ਡੇਢ ਮਹੀਨਾ ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਲਈ ਘਰ ਤੋਂ ਨਿਕਲਿਆ ਇੱਕ ਪਰਿਵਾਰ ਭੇਦ ਭਰੇ ਹਾਲਾਤਾਂ ‘ਚ ਲਾਪਤਾ ਹੋ ਗਿਆ ਸੀ #Family #Accident #Sirhind #Canal

ਪੁਲਿਸ ਨੇ ਇਹਨਾਂ ਲਾਸ਼ਾਂ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫਰੀਦਕੋਟ: ਕਰੀਬ ਡੇਢ ਮਹੀਨਾਂ ਪਹਿਲਾਂ ਲਾਪਤਾ ਹੋਏ ਫਰੀਦਕੋਟ ਦੇ ਪਰਿਵਾਰ ਦੀ ਕਾਰ ਸਰਹਿੰਦ ਨਹਿਰ ਵਿਚੋਂ ਮਿਲੀ ਹੈ। ਇਸ ਕਾਰ ਅੰਦਰੋਂ ਚਾਰ ਲੋਕਾਂ ਦੀਆਂ ਗਲੀਆਂ ਸੜੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਹ ਲਾਸ਼ਾਂ ਲਾਪਤਾ ਹੋਏ ਪਰਿਵਾਰ ਦੀਆਂ ਹੀ ਮੰਨੀਆਂ ਜਾ ਰਹੀਆਂ ਹਨ। ਪੁਲਿਸ ਨੇ ਇਹਨਾਂ ਲਾਸ਼ਾਂ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਕਰੀਬੀ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਭਰਮਜੀਤ ਸਿੰਘ ਮੈਡੀਕਲ ਹਸਪਤਾਲ ਵਿਚ ਨੌਕਰੀ ਕਰਦਾ ਹੈ। ਉਸ ਦੇ ਨਾਲ ਉਸ ਦੀ ਪਤਨੀ ਰੁਪਿੰਦਰ ਕੌਰ, ਲੜਕੀ ਮੰਨਤਪ੍ਰੀਤ ਕੌਰ (12 ਸਾਲ) ਅਤੇ ਬੇਟਾ ਰਾਜਦੀਪ ਸਿੰਘ (10 ਸਾਲ) ਵੀ ਸਨ। ਉਹਨਾਂ ਦੱਸਿਆ ਕਿ ਇਹ ਪਿਛਲੇ ਮਹੀਨੇ 9 ਤਰੀਕ ਤੋਂ ਲਾਪਤਾ ਸਨ, ਉਦੋਂ ਤੋਂ ਹੀ ਭਾਲ ਜਾਰੀ ਸੀ।

ਪੁਲਿਸ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ 11 ਜੂਨ 2022 ਨੂੰ ਮਹਿੰਦਰਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਦੀ ਧੀ ਅਤੇ ਜਵਾਈ ਦਰਸ਼ਨ ਕਰਨ ਗਏ ਸਨ ਪਰ ਅਜੇ ਤੱਕ ਵਾਪਸ ਨਹੀਂ ਆਏ। ਇਸ ਦੌਰਾਨ ਉਹਨਾਂ ਦੇ ਫੋਨ ਵੀ ਬੰਦ ਆ ਰਹੇ ਸਨ। ਉਹਨਾਂ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।