ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ’ਚ ਨਿਸ਼ਾਨਾ ਬਣਿਆ ਸਿੱਧੂ ਮੂਸੇਵਾਲਾ!ਤਿੰਨ ਸ਼ੂਟਰ ਅਜੇ ਵੀ ਗ੍ਰਿਫ਼ਤ ਤੋਂ ਬਾਹਰ; ਹਮਲੇ ’ਚ ਵਰਤੇ ਹਥਿਆਰ ਵੀ ਅਜੇ ਤੱਕ ਨਹੀਂ ਮਿਲੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਕਰੀਬ 60 ਗੈਂਗਸਟਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਸਾਜ਼ਿਸ਼ ਘੜ ਕੇ ਨਿਸ਼ਾਨਾ ਬਣਾਇਆ। ਦਿੱਲੀ ਅਤੇ ਪੰਜਾਬ ਪੁਲੀਸ ਦੀ ਹੁਣ ਤੱਕ ਦੀ ਜਾਂਚ ’ਚ ਖ਼ੁਲਾਸਾ ਹੋਇਆ ਹੈ ਕਿ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਸੀ। ਹਾਲਾਂਕਿ ਮੂਸੇਵਾਲਾ ਖੁਦ ਕਿਸੇ ਵੀ ਅਪਰਾਧਕ ਸਰਗਰਮੀ ’ਚ ਸ਼ਾਮਲ ਨਹੀਂ ਸੀ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਦਿੱਲੀ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਅਗਵਾਈ ਹੇਠ ਕਰੀਬ 400 ਅਤੇ ਪੰਜਾਬ ਪੁਲੀਸ ਦੇ 200 ਮੁਲਾਜ਼ਮਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਸੈਂਕੜੇ ਪੁਲੀਸ ਕਰਮੀ ਵੀ ਉਨ੍ਹਾਂ ਦੀ ਸਹਾਇਤਾ ਕਰ ਰਹੇ ਸਨ। ਮਸ਼ਕੂਕਾਂ ਦੀ ਪੈੜ ਨੱਪਣ ਲਈ ਲੱਖਾਂ ਫੋਨਾਂ ਦੇ ਡੇਟਾ ਨੂੰ ਖੰਗਾਲਿਆ ਗਿਆ ਅਤੇ ਇੰਟਰਨੈੱਟ ਜਾਂ ਸੀਸੀਟੀਵੀ ਰਾਹੀਂ ਸ਼ੂਟਰਾਂ ਦੀ ਪਛਾਣ ਕੀਤੀ ਗਈ। ਇੰਨੀ ਭੱਜ-ਨੱਠ ਦੇ ਬਾਵਜੂਦ ਛੇ ਸ਼ੂਟਰਾਂ ’ਚੋਂ ਤਿੰਨ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਵਰਤੇ ਗਏ ਹਥਿਆਰ ਵੀ ਅਜੇ ਤੱਕ ਨਹੀਂ ਮਿਲੇ ਹਨ। ਸ਼ੂਟਰਾਂ ਨੇ ਇਹ ਹਥਿਆਰ ਭਿਵਾਨੀ (ਹਰਿਆਣਾ) ਦੇ ਇਕ ਵਿਅਕਤੀ ਨੂੰ ਦਿੱਤੇ ਸਨ ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ।
ਪੁਲੀਸ ਜਾਂਚ ਅਤੇ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵਿਆਂ ਦੀਆਂ ਤੰਦਾਂ ਜੋੜਦਿਆਂ ਪੰਜਾਬ ਤੇ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ’ਚੋਂ ਹੀ ਮੂਸੇਵਾਲਾ ਨੂੰ ਮਾਰਨ ਦਾ ਫਰਮਾਨ ਦਿੱਤਾ ਸੀ। ਚਾਰ ਲੋੜੀਂਦੇ ਗੈਂਗਸਟਰਾਂ ਕੈਨੇਡਾ ਆਧਾਰਿਤ ਗੋਲਡੀ ਬਰਾੜ, ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੇ ਪੰਜਾਬੀ ਗਾਇਕ ਨੂੰ ਮਾਰਨ ਦੀ ਯੋਜਨਾ ਘੜੀ ਸੀ। ਉਨ੍ਹਾਂ ਦਾ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਘੱਟੋ ਘੱਟ 10 ਜੇਲ੍ਹਾਂ ’ਚ ਨੈੱਟਵਰਕ ਜੁੜਿਆ ਹੋਇਆ ਸੀ। ਇਕ ਹੋਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦੋ ਸ਼ੂਟਰ ਮੁਹੱਈਆ ਕਰਵਾਏ ਸਨ। ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਹੈ। ਬੰਬੀਹਾ ਗੁੱਟ ਦੇ ਲੱਕੀ ਪਟਿਆਲ ਅਤੇ ਭੁੱਪੀ ਰਾਣਾ ਨੇ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੀ 11 ਅਕਤੂਬਰ, 2020 ’ਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ’ਚ ਹੱਤਿਆ ਕੀਤੀ ਸੀ। ਗੋਲਡੀ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ। ਉਸ ਨੇ ਬਿਸ਼ਨੋਈ ਨਾਲ ਮਿਲ ਕੇ ਬੰਬੀਹਾ ਧੜੇ ਨਾਲ ਜੁੜੇ ਗੁਰਲਾਲ ਪਹਿਲਵਾਨ ਨੂੰ 18 ਫਰਵਰੀ, 2021 ’ਚ ਫਰੀਦਕੋਟ ਦੇ ਜੁਬਲੀ ਚੌਕ ਨੇੜੇ ਮਰਵਾ ਕੇ ਭਰਾ ਦੀ ਹੱਤਿਆ ਦਾ ਬਦਲਾ ਲਿਆ ਸੀ। ਇਸ ਮਗਰੋਂ ਬੰਬੀਹਾ ਗਰੁੱਪ ਨੇ 7 ਅਗਸਤ, 2021 ’ਚ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ’ਚ ਮਰਵਾ ਦਿੱਤਾ। ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਨੂੰ ਨਿਸ਼ਾਨਾ ਬਣਾ ਕੇ ਇਸ ਦਾ ਬਦਲਾ ਲਿਆ।
ਹੱਤਿਆ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਨੇ ਕਿਹਾ ਕਿ ਇਹ ਉਨ੍ਹਾਂ ਦੇ ਵੱਕਾਰ ਦਾ ਸਵਾਲ ਬਣ ਗਿਆ ਸੀ। ਉਸ ਨੇ ਦਾਅਵਾ ਕੀਤਾ,‘‘ਮੂਸੇਵਾਲਾ ਨੇ ਸਾਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਅਤੇ ਉਹ ਸਾਨੂੰ ਕਈ ਵਾਰ ਉਕਸਾਉਂਦਾ ਸੀ। ਹਰਵਿੰਦਰ ਰਿੰਦਾ (ਗੈਂਗਸਟਰ ਤੋਂ ਅਤਿਵਾਦੀ ਬਣਿਆ) ਦੇ ਦਖ਼ਲ ਮਗਰੋਂ ਅਸੀਂ ਉਸ ਨੂੰ ਛੱਡ ਦਿੱਤਾ ਸੀ।’’ ਉਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਦੀ ਹੱਤਿਆ ਮਗਰੋਂ ਉਸ ਨੂੰ ਛੱਡਿਆ ਨਹੀਂ ਜਾ ਸਕਦਾ ਸੀ ਅਤੇ ਕੁਝ ਤਾਂ ਕਰਨਾ ਪੈਣਾ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ’ਚ ਦੱਸਿਆ ਕਿ ਇਹ ਕੋਈ ਸੁਪਾਰੀ ਲੈ ਕੇ ਕੀਤੀ ਗਈ ਹੱਤਿਆ ਨਹੀਂ ਸੀ। ‘ਮੂਸੇਵਾਲਾ ਆਪਣੇ ਗੀਤਾਂ ਰਾਹੀਂ ਸਾਨੂੰ ਉਕਸਾਉਂਦਾ ਸੀ। ਉਸ ਨੇ ਆਪਣੇ ਇਕ ਗੀਤ ’ਚ ਬੰਬੀਹਾ ਗਰੋਹ ਦਾ ਗੁਣਗਾਨ ਕੀਤਾ ਸੀ।’ ਲਾਰੈਂਸ ਨੇ ਕਿਹਾ ਕਿ ਉਸ ਦੇ ਗੀਤਾਂ ਦੇ ਕੁਝ ਬੋਲ ਉਨ੍ਹਾਂ ਦੇ ਮੂੰਹ ’ਤੇ ਚਪੇੜ ਸਨ। ਉਹ ਸਾਨੂੰ ਹਮਲਾ ਕਰਨ ਦੀ ਸ਼ਰੇਆਮ ਚੁਣੌਤੀ ਦਿੰਦਾ ਸੀ। ਆਪਣਾ ਵੱਕਾਰ ਬਹਾਲ ਰੱਖਣ ਲਈ ਅਸੀਂ ਇਹ ਹੱਤਿਆ ਕੀਤੀ ਹੈ। #sidhumoosewalafather #sidhumoosewalalive