ਵਿਸ਼ਵਾਸ਼: ‘ਗੌਡ ਡਿਫੈਂਡ ਨਿਊਜ਼ੀਲੈਂਡ’ ਨਿਊਜ਼ੀਲੈਂਡ ’ਚ ਪੰਜਾਬੀ ਡਿਵੈਲਪਰਾਂ ਤੇ ਬੋਰਡ ਮੈਂਬਰ ਡਾ. ਅਸ਼ਰਫ ਚੌਧਰੀ ਨੇ ਗਲੀ ਦਾ ਨਾਂਅ ਰੱਖਵਾ ਦਿੱਤਾ ‘ਵਾਹਿਗੁਰੂ ਲੇਨ’ -ਹਾਊਸਿੰਗ ਨਿਊਜ਼ੀਲੈਂਡ ਸੰਭਾਲਦੀ ਹੈ ਇਥੇ ਬਣੇ ਨਵੇਂ 19 ਘਰ

ਔਕਲੈਂਡ 27 ਜੁਲਾਈ 2022: ੀ-ਹਰਜਿੰਦਰ ਸਿੰਘ ਬਸਿਆਲਾ- ਨਿਊਜ਼ੀਲੈਂਡ ਦੇ ਰਾਸ਼ਟਰੀ ਗੀਤ ਵਾਲੀ ਕਵਿਤਾ ‘ਗੌਡ ਡਿਫੈਂਡ ਨਿਊਜ਼ੀਲੈਂਡ’ ਇਕ ਇਰਸ਼ ਜਨਮੇ ਕਵੀ ਥੌਮਸ ਬ੍ਰੈਕੇਨ ਨੇ 1870 ਵਿਚ ਲਿਖੀ ਸੀ ਅਤੇ 1876 ਦੇ ਵਿਚ ਇਸ ਦੀ ਸੰਗੀਤਮਈ ਤਰਜ਼ ਮੈਲਬੌਰਨ ਦੇ ਤਿੰਨ ਸੰਗੀਤਕਾਰਾਂ ਨੇ ਬਣਾਈ ਸੀ ਅਤੇ ਵੱਡਾ ਇਨਾਮ ਜਿੱਤਿਆ ਸੀ। ਇਸ ਦੇਸ਼ ਦਾ ਈਸ਼ਵਰ ਦੇ ਵਿਚ ਵਿਸ਼ਵਾਸ਼ ਰੱਖਣਾ ਹੀ ਇਸ ਕਵਿਤਾ ਨੂੰ ਰਾਸ਼ਟਰੀ ਗੀਤ ਵਜੋਂ ਮਾਨਤਾ ਦੇ ਗਿਆ। ਅੱਜ ਨਿਊਜ਼ੀਲੈਂਡ ਬਹੁ-ਕੌਮੀ ਦੇਸ਼ ਹੈ ਅਤੇ ਇਥੇ ਬਾਕੀ ਭਾਈਚਾਰੇ ਦੇ ਨਾਲ-ਨਾਲ ਸਿੱਖਾਂ ਦੀ ਆਬਾਦੀ ਵੀ ਕਾਫੀ ਹੈ। 2018 ਦੀ ਜਨਗਣਨਾ ਅਨੁਸਾਰ 40,908 ਸਿੱਖ ਸਨ, ਪਰ ਹੁਣ ਗਿਣਤੀ ਕਿਤੇ ਵੱਧ ਹੈ। 30 ਤੋਂ ਵੱਧ ਗੁਰਦੁਆਰਾ ਸਾਹਿਬ ਵੱਖ-ਵੱਖ ਥਾਵਾਂ ਉਤੇ ਸਥਾਪਿਤ ਹਨ ਅਤੇ ਜਿੱਥੇ ‘ਵਾਹਿਗੁਰੂ’ ਦਾ ਨਾਮ ਸਵੇਰੇ ਸ਼ਾਮ ਜਪਿਆ ਜਾਂਦਾ ਹੈ । ‘ਵਾਹਿਗੁਰੂ’ ਸ਼ਬਦ ਸਿੱਖ ਧਰਮ ਦਾ ਅਹਿਮ ਸ਼ਬਦ ਹੈ। ਔਕਲੈਂਡ ਵਿਖੇ ਘਰ ਵਿਕਸਤ ਕਰਨ ਵਾਲੀ ਵਾਲੀ ਪੰਜਾਬੀਆਂ ਦੀ ਇਕ ਕੰਪਨੀ ‘ਸ਼ਨਸ਼ਾਈਨ ਹੋਮਜ਼ ਲਿਮਟਿਡ’ ਵਾਲਿਆਂ ਨੇ ਜਦੋਂ ਔਕਲੈਂਡ ਦੇ ਮਹੱਤਵਪੂਰਨ ਸ਼ਹਿਰ ਮੈਨੁਕਾਓ ਲਾਗੇ ਰੀਡਾਊਟ ਰੋਡ ਉਤੇ ਤਿੰਨ ਵੱਡੇ ਪਲਾਟ ਲੈ ਕੇ 19 ਨਵੇਂ ਘਰ ਬਨਾਉਣੇ ਸੀ ਤਾਂ ਉਨ੍ਹਾਂ ਉਥੇ ਬਣਨ ਵਾਲੀ ਨਵੀਂ ਗਲੀ ਦਾ ਨਾਂਅ ਰੱਖਣ ਲਈ ਤਿੰਨ ਨਾਂਅ ਪੇਸ਼ ਕੀਤੇ ਸੀ, ਜਿਹੜੇ ਕਿਤੇ ਨਾ ਕਿਤੇ ਜਾ ਕੇ ਉਸ ਇਕ ਵਾਹਿਗੁਰੂ ਦੀ ਯਾਦ ਦਿਵਾਉਂਦੇ ਸਨ ਅਤੇ ਸੁਨੇਹਾ ਛੱਡਦੇ ਸਨ ਕਿ ਪ੍ਰਮਾਤਮਾ ਇਕ ਹੈ। ਨਵੰਬਰ 2021 ਦੇ ਵਿਚ ਨਾਂਅ ਰੱਖਣ ਦੀ ਕੌਂਸਿਲ ਦੇ ਨਾਲ ਗੱਲ ਚੱਲੀ ਸੀ। ਵਰਨਣਯੋਗ ਹੈ ਕਿ ਨਵੀਂਆਂ ਗਲੀਆਂ ਅਤੇ ਬਣ ਰਹੀਆਂ ਸੜਕਾਂ ਨੂੰ ਨਾਂਅ ਦੇਣ ਦਾ ਅਧਿਕਾਰ ਸਥਾਨਕ ਕੌਂਸਲ ਕੋਲ ਹੁੰਦਾ ਹੈ ਤੇ ਸਥਾਨਕ ਲੋਕਲ ਬੋਰਡ ਮੁੱਖ ਭੂਮਿਕਾ ਅਦਾ ਕਰਦੇ ਹਨ। ਆਕਲੈਂਡ ਵਿੱਚ 21 ਲੋਕਲ ਬੋਰਡ ਹਨ, ਅਤੇ ਉਹਨਾਂ ਨੂੰ ਅਜਿਹੀਆਂ ਨਵੀਆਂ ਸੜਕਾਂ ਅਤੇ ਗਲੀ ਦੇ ਨਾਮ ਨੂੰ ਮਨਜ਼ੂਰੀ ਦੇਣ ਦਾ ਅੰਤਮ ਅਧਿਕਾਰ ਦਿੱਤਾ ਗਿਆ ਹੈ। ਪਾਕਿਸਤਾਨੀ ਮੂਲ ਦੇ ਪੰਜਾਬੀ ਅਤੇ ਸਾਬਕਾ ਸਾਂਸਦ ਡਾ: ਅਸ਼ਰਫ਼ ਚੌਧਰੀ, ਜੋ ਓਟਾਰਾ-ਪਾਪਾਟੋਏਟੋਏ ਦੇ ਲੋਕਲ ਬੋਰਡ ਮੈਂਬਰ ਹਨ, ਨੇ ਇਸ ਗਲੀ ਦਾ ਨਾਂਅ ਮੰਜ਼ੂਰ ਕਰਾਉਣ ਦੇ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਮੰਜ਼ੂਰੀ ਦਿਵਾਈ। ਇਸ ਗਲੀ ਦੇ ਵਿਚ ਬਣੇ ਨਵੇਂ 19 ਘਰ ਹੁਣ ‘ਹਾਊਸਿੰਗ ਨਿਊਜ਼ੀਲੈਂਡ’ ਦੇ ਕੋਲ ਹਨ ਅਤੇ ਉਥੇ ਵੱਖ-ਵੱਖ ਕੌਮਾਂ ਦੇ ਲੋਕ ਰਹਿੰਦੇ ਹਨ।

ਇਹ ਇੱਕ ਮਾਣ ਵਾਲੀ ਗੱਲ ਹੈ ਕਿ ਲੋਕਲ ਬੋਰਡ ਵਿੱਚ ਡਾ. ਅਸ਼ਰਫ਼ ਚੌਧਰੀ ਨੇ ਪਿਛਲੇ ਦੋ ਕਾਰਜਕਾਲਾਂ ਦੌਰਾਨ ਪਾਪਾਟੋਏਟੋਏ ਵਿੱਚ ਨਵੀਆਂ ਗਲੀਆਂ/ਸੜਕਾਂ ਲਈ ਘੱਟੋ-ਘੱਟ ਅੱਧੀ ਦਰਜਨ ਭਾਰਤੀ ਮੂਲ ਦੇ ਨਾਵਾਂ ਨੂੰ ਮਨਜ਼ੂਰੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਦੀਵਾਨ ਲੇਨ, ਸ਼ਾਹਕੋਟ ਵੇਅ ਅਤੇ ਦੀਪਕ ਲੇਨ ਵਰਗੇ ਨਾਂਅ ਸ਼ਾਮਲ ਹਨ। ਸਭ ਤੋਂ ਤਾਜ਼ਾ ਉਦਾਹਰਣ ਰੀਡਾਊਟ ਰੋਡ ਤੋਂ ਮੁੜਦੀ ਨਵੀਂ ਗਲੀ ਦਾ ਨਾਂਅ ‘ਵਾਹਿਗੁਰੂ ਲੇਨ’ ਰਖਵਾਉਣ ਦੀ ਹੈ।

ਡਾ: ਚੌਧਰੀ ਦਾ ਕਹਿਣਾ ਹੈ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਇਹ ਨਵੀਆਂ ਗਲੀਆਂ ਅਤੇ ਉਪਨਗਰ ਸਾਡੇ ਭਾਈਚਾਰੇ ਦੀ ਵਿਆਪਕ ਜਨਸੰਖਿਆ ਦੀਆਂ ਇੱਛਾਵਾਂ ਨੂੰ ਦਰਸਾਉਂਦੀਆਂ ਹੋਣੀਆਂ ਚਾਹੀਦੀਆਂ ਹਨ। ਬਿਲਡਿੰਗ ਉਦਯੋਗ ਵਿੱਚ ਹੁਣ ਏਸ਼ੀਆਈ ਪਿਛੋਕੜ ਵਾਲੇ ਬਹੁਤ ਸਾਰੇ ਮਾਹਿਰ ਲੋਕ ਸ਼ਾਮਿਲ ਹਨ ਉਹਨਾਂ ਨੂੰ ਇਸ ਗੱਲ ’ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਵਿੱਚ ਉਹਨਾਂ ਦੀ ਵਿਰਾਸਤ ਅਤੇ ਯੋਗਦਾਨ ਨੂੰ ਦਰਸਾਉਣ ਅਤੇ ਮਨਾਉਣ ਲਈ ਨਵੀਆਂ ਗਲੀਆਂ ਅਤੇ ਉਪਨਗਰਾਂ ਦੇ ਨਾਮ ਰੱਖੇ ਜਾਣ। ਇਸ ਲਈ, ਮੈਂ ਪ੍ਰਸਤਾਵਿਤ ਕਰਦਾ ਹਾਂ ਕਿ ਜਦੋਂ ਕੋਈ ਨਵਾਂ ਵਿਕਾਸ ਕੀਤਾ ਜਾਵੇ, ਤਾਂ ਅਜਿਹੀ ਮਾਨਤਾ ਲਈ ਆਪਣੇ ਲੋਕਲ ਬੋਰਡ ਨੂੰ ਜਰੂਰ ਪੁੱਛੋ। ‘ਵਾਹਿਗੁਰੂ ਲੇਨ’ ਨਾਂਅ ਰੱਖਣ ਉਤੇ ਉਨ੍ਹਾਂ ਪੰਜਾਬੀ ਨੌਜਵਾਨਾਂ ਤੇ ਕਮਿਊਨਿਟੀ ਨੂੰ ਵਧਾਈ ਦਿਤੀ ਹੈ।