ਮੁੰਬਈ ਦੇ ਕੋਲ ਸਮੁੰਦਰ ’ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਹੁਣ ਤਕ ਦੀ ਸਭ ਤੋਂ ਵੱਡੀ ਛਾਪੇਮਾਰੀ ਕਰਦਿਆਂ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਸਮੇਤ 13 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ। ‘ਕੌਰਡੇਲੀਆ ਦਿ ਇੰਪ੍ਰੈੱਸ’ ਨਾਂ ਦੇ ਕਰੂਜ਼ ਤੋਂ ਫੜੇ ਗਏ ਲੋਕਾਂ ’ਚੋਂ 8 ਨੂੰ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਹਾਲਾਂਕਿ ਇਨ੍ਹਾਂ ਨਾਵਾਂ ਦੀ ਐੱਨ. ਸੀ. ਬੀ. ਨੇ ਅਜੇ ਤਕ ਪੁਸ਼ਟੀ ਨਹੀਂ ਕੀਤੀ ਹੈ। ਇਸ ਮਾਮਲੇ ’ਚ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਕੋਲੋਂ ਵੀ ਪੁੱਛਗਿੱਛ ਜਾਰੀ ਹੈ।

ਐੱਨ. ਸੀ. ਬੀ. ਸੂਤਰਾਂ ਮੁਤਾਬਕ ਕਰੂਜ਼ ’ਤੇ ਇਕ ਵੱਡੇ ਅਦਾਕਾਰ ਦੀ ਧੀ ਵੀ ਮੌਜੂਦ ਸੀ। ਹਾਲਾਂਕ ਉਸ ਨੂੰ ਹਿਰਾਸਤ ’ਚ ਲਿਆ ਗਿਆ ਹੈ ਜਾਂ ਨਹੀਂ, ਅਜੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਵੀ ਇਸ ਕਰੂਜ਼ ’ਤੇ ਮੌਜੂਦ ਸਨ। ਉਹ ਰੇਵ ਪਾਰਟੀ ਦਾ ਹਿੱਸਾ ਸਨ ਜਾਂ ਨਹੀਂ, ਇਸ ਦੀ ਐੱਨ. ਸੀ. ਬੀ. ਨੇ ਪੁਸ਼ਟੀ ਨਹੀਂ ਕੀਤੀ ਹੈ।

ਸੂਤਰਾਂ ਮੁਤਾਬਕ ਕਰੂਜ਼ ’ਤੇ ਜੋ ਰੇਵ ਪਾਰਟੀ ਚੱਲ ਰਹੀ ਸੀ, ਉਸ ’ਚ ਸ਼ਾਮਲ ਲੋਕ ਆਪਣੀ ਪੈਂਟ ਦੀ ਸਿਲਾਈ ’ਚ, ਮਹਿਲਾਵਾਂ ਦੇ ਪਰਸ ਦੇ ਹੈਂਡਲ ’ਚ, ਅੰਡਰਵਿਅਰ ਦੇ ਸਿਲਾਈ ਵਾਲੇ ਹਿੱਸੇ ’ਚ ਤੇ ਕਾਲਰ ਦੀ ਸਿਲਾਈ ’ਚ ਡਰੱਗਸ ਲੁਕੋ ਕੇ ਲੈ ਗਏ ਸਨ। ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਾਰਟੀ ’ਚ ਸ਼ਾਮਲ ਕੁਝ ਹੋਰ ਲੋਕਾਂ ਦਾ ਵੀ ਮੈਡੀਕਲ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ’ਚ ਡਰੱਗਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਜਾਂ ਹਿਰਾਸਤ ’ਚ ਲਿਆ ਜਾਵੇਗਾ।


ਸੂਤਰਾਂ ਮੁਤਾਬਕ ਕਰੂਜ਼ ’ਤੇ ਆਰੀਅਨ, ਅਰਬਾਜ਼ ਨਾਂ ਦੇ ਇਕ ਸ਼ਖ਼ਸ ਨਾਲ ਗਏ ਸਨ। ਆਰੀਅਨ ਵੀ. ਵੀ. ਆਈ. ਪੀ. ਮਹਿਮਾਨ ਸੀ, ਇਸ ਲਈ ਉਸ ਦੀ ਕੋਈ ਐਂਟਰੀ ਫੀਸ ਨਹੀਂ ਸੀ। ਅਰਬਾਜ਼ ਇਕ ਵੱਡੇ ਬਿਜ਼ਨੈੱਸਮੈਨ ਦਾ ਬੇਟਾ ਹੈ। ਐੱਨ. ਸੀ. ਬੀ. ਨੂੰ ਜਾਂਚ ਦੌਰਾਨ ਉਸ ਦੇ ਬੂਟਾਂ ’ਚੋਂ ਡਰੱਗਸ ਮਿਲਿਆ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਐੱਨ. ਸੀ. ਬੀ. ਅਧਿਕਾਰੀਆਂ ਨੇ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਦਾ ਮੋਬਾਇਲ ਫੋਨ ਜ਼ਰੂਰ ਜ਼ਬਤ ਕਰ ਲਿਆ ਹੈ।