ਵਿਸਲਰ ਵਿੱਚ ਅੱਜ ਦੁਪਹਿਰ ਮਾਰੇ ਗਏ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ ਨਾਲ ਜ਼ਖਮੀ ਹੋਇਆ ਪੰਜਾਬੀ ਨੌਜਵਾਨ ਸੈਟ ਗਿੱਲ (ਸਤਿੰਦਰ) ਵੀ ਦਮ ਤੋੜ ਗਿਆ ਹੈ। ਕਿੱਤੇ ਵਜੋੰ ਕੰਕਰੀਟ ਟਰੱਕ ਚਲਾਉਂਦੇ ਸੈਟ ਗਿੱਲ ਦਾ ਸੰਬੰਧ ਕਿਸੇ ਵੀ ਗੈਂਗ ਨਾਲ ਨਹੀਂ ਸੀ। ਉਸਦੇ ਜਾਣਕਾਰ ਉਸਨੂੰ ਮਿਹਨਤੀ ਤੇ ਹਸਮੁਖ ਇਨਸਾਨ ਦੱਸ ਰਹੇ ਹਨ, ਜੋ ਵਿਸਲਰ ਆਪਣਾ ਜਨਮ ਦਿਨ ਮਨਾਉਣ ਗਿਆ ਹੋਇਆ ਸੀ।
ਦੋ ਸ਼ੱਕੀ ਹਮਲਾਵਰ ਪੁਲਿਸ ਨੇ ਸਕੌਮਿਸ਼ ਲਾਗਿਓਂ ਗ੍ਰਿਫਤਾਰ ਕਰ ਲਏ ਹਨ। ਦੱਸਣਯੋਗ ਹੈ ਕਿ ਹਿੱਲ ਸਟੇਸ਼ਨ ਵਿਸਲਰ ਨੂੰ ਵੈਨਕੂਵਰ ਤੋਂ ਇੱਕ ਹੀ ਰਾਹ ਜਾਂਦਾ। ਜਾਪਦਾ ਹੈ ਕਿ ਵਾਰਦਾਤ ਕਰਕੇ ਹਮਲਾਵਰ ਵੈਨਕੂਵਰ ਵੱਲ ਆ ਰਹੇ ਹੋਣ। ਹਮਲੇ ‘ਚ ਵਰਤੀ ਗਈ ਕਾਰ ਵਿਸਲਰ ਵਿੱਚ ਹੀ ਸਾੜ ਦਿੱਤੀ ਗਈ ਹੈ।

ਸੈਟ ਗਿੱਲ ਦੀ ਲਾਲ ਟੋਪੀ ਵਾਲੀ ਤਸਵੀਰ ਮਰਨ ਤੋਂ ਕੁਝ ਮਿੰਟ ਪਹਿਲਾਂ ਬਣੀ ਇੱਕ ਵੀਡੀਓ ਵਿੱਚੋਂ ਲਈ ਗਈ ਹੈ। ਨਾਲ ਦੀ ਤਸਵੀਰ ਮਨਿੰਦਰ ਧਾਲੀਵਾਲ ਦੀ ਹੈ।

ਵਿਸਲਰ ਵਿਲੇਜ ‘ਚ ਗੋਲੀਆਂ ਚੱਲਣ ਕਾਰਨ ਬ੍ਰਦਰਜ਼ ਕੀਪਰਜ਼ ਗੈਂਗ ਦੇ ਮਨਿੰਦਰ ਧਾਲੀਵਾਲ (29) ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ। ਮਨਿੰਦਰ ਦਾ ਛੋਟਾ ਭਰਾ ਹਰਬ ਪਿਛਲੇ ਸਾਲ ਵੈਨਕੂਵਰ ਡਾਊਨਟਾਊਨ ਵਿਖੇ ਮਾਰ ਦਿੱਤਾ ਗਿਆ ਸੀ। ਮਨਿੰਦਰ ਨੇ ਉਸ ਵੇਲੇ ਮਗਰ ਭੱਜ ਕੇ ਗੋਲੀ ਮਾਰਨ ਵਾਲਾ ਬੰਦਾ ਫੜ ਕੇ ਫੱਟੜ ਕਰ ਦਿੱਤਾ ਸੀ, ਜਿਸਨੂੰ ਹੁਣ ਉਮਰ-ਕੈਦ ਹੋ ਚੁੱਕੀ ਹੈ।

ਮਨਿੰਦਰ ਤੇ ਹਰਬ ਐਬਸਫੋਰਡ ਦੇ ਬਰਿੰਦਰ ਧਾਲੀਵਾਲ ਦੇ ਭਰਾ ਸਨ, ਜਿਸਨੂੰ ਗੈਂਗ ਸੰਸਾਰ ‘ਚ “ਸ਼ਰੈੱਕ” ਵਜੋਂ ਜਾਣਿਆ ਜਾਂਦਾ ਹੈ। ਮਨਿੰਦਰ ‘ਤੇ 2019 ਵਿੱਚ ਵੀ ਹਮਲਾ ਹੋਇਆ ਸੀ, ਜਦ ਉਹ ਵੈਨਕੂਵਰ ਲਾਗੇ ਮਿੱਚਲ ਆਈਲੈੰਡ ਵਿਖੇ ਲੌਂਗਸ਼ੋਰ ਦੀ ਟਰੇਨਿੰਗ ਲੈ ਰਿਹਾ ਸੀ। ਇਸ ਹਮਲੇ ‘ਚ ਉਹ ਬਚ ਗਿਆ ਸੀ।

ਅੱਜ ਹੋਏ ਹਮਲੇ ‘ਚ ਐਬਸਫੋਰਡ ਦਾ ਇੱਕ ਹੋਰ ਪੰਜਾਬੀ ਵੀ ਸ਼ਾਮਲ ਸੀ, ਜਿਸਦੇ ਮਾਰੇ ਜਾਂ ਜ਼ਖਮੀ ਹੋਣ ਬਾਰੇ ਰਲਵੀਂਆਂ-ਮਿਲਵੀਆਂ ਖ਼ਬਰਾਂ ਆ ਰਹੀਆਂ ਹਨ। ਖ਼ੂਨ ਨਾਲ ਲਥਪਥ ਲਾਸ਼ਾਂ ਦੀਆਂ ਤਸਵੀਰਾਂ ਵੀਡੀਓ । ਇਹ ਤਸਵੀਰ ਅੱਜ ਮਾਰੇ ਗਏ ਮਨਿੰਦਰ ਧਾਲੀਵਾਲ ਦੀ ਹੈ, ਜਿਸਦਾ ਸੰਬੰਧ ਪੰਜਾਬ ‘ਚ ਮੋਗੇ ਕੋਲ ਮੌਜੂਦ ਪਿੰਡ ਲੋਪੋਂ ਨਾਲ ਹੈ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