ਪੁਲਿਸ ਮੁਕਾਬਲੇ ‘ਚ ਮਾਰੇ ਗਏ ਸ਼ਾਰਪ ਸ਼ੂਟਰਾਂ ਦੀ ਪਛਾਣ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਅੰਮ੍ਰਿਤਸਰ ਦੇ ਪੋਸਟਮਾਰਟਮ ਹਾਊਸ ਪੁੱਜੇ – ਗੈਂਗਸਟਰਾਂ ਦੇ ਐਨਕਾਉਂਟਰ ਮਗਰੋਂ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਬਿਆਨ – “2 ਲੋਕਾਂ ਦੇ ਮਾਰੇ ਜਾਣ ਨਾਲ ਮੇਰਾ ਪੁੱਤ ਵਾਪਿਸ ਨਹੀਂ ਆ ਜਾਣਾ” #SidhuMoosewala #Father #BalkaurSingh #SidhuMoosewala #Amrisar #PunjabPolice #Encounter #ManpreetManu #JagroopRoopa
ਨਾਮਵਰ ਪੰਜਾਬੀ ਗਾਇਕ ਸਵ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਖੇ ਪੁੱਜੇ। ਉਹ ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਭਕਨਾ ਨੇੜੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਦੋ ਸ਼ਾਰਪ ਸ਼ੂਟਰਾਂ ਦੇ ਸਥਾਨਕ ਸਿਵਲ ਹਸਪਤਾਲ ਵਿਖੇ ਹੋ ਰਹੇ ਪੋਸਟਮਾਰਟਮ ਵਾਲੀ ਥਾਂ ‘ਤੇ ਵੀ ਪੁੱਜੇ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਨੇੜਿਓ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂੰ ਕੁੱਸਾ ਤੇ ਜਗਰੂਪ ਸਿੰਘ ਰੂਪਾ ਨੂੰ ਪੁਲਿਸ ਨੇ ਇਕ ਮੁਕਾਬਲੇ ਦੌਰਾਨ ਮਾਰ ਮੁਕਾਇਆ। ਇਹ ਮੁਕਾਬਲਾ ਅੱਜ ਸਵੇਰੇ ਇਥੇ ਅਟਾਰੀ ਸਰਹੱਦ ਨੇੜੇ ਪੈਂਦੇ ਪਿੰਡ ਚੀਚਾ ਭਕਨਾ ਦੇ ਖੇਤਾਂ ‘ਚ ਬਣੀ ਇਕ ਬਹਿਕ ‘ਤੇ ਕਰੀਬ ਪੰਜ ਘੰਟੇ ਤੱਕ ਚੱਲਿਆ। ਪੁਲਿਸ ਨੂੰ ਗੈਂਗਸਟਰਾਂ ਪਾਸੋਂ ਇਕ ਏ.ਕੇ. 47 ਅਸਾਲਟ, ਇਕ ਪਿਸਤੌਲ, ਗੋਲੀ ਸਿੱਕਾ ਤੇ ਇਕ ਬੈਗ ਵੀ ਮਿਲਿਆ ਹੈ। ਇਸ ਮੁਕਾਬਲੇ ‘ਚ ਗੈਂਗਸਟਰਾਂ ਨੇ ਵੀ ਪੁਲਿਸ ਦੇ ਸਿੱਧੀਆਂ ਗੋਲੀਆਂ ਚਲਾਈਆਂ, ਜਿਸ ਕਾਰਨ ਤਿੰਨ ਪੁਲਿਸ ਮੁਲਾਜ਼ਮ ਤੇ ਇਕ ਮੀਡੀਆ ਕਰਮੀਂ ਵੀ ਜ਼ਖ਼ਮੀ ਹੋ ਗਿਆ। ਮੁਕਾਬਲੇ ਉਪਰੰਤ ਪੁਲਿਸ ਲਾਇਨ ਸ਼ਹਿਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਇਸ ਨੂੰ ਪੁਲਿਸ ਦੀ ਵੱਡੀ ਕਾਮਯਾਬੀ ਕਰਾਰ ਦਿੰਦਿਆਂ ਕਿਹਾ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਵੇਂ ਗੈਂਗਸਟਰ ਇਥੇ ਅੰਮ੍ਰਿਤਸਰ ਦਿਹਾਤੀ ਦੇ ਖੇਤਰ ‘ਚ ਵਿਚਰ ਰਹੇ ਹਨ। ਜਿਸ ਉਪਰੰਤ ਪੁਲਿਸ ਨੇ ਇਨ੍ਹਾਂ ਦੀ ਮੂਵਮੈਂਟ ਦਾ ਪਿੱਛਾ ਕੀਤਾ ਅਤੇ ਜਦੋਂ ਅੱਜ ਸਵੇਰੇ ਇਨ੍ਹਾਂ ਦਾ ਸਰਹੱਦੀ ਇਲਾਕੇ ‘ਚ ਹੋਣ ਦਾ ਪਤਾ ਲੱਗਿਆ ਤਾਂ ਪੁਲਿਸ ਟੀਮਾਂ ਨੇ ਇਨ੍ਹਾਂ ਦਾ ਪਿੱਛਾ ਕੀਤਾ। ਜਿਸ ਉਪਰੰਤ ਇਹ ਖੇਤਾਂ ‘ਚ ਬਣੇ ਇਕ ਖ਼ਾਲੀ ਪਏ ਘਰ ‘ਚ ਲੁਕ ਗਏ। ਪੁਲਿਸ ਨੇ ਦੋਵਾਂ ਨੂੰ ਵਾਰ-ਵਾਰ ਹਥਿਆਰ ਸੁੱਟ ਕੇ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਪਰ ਉਨ੍ਹਾਂ ਹਥਿਆਰ ਨਾ ਸੁੱਟੇ ਸਗੋਂ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ ਅਤੇ ਇਹ ਗੋਲੀਬਾਰੀ ਪੁਲਿਸ ਮੁਤਾਬਿਕ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ। ਮੁਕਾਬਲੇ ਇਕ ਏ.ਐੱਸ.ਆਈ ਸਮੇਤ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਾਤ ਖ਼ਤਰੇ ਤੋਂ ਬਾਹਰ ਦੱਸੀ ਗਈ ਹੈ। ਏ.ਡੀ.ਜੀ.ਪੀ. ਨੇ ਕਿਹਾ ਕਿ ਪੁਲਿਸ ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ਸਮੇਂ ਕੋਰੋਲਾ ਕਾਰ ‘ਚ ਮਨੂੰ ਕੁੱਸਾ ਤੇ ਹੋਰ ਸਵਾਰ ਸਨ ਅਤੇ ਮਨੂੰ ਕੁੱਸਾ ਨੇ ਹੀ ਸਿੱਧੂ ਮੂਸੇਵਾਲਾ ‘ਤੇ ਪਹਿਲੀ ਗੋਲੀ ਚਲਾਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਮਾਸਟਰ ਮਾਈਂਡ ਲਾਂਰੈਂਸ ਬਿਸ਼ਨੋਈ ਸਮੇਤ ਹੋਰਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੱਕਾ ਹੈ ਅਤੇ ਗੋਲਡੀ ਬਰਾੜ ਨੂੰੂ ਕੈਨੇਡਾ ਤੋਂ ਵਾਪਸ ਲਿਆਉਣ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਪਾਸੋਂ ਮਿਲੇ ਸਾਮਾਨ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ. ਗੌਰਵ ਯਾਦਵ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ‘ਚੋਂ ਗੈਂਗਸਟਰਾਂ ਤੇ ਨਸ਼ਿਆਂ ਦਾ ਨਾਮੋ ਨਿਸ਼ਾਨ ਖ਼ਤਮ ਕਰ ਦਿੱਤਾ ਜਾਵੇਗਾ। ਇਸ ਮੌਕੇ ਆਈ.ਜੀ. ਜਸਕਰਨਜੀਤ ਸਿੰਘ, ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ, ਗੁਰਮੀਤ ਸਿੰਘ ਚੌਹਾਨ, ਜ਼ਿਲ੍ਹਾ ਪੁਲਿਸ ਮੁਖੀ ਸਵਪਨਦੀਪ ਸਿੰਘ, ਡੀ.ਸੀ.ਪੀ. ਪਰਮਿੰਦਰ ਸਿੰਘ ਭੰਡਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੁਕਾਬਲੇ ‘ਚ ਜ਼ਖ਼ਮੀ ਹੋਏ 3 ਪੁਲਿਸ ਮੁਲਾਜ਼ਮਾਂ ਦਾ ਹਾਲ-ਚਾਲ ਪੁੱਛਣ ਲਈ ਏ.ਡੀ.ਜੀ.ਪੀ. ਪ੍ਰਮੋਦ ਬਾਨ ਹਸਪਤਾਲ ਪੁੱਜੇ ਤੇ ਤਿੰਨਾਂ ਦੇ ਹੌਸਲੇ ਅਤੇ ਬਹਾਦਰੀ ਦੀ ਦਾਦ ਦਿੱਤੀ।
ਦੂਜੇ ਪਾਸੇ ਚੱਲੇ ਇਸ ਮੁਕਾਬਲੇ ਦੌਰਾਨ ਪੁਲਿਸ ਨੇ ਖੁੱਲ੍ਹੇ ਖੇਤਾਂ ‘ਚ ਬਣੇ ਇਸ ਘਰ ਦੇ 2 ਕਿਲੋਮੀਟਰ ਤੱਕ ਘੇਰੇ ਨੂੰ ਸੀਲ ਕਰ ਦਿੱਤਾ ਤੇ ਲੋਕ ਆਸ ਪਾਸ ਦੇ ਇਲਾਕਿਆਂ ਤੋਂ ਇਕੱਠੇ ਹੋ ਕੇ ਮੁਕਾਬਲੇ ਨੂੰ ਦੇਖਣ ਲਈ ਆ ਰਹੇ ਸਨ, ਨੂੰ ਰੋਕ ਦਿੱਤਾ ਗਿਆ। ਇਸ ਦੌਰਾਨ ਪੁਲਿਸ ਨੇ ਪੱਤਰਕਾਰਾਂ ਨੂੰ ਵੀ ਪਹਿਲਾਂ ਕਾਫ਼ੀ ਦੇਰ ਰੋਕੀ ਰੱਖਿਆ। ਆਸ ਪਾਸ ਰਹਿਣ ਵਾਲੇ ਲੋਕ ਇਸ ਗੱਲੋਂ ਖੁਸ਼ ਸਨ ਕਿ ਸਿੱਧੂ ਮੂਸੇਵਾਲਾ ਦੇ ਕਾਤਲ ਮਾਰੇ ਗਏ ਹਨ ਪਰ ਇਸ ਗੱਲੋਂ ਹੈਰਾਨ ਵੀ ਸਨ ਕਿ ਉਹ ਇਥੇ ਕਿਵੇਂ ਆ ਗਏ। ਦੂਜੇ ਪਾਸੇ ਇਹ ਵੀ ਰੌਲਾ ਰਿਹਾ ਕਿ ਇਹ ਗੈਂਗਸਟਰ ਇਥੋਂ ਪਾਕਿਸਤਾਨ ਭੱਜਣ ਦੀ ਫ਼ਿਰਾਕ ‘ਚ ਸਨ ਜਾਂ ਉਹ ਇਥੋਂ ਪਾਕਿ ਤੋਂ ਆਏ ਹੋਰ ਹਥਿਆਰ ਲੈਣ ਲਈ ਆਏ ਸਨ। ਇਸ ਸਬੰਧੀ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਇਸ ਬਾਰੇ ਜਾਂਚ ਕੀਤੀ ਜਾਵੇਗੀ।
