ਸਿੱਖਾਂ ਅੰਦਰਲੇ ਵੱਖ ਵੱਖ ਮੁੱਦੇ, ਤਣਾਅ ਅਤੇ ਝਗੜੇ ਚੱਲਦੇ ਰਹਿੰਦੇ ਹਨ। ਅੱਡ ਅੱਡ ਜਥੇਬੰਦੀਆਂ ਤੇ ਵਿਅਕਤੀਆਂ ਵਿਚਾਲੇ ਮੱਤਭੇਦ ਹੁੰਦੇ ਹਨ। ਇਨ੍ਹਾਂ ਮੁੱਦਿਆਂ, ਤਣਾਅ, ਝਗੜਿਆਂ, ਮਤਭੇਦਾਂ ਨੂੰ ਕਿਸੇ ਵੇਲੇ ਵੀ ਕੋਈ ਏਜੇਂਸੀ ਆਦਿ ਆਪਣੇ ਹਿੱਤਾਂ ਮੁਤਾਬਕ ਵਰਤ ਸਕਦੀ ਹੈ ਤੇ ਫਿਰ ਉਸ ਦੇ ਮਨ ਮਾਫ਼ਕ ਨਤੀਜੇ ਲਏ ਜਾ ਸਕਦੇ ਹਨ।

ਗੱਲ ਤਾਜ਼ਾ ਹਾਲਾਤ ਦੀ ਕਰਦੇ ਹਾਂ। ਸਰਕਾਰੀ ਏਜੰਸੀਆਂ ਅਤੇ ਪ੍ਰਚਾਰ ਤੰਤਰ ਲਈ ਆਪਣੇ ਆਪ ਨੂੰ ਸੂਤ ਬਹਿੰਦਾ ਰਿਐਕਸ਼ਨ ਸਿੱਖਾਂ ਕੋਲੋਂ ਲੈਣਾ ਕਿੰਨਾ ਸੌਖਾ ਹੈ, ਉਹ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਸਾਬਤ ਹੋ ਗਿਆ ਹੈ।

ਚਲੋ ਫੇਕ ਆਈਡੀਆਂ ਨੇ ਤਾਂ ਜੋ ਕੀਤਾ ਸੋ ਕੀਤਾ ਬਹੁਤ ਸਾਰੇ ਸਿੱਖ ਫੇਸਬੁੱਕੀਆਂ ਨੇ ਵੀ ਜਾਣੇ-ਅਨਜਾਣੇ ਉਹੀ ਕੁਝ ਲਿਖਿਆ, ਜਿਸ ਦਾ ਕੁਝ ਘੰਟਿਆਂ ਬਾਅਦ ਪ੍ਰਚਾਰ ਸਰਕਾਰ ਦੇ ਇਸ਼ਾਰੇ ‘ਤੇ ਗੋਦੀ ਮੀਡੀਆ ਨੇ ਕੀਤਾ ਤੇ ਹਾਲੇ ਵੀ ਕੀਤਾ ਜਾ ਰਿਹਾ।

ਬਿਨਾਂ ਕਿਸੇ ਮੁਢਲੀ ਪਡ਼ਤਾਲ ਅਤੇ ਸਬੂਤ ਦੇ, ਜਿਵੇਂ ਸਿੱਖਾਂ ਵਿਚਲੀਆਂ ਧਿਰਾਂ ਨੂੰ ਹੀ ਸਰਦਾਰ ਮਲਿਕ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਸ ਤੋਂ ਇਹ ਬਿਲਕੁਲ ਸੰਭਵ ਹੈ ਕਿ ਅਗਾਂਹ ਕੌਮ ਵਿਚਲੇ ਕੁਝ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ (ਖ਼ਾਸਕਰ ਬਾਹਰ ਰਹਿੰਦੇ) ਦੇ ਕਤਲਾਂ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਰੱਬ ਨਾ ਕਰੇ ਅਜਿਹਾ ਹੋਵੇ ਪਰ ਲੱਛਣ ਬਹੁਤ ਹੀ ਗੰਭੀਰ ਹਾਲਤ ਵੱਲ ਇਸ਼ਾਰਾ ਕਰ ਰਹੇ ਹਨ।

ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਕੀ ਵੱਖ ਵੱਖ ਧੜਿਆਂ ਵਿਚ ਇੰਨੀ ਕੁ ਕਾਬਲੀਅਤ ਹੈ ਕਿ ਉਹ ਛੋਟੀ ਸੋਚ ਤੋਂ ਉੱਪਰ ਉੱਠ ਕੇ ਇਸ ਮੱਕੜਜਾਲ ਵਿੱਚ ਨਾ ਫਸਣ। ਇਸ ਚੁਣੌਤੀਪੂਰਨ ਸਮੇਂ ਦੌਰਾਨ ਸਭ ਨੂੰ ਬਹੁਤ ਵੱਡੀ ਸੋਚ ਵਿਖਾਲਣ ਦੀ ਤੁਰੰਤ ਲੋੜ ਹੈ, ਆਪਣੇ ਜਜ਼ਬਾਤ ਤੇ ਸੋਚ ਨੱਪ ਕੇ।

