ਜ਼ੀਰਕਪੁਰ ਵਿੱਚ ਪੁਲੀਸ ਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ -ਇੱਕ ਪੁਲੀਸ ਮੁਲਾਜ਼ਮ ਤੇ ਇੱਕ ਗੈਂਗਸਟਰ ਜ਼ਖ਼ਮੀ #Punjabpolice #gangster #BhupiGang

ਜ਼ੀਰਕਪੁਰ, 17 ਜੁਲਾਈ-ਇਥੋਂ ਦੇ ਬਲਟਾਣਾ ਖੇਤਰ ਵਿਚਲੀ ਫਰਨੀਚਰ ਮਾਰਕੀਟ ਵਿੱਚ ਐਤਵਾਰ ਦੇਰ ਰਾਤ ਲਗਪਗ ਨੌਂ ਵਜੇ ਪੁਲੀਸ ਅਤੇ ਗੈਂਗਸਟਰਾਂ ਦਰਮਿਆਨ ਗੋਲੀਬਾਰੀ ਹੋਈ। ਇਸ ਦੌਰਾਨ ਤਿੰਨ ਵਿਚੋਂ ਇੱਕ ਗੈਂਗਸਟਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਬਾਕੀਆਂ ਨੇ ਆਤਮ ਸਮਰਪਣ ਕਰ ਦਿੱਤਾ। ਜ਼ਖ਼ਮੀ ਦੀ ਪਛਾਣ ਰਣਬੀਰ ਕੁਮਾਰ ਵਜੋਂ ਹੋਈ ਹੈ। ਇਹ ਤਿੰਨੋਂ ਬਰਵਾਲਾ ਦੇ ਰਹਿਣ ਵਾਲੇ ਹਨ। ਗੋਲੀਬਾਰੀ ਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਧਾਵਾ ਬੋਲੇ ਜਾਣ ਕਾਰਨ ਪੁਲੀਸ ਪਾਰਟੀ ਦੀ ਅਗਵਾਈ ਕਰ ਰਿਹਾ ਸਬ-ਇੰਸਪੈਕਟਰ ਰਾਹੁਲ ਕੁਮਾਰ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਗੈਂਗਸਟਰ ਭੂਪੀ ਰਾਣਾ ਗਰੋਹ ਦੇ ਮੈਂਬਰ ਸਨ।

ਡੀਐੱਸਪੀ ਵਿਕਰਮ ਬਰਾੜ ਨੂੰ ਸੂਚਨਾ ਮਿਲੀ ਸੀ ਕਿ ਕੁੱਝ ਗੈਂਗਸਟਰ ਫਰਨੀਚਰ ਮਾਰਕੀਟ ਦੇ ਹੋਟਲ ਰਿਲੈਕਸ ਇਨ ਵਿਚ ਰੁਕੇ ਹੋਏ ਹਨ। ਇਸ ਮਗਰੋਂ ਪੁਲੀਸ ਨੇ ਹੋਟਲ ਦੀ ਘੇਰਾਬੰਦੀ ਕਰ ਦਿੱਤੀ ਅਤੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਮਗਰੋਂ ਪੁਲੀਸ ਨੂੰ ਵੀ ਜਵਾਬੀ ਗੋਲੀਬਾਰੀ ਕਰਨੀ ਪਈ। ਇਸ ਦੌਰਾਨ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਿਸ ਮਗਰੋਂ ਬਾਕੀ ਗੈਂਗਸਟਰਾਂ ਨੇ ਵੀ ਆਤਮ ਸਮਰਪਣ ਕਰ ਦਿੱਤਾ। ਇਸ ਮੌਕੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗਸਟਰ ਇਥੇ ਕਿਸੇ ਕਾਰੋਬਾਰੀ ਤੋਂ ਫਿਰੌਤੀ ਵਸੂਲਣ ਆਇਆ ਸੀ।