ਪੁਲਿਸ ਮੁਕਾਬਲੇ ‘ਚ ਮਾਰੇ ਗਏ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂੰ ਕੁੱਸਾ ਨੇ ਗਾਇਕ ਸਿੱਧੂ ਮੂਸੇਵਾਲਾ ਦੇ ਪਹਿਲੀ ਗੋਲੀ ਮਾਰੀ ਸੀ। ਉਸ ਨਾਲ ਮਾਰਿਆ ਗਿਆ ਗੈਂਗਸਟਰ ਜਗਰੂਪ ਸਿੰਘ ਉਰਫ਼ ਰੂਪਾ ਵੀ ਉਸ ਵੇਲੇ ਨਾਲ ਹੀ ਸੀ ਅਤੇ ਉਹ ਕੋਰੋਲਾ ਗੱਡੀ ਚਲਾ ਰਿਹਾ ਸੀ। ਉਸ ਦੇ ਨਾਲ ਵਾਲੀ ਸੀਟ ‘ਤੇ ਮਨੂੰ ਕੁੱਸਾ ਏ.ਕੇ. 47 ਰਾਈਫ਼ਲ ਲੈ ਕੇ ਬੈਠਾ ਹੋਇਆ ਸੀ। ਕੁੱਸਾ ਮਨੂੰ ਦੇ ਪਿੰਡ ਦਾ ਨਾਂਅ ਹੈ ਜੋ ਕਿ ਮੋਗਾ ਜ਼ਿਲ੍ਹੇ ‘ਚ ਪੈਂਦਾ ਹੈ। ਮਨੂੰ ਕੁੱਸਾ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਸੀ ਅਤੇ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ਨੂੰ ਉਸ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ ‘ਤੇ ਹੀ ਅੰਜਾਮ ਦਿੱਤਾ ਸੀ। ਅੱਜ ਵੀ ਉਸ ਦੀ ਮੌਤ ਤੋਂ ਬਾਅਦ ਪੁਲਿਸ ਨੂੰ ਏ.ਕੇ. 47 ਅਸਾਲਟ ਬਰਾਮਦ ਹੋਈ ਹੈ। ਇਸ ਸੰਬੰਧੀ ਐਂਟੀ ਗੈਂਗਸਟਰ ਸਟਾਫ਼ ਦੇ ਏ.ਡੀ.ਜੀ.ਪੀ. ਪ੍ਰਮੋਦ ਬਾਨ ਨੇ ਦੱਸਿਆ ਕਿ ਇਹ ਫੋਰੈਂਸਿਕ ਜਾਂਚ ‘ਚ ਹੀ ਪਤਾ ਲੱਗ ਸਕੇਗਾ ਕਿ ਇਹ ਹਥਿਆਰ ਮੂਸੇਵਾਲਾ ਦੇ ਕਤਲਕਾਂਡ ‘ਚ ਵਰਤੇ ਸਨ ਜਾਂ ਨਹੀਂ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੂੰ ਇਨ੍ਹਾਂ ਗੈਂਗਸਟਰਾਂ ਦੀ ਹਿਲਜੁਲ ਅਤੇ ਪੰਜਾਬ ‘ਚ ਹੋਣ ਬਾਰੇ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਅਤੇ ਪੁਲਿਸ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ। ਮੁਕਾਬਲੇ ‘ਚ ਸ਼ਾਮਿਲ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਆਪਣੀ ਮੌਤ ਹੋਣ ਤੱਕ ਪੁਲਿਸ ‘ਤੇ ਗੋਲੀਆਂ ਚਲਾਉਂਦੇ ਰਹੇ। ਰੁਕ-ਰੁਕ ਗੋਲੀਆਂ ਚਲਾਏ ਜਾਣ ਕਾਰਨ ਇਹ ਮੁਕਾਬਲਾ ਕਰੀਬ ਪੰਜ ਘੰਟੇ ਤੱਕ ਚੱਲਿਆ।