ਸਭ ਤੋਂ ਵੱਡਾ ਸਬਕ ਇਹ ਹੈ ਕਿ ਕੌਮ ਅੰਦਰਲੇ ਵਿਵਾਦਾਂ ਤੇ ਚਰਚਾ ਕਰਦਿਆਂ ਸਿਰੇ ਦੀ ਕੌੜੀ ਤੇ ਘਟੀਆ ਸ਼ਬਦਾਵਲੀ ਨਾ ਵਰਤੀ ਜਾਵੇ। ਧੜੇ ਇੰਨੇ ਪੱਕੇ ਬਣ ਚੁੱਕੇ ਨੇ ਕਿ ਇਨ੍ਹਾਂ ਨੂੰ ਕਦੇ ਵੀ ਇਕ ਦੂਜੇ ਦੇ ਖ਼ਿਲਾਫ਼ ਵਰਤਿਆ ਜਾ ਸਕਦਾ ਹੈ। ਹਰ ਮੁੱਦੇ ‘ਤੇ ਹਰ ਵਕਤ ਸਿਰੇ ਦੀ ਫਤਵੇਬਾਜ਼ੀ ਨਾ ਕੀਤੀ ਜਾਵੇ।

ਪਿਛਲੇ ਕੁਝ ਸਾਲਾਂ ਵਿਚ ਨਿੰਦਕ, ਨਿੰਦਕ ਲਾਣਾ, ਗੁਰੂ ਨਿੰਦਕ, ਦੁਸ਼ਟ ਵਰਗੇ ਸਿਰੇ ਦੇ ਵਿਸ਼ੇਸ਼ਣਾਂ ਦੀ ਵਰਤੋਂ ਇੱਕ ਦੂਜੇ ਲਈ ਆਮ ਹੀ ਕੀਤੀ ਜਾਣ ਲੱਗ ਪਈ ਹੈ। ਇਹੋ ਜਿਹੇ ਵਿਸ਼ੇਸ਼ਣਾਂ ਦੀ ਵਰਤੋਂ ਦੀ ਅਸਲ ਲੋੜ ਬਹੁਤ ਹੀ ਘੱਟ ਹੁੰਦੀ ਹੈ ਤੇ ਇਹ ਬੇਹੱਦ ਸੰਜਮ ਨਾਲ ਵਰਤੇ ਚਾਹੀਦੇ ਹਨ ਪਰ ਹੁਣ ਧੜੇਬੰਦਕ ਸੋਚ ਵਿੱਚੋਂ ਇਨ੍ਹਾਂ ਦੀ ਵਰਤੋਂ ਹਰ ਛੋਟੇ ਵੱਡੇ ਮੱਤਭੇਦ ਲਈ ਕੀਤੀ ਜਾਣ ਲੱਗੀ ਹੈ। ਇਸ ਦਾ ਨਤੀਜਾ ਨਫ਼ਰਤੀ ਪ੍ਰਚਾਰ ਵਿੱਚ ਨਿਕਲਦਾ ਹੈ।

ਜਦੋਂ ਕਿਸੇ ਵਿਅਕਤੀ ਦੇ ਖ਼ਿਲਾਫ਼ ਨਫ਼ਰਤੀ ਪ੍ਰਚਾਰ ਹੋ ਕੇ ਇਕ ਤਕੜਾ ਬਿਰਤਾਂਤ ਸਿਰਜਿਆ ਜਾ ਚੁੱਕਾ ਹੋਵੇ, ਉਸ ਨੂੰ ਫਿਰ ਜਿਹੜਾ ਮਰਜ਼ੀ ਕਤਲ ਕਰ ਦੇਵੇ, ਉਸ ਦੀ ਜ਼ਿੰਮੇਵਾਰੀ ਦੂਜੀ ਧਿਰ ਸਿਰ ਬੜੇ ਆਰਾਮ ਨਾਲ ਮੜ੍ਹੀ ਜਾ ਸਕਦੀ ਹੁੰਦੀ ਹੈ, ਜੋ ਉਸ ਖ਼ਿਲਾਫ਼ ਨਫਰਤੀ ਪ੍ਰਚਾਰ ਕਰ ਰਹੀ ਹੁੰਦੀ ਹੈ।

ਆਪਣੇ ਆਪਸੀ ਵਿਚਾਰਧਾਰਕ ਤੇ ਨਿੱਜੀ ਮੱਤਭੇਦਾਂ ਨੂੰ ਸਾਡੇ ਹੀ ਖ਼ਿਲਾਫ਼ ਵਰਤਣ ਦਾ ਸੰਦ (ਟੂਲ) ਬਣਾ ਕੇ, ਏਜੇਂਸੀਆਂ ਹੱਥ ਨਾ ਦੇਈਏ। ਸਮਾਂ ਬਹੁਤ ਸੰਭਲ਼ ਕੇ ਚੱਲਣ ਦਾ ਹੈ।
#Unpopular_Opinions #Unpopular_Facts #Unpopular_Ideas