‘ਮੇਰੇ ਸੰਗਰੂਰ ਤੋਂ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੈ, ਕਿ ਸਿਮਰਨਜੀਤ ਸਿੰਘ ਮਾਨ ਦਾ ਹੁਣ ਕਿਰਪਾਨ ਦੇ ਮੁੱਦੇ ‘ਤੇ ਕੀ ਸਟੈਂਡ ਹੋਵੇਗਾ। ਉਹਨਾਂ ਕਿਹਾ ਕਿ ਆਜ਼ਾਦੀ ਮੌਕੇ ਭਾਵੇਂ ਗਾਂਧੀ ਨਹਿਰੂ ਅਤੇ ਪਟੇਲ ਨੇ ਸਿੱਖਾਂ ਨਾਲ ਬਹੁਤ ਵਾਅਦੇ ਕੀਤੇ ਸਨ,ਜਿਨ੍ਹਾਂ ਵਿੱਚੋ ਕੋਈ ਵੀ ਪੂਰਾ ਨਹੀਂ ਕੀਤਾ,ਪ੍ਰੰਤ ਸੰਵਿਧਾਨ ਦੀ ਧਾਰਾ 25 ਸਾਨੂੰ ਗਾਤਰੇ ਕਿਰਪਾਨ ਪਹਿਨਣ ਅਤੇ ਵੱਡੀ ਕਿਰਪਾਨ ਹੱਥ ‘ਚ ਰੱਖਣ ਦੀ ਇਜਾਜ਼ਤ ਦਿੰਦੀ ਹੈ। ਇਸ ਲਈ ਇਹ ਮੇਰਾ ਸੰਵਿਧਾਨਕ ਹੱਕ ਹੈ,ਜਿਸ ਦੀ ਮੈ ਪਾਲਣਾ ਕਰਾਂਗਾ।’

ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਬਰਨਾਲਾ ਪੁੱਜਣ ‘ਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਰੱਖੇ ਧੰਨਵਾਦੀ ਸਮਾਗਮ ਉਪਰੰਤ ਕੀਤਾ। ਸ਼੍ਰੋਮਣੀ ਕਮੇਟੀ ਚੋਣਾਂ ਦੇ ਸਬੰਧ ‘ਚ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਚੰਗੇ ਅਤੇ ਸੱਚੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਾਈਆਂ ਜਾਣਗੀਆਂ,ਜਿਹੜੇ ਸਿੱਖ ਹਿਤਾਂ ਨੂੰ ਆਪਣੇ ਕਬਜ਼ੇ ਵਿੱਚ ਰੱਖ ਸਕਣ।ਜਿਹੜੇ ਬੰਦੇ ਸਿੱਖਾਂ ਦੇ ਹੱਕ ਹਕੂਕਾਂ ਦੀ ਰਾਖੀ ਨਹੀਂ ਕਰ ਸਕਦੇ,ਉਹਨਾਂ ਨੂੰ ਨਹੀਂ ਲਿਆ ਜਾਵੇਗਾ।

ਉਹਨਾਂ ਕਿਹਾ ਕਿ ਨਵੀਂ ਚੁਣੀ ਕਮੇਟੀ ਸਸਤੇ ਮੁੱਲ ‘ਚ ਕੌਡੀਆਂ ਦੇ ਭਾਅ ਅਲਾਟ ਕੀਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਜਾਇਦਾਦਾਂ ਦੀ ਬੋਲੀ ਰੱਦ ਕਰਕੇ ਦੁਬਾਰਾ ਨਿਲਾਮੀ ਕਰਵਾਏਗੀ। ਜਿੰਨੇ ਸ਼੍ਰੋਮਣੀ ਕਮੇਟੀ ਦੇ ਇੰਜਨੀਅਰਿੰਗ ਕਾਲਜ,ਮੈਡੀਕਲ ਕਾਲਜ,ਸਕੂਲ ਭਾਵ ਵਿਦਿਅਕ ਅਦਾਰੇ ਬਾਦਲ ਸਾਹਬ ਅਤੇ ਜਥੇਦਾਰ ਟੌਹੜਾ ਸਾਹਬ ਨੇ ਟਰੱਸਟ ਬਣਾ ਕੇ ਆਪਣੇ ਚਹੇਤਿਆਂ ਨੂੰ ਸੌਂਪੇ ਹੋਏ ਹਨ,ਉਹਨਾਂ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਦੇ ਅਧੀਨ ਲਿਆਂਦਾ ਜਾਵੇਗਾ।

ਅਕਾਲੀ ਦਲ ਨੂੰ ਇੱਕ ਕਰਨ ਦੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਚੰਗੇ ਲੋਕਾਂ ਨੂੰ ਨਾਲ ਲਿਆ ਜਾਵੇਗਾ,ਪਰੰਤੂ ਨਸ਼ਾ ਵੇਚਣ, ਜਾਇਦਾਦਾਂ ਹੋਟਲ ਬਣਾਉਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਨਾਲ ਨਹੀਂ ਲਿਆ ਜਾਵੇਗਾ। ਅੰਤਰਰਾਸ਼ਟਰੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲੇ ਦੀ ਮੌਤ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਜਦੋਂ ਲਿਬਨਾਨ ਦੇ ਪ੍ਰਧਾਨ ਮੰਤਰੀ ਹੈਰਾਰੇ ਦਾ ਕਤਲ ਹੋਇਆ ਸੀ,ਤਾਂ ਲੋਕਾਂ ਨੂੰ ਆਪਣੀ ਸਰਕਾਰ ‘ਤੇ ਭਰੋਸਾ ਨਹੀਂ ਸੀ। ਇਸ ਕਰਕੇ ਹਰਾਰੇ ਦੇ ਕਤਲ ਦੀ ਜਾਂਚ ਯੂਐੱਨਓ ਨੇ ਕੀਤੀ ਸੀ। ਬੇਨਜੀਰ ਭੁੱਟੋ ਦੇ ਕਤਲ ਦੀ ਜਾਂਚ ਵੀ ਯੂਐੱਨਓ ਨੇ ਕੀਤੀ ਸੀ। ਇਸੇ ਤਰ੍ਹਾਂ ਇੱਥੇ ਵੀ ਸੂਬਾ ਅਤੇ ਕੇਂਦਰ ਸਰਕਾਰ ਦੋਵੇਂ ਹੀ ਸਿੱਧੂ ਮੂਸੇਵਾਲੇ ਦੇ ਕਤਲ ਲਈ ਜੁੰਮੇਵਾਰ ਹਨ,ਇਸ ਲਈ ਅਸੀਂ ਵੀ ਸੰਦੀਪ ਸਿੰਘ ਦੀਪ ਸਿੱਧੂ ਅਤੇ ਸਿੱਧੂ ਮੂਸੇ ਲੇ ਦੇ ਕਤਲ ਦੀ ਜਾਂਚ ਯੂਐੱਨਓ ਤੋਂ ਕਰਵਾਉਣ ਲਈ ਆਪਣੇ ਬਾਹਰ ਬੈਠੇ ਆਗੂਆਂ ਨੂੰ ਕਿਹਾ ਹੈ,ਕਿ ਉਹ ਯੂਐੱਨਓ ਕੋਲ ਕੇਸ ਰੱਖਣ।