇ ਹੋਟਲ ਵਿਚ ਬੁਲਾਇਆ। ਹੋਟਲ ਦੇ ਬਾਰੇ ਪੁੱਛਿਆ ਤਾਂ ਪੰਡਿਤ ਬੋਲਿਆ ਕਿ ਚਿੰਤਾ ਨਾ ਕਰੋ, ਉਹ ਮੇਰਾ ਹੀ ਹੈ। ਇਥੇ ਹੀ ਸਾਰੇ ਕਲਾਇੰਟ ਆਉਂਦੇ ਹਨ। ਇਥੇ ਬੁਲਾ ਔਰਤ ਨੂੰ ਪੰਡਿਤ ਨੇ ਸਮੱਗਰੀ ਦਿੱਤੀ ਅਤੇ ਫਿਰ ਲਿਮਕਾ ‘ਚ ਕੁਝ ਮਿਲਾ ਕੇ ਪਿਲਾ ਦਿੱਤਾ। ਬੇਸੁੱਧ ਹੋਣ ਮਗਰੋਂ ਪੰਡਿਤ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਮੌਕਾ ਪਾ ਕੇ ਬਾਥਰੂਮ ਵਿਚ ਗਈ ਅਤੇ ਪੁਲਸ ਨੂੰ ਸੂਚਨਾ ਦਿੱਤੀ। ਇਸ ਦੇ ਬਾਅਦ ਮਹਿਲਾ ਏ.ਐੱਸ.ਆਈ. ਸੁਮਨ ਅਤੇ ਹੋਰ ਟੀਮ ਜਾਂਚ ਲਈ ਪਹੁੰਚੀ। ਪੰਡਿਤ ਨੂੰ ਗ੍ਰਿਫ਼ਤਾਰ ਕਰਕੇ ਮਹਿਲਾ ਨੂੰ ਬਾਹਰ ਕੱਢਿਆ। ਉਕਤ ਔਰਤ ਇਮੀਗ੍ਰੇਸ਼ਨ ਦਫ਼ਤਰ ਵਿਚ ਕੰਮ ਕਰਦੀ ਹੈ